ਰਜਨੀਸ਼ ਸਰੀਨ
ਨਵਾਂਸ਼ਹਿਰ 13 ਜਨਵਰੀ 2021 - ਅੱਜ ਕਿਰਤੀ ਕਿਸਾਨ ਯੂਨੀਅਨ ਵਲੋਂ ਰਿਲਾਇੰਸ ਸਟੋਰ ਅੱਗੇ ਨਵਾਂਸ਼ਹਿਰ ਵਿਖੇ ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ।ਇਸ ਮੌਕੇ ਸੰਬੋਧਨ ਕਰਦਿਆਂ , ਕੁਲਵਿੰਦਰ ਸਿੰਘ ਵੜੈਚ, ਜਸਬੀਰ ਦੀਪ,ਸੁਰਿੰਦਰ ਸਿੰਘ ਮਹਿਰਮਪੁਰ, ਗੁਰਦਿਆਲ ਰੱਕੜ ਨੇ ਆਖਿਆ ਕਿ ਮੋਦੀ ਸਰਕਾਰ ਨਿੱਤ ਨਵੀਆਂ ਚਾਲਾਂ ਚੱਲ ਰਹੀ ਹੈ ਪਰ ਕਿਸਾਨ ਖੇਤੀ ਕਾਨੂੰਨ ਰੱਦ ਕਰਵਾ ਕੇ ਹੀ ਦੰਮ ਲੈਣਗੇ।ਉਹਨਾਂ ਕਿਹਾ ਕਿ ਦੇਸ਼ ਦਾ ਕਿਸਾਨ ਇਹਨਾਂ ਕਾਨੂੰਨਾਂ ਦੇ ਮਾਰੂ ਅਸਰਾਂ ਤੋਂ ਪੂਰੀ ਤਰ੍ਹਾਂ ਸੁਚੇਤ ਹੋ ਚੁੱਕਾ ਹੈ।
ਆਗੂਆਂ ਨੇ ਆਖਿਆ ਕਿ ਦੁੱਲਾ ਭੱਟੀ ਕਿਸਾਨਾਂ ਦਾ ਨਾਇਕ ਹੈ ਜਿਸਨੇ ਅਕਬਰ ਦੇ ਕਿਸਾਨ ਵਿਰੋਧੀ ਹੁਕਮਾਂ ਨੂੰ ਵੰਗਾਰਦਿਆਂ ਸਾਂਦਲ ਬਾਰ ਵਿਚ ਖਾੜਕੂ ਕਿਸਾਨ ਲਹਿਰ ਖੜੀ ਕੀਤੀ।ਅੱਜ ਦਾ ਦਿਨ ਕਿਸਾਨੀ ਦੇ ਉਸ ਮਾਣਮੱਤੇ ਇਤਿਹਾਸ ਦਾ ਪ੍ਰਤੀਕ ਹੈ।ਉਹਨਾਂ ਕਿਹਾ ਕਿ ਕਿਸਾਨ ਮੋਦੀ ਸਰਕਾਰ ਦੇ ਹਰ ਜਬਰ ਦਾ ਜਵਾਬ ਦਿੰਦਿਆਂ ਦਿੱਲੀ ਮੋਰਚੇ ਵਿਚ ਡਟੇ ਹੋਏ ਹਨ।
ਇਸ ਸੰਘਰਸ਼ ਵਿਚ ਸ਼ਹੀਦ ਹੋਏ ਕਿਸਾਨਾਂ ਦੀ ਕੁਰਬਾਨੀ ਅਜਾਈਂ ਨਹੀਂ ਜਾਵੇਗੀ।ਅੰਗਰੇਜ਼ ਸਿੰਘ ਨੇ ਇਨਕਲਾਬੀ ਗੀਤ ਪੇਸ਼ ਕੀਤੇ।ਇਸ ਮੌਕੇ ਰਘਬੀਰ ਸਿੰਘ ਅਸਮਾਨ ਪੁਰ, ਰਾਜਵਿੰਦਰ ਕੌਰ, ਪਰਮਜੀਤ ਕੌਰ, ਜਸਵੀਰ ਸਿੰਘ ਮਹਾਲੋਂ, ਨਾਜਰ ਸਿੰਘ ਸਾਧੜਾ, ਜੋਗਾ ਸਿੰਘ ਮਹਿੰਦੀ ਪੁਰ, ਐਡਵੋਕੇਟ ਪਰਮਜੀਤ ਸਿੰਘ ਖੱਟੜਾ, ਐਡਵੋਕੇਟ ਪਾਖਰ ਸਿੰਘ ਚਾਹਲ, ਸੁਰਿੰਦਰ ਸਿੰਘ ਮੀਰਪੁਰੀ ਆਗੂ ਵੀ ਮੌਜੂਦ ਸਨ