ਸੰਜੀਵ ਸੂਦ
- ਭਗਵੰਤ ਮਾਨ ਨੇ ਕਿਹਾ ਕਮੇਟੀ ਨਹੀਂ ਮਨਜ਼ੂਰ ਕਾਨੂੰਨ ਕਰੇ ਰੱਦ
ਲੁਧਿਆਣਾ, 13 ਜਨਵਰੀ 2021 - ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਅੱਜ ਲੁਧਿਆਣਾ ਚ ਮੌਜੂਦ ਰਹੀ। ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਅਤੇ ਵਿਰੋਧੀ ਧਿਰ ਦੇ ਮੁੱਖ ਆਗੂ ਹਰਪਾਲ ਚੀਮਾ ਸਣੇ ਸਾਰੇ ਵਿਧਾਇਕ ਲੁਧਿਆਣਾ ਵਿੱਚ ਇਕੱਠੇ ਹੋਏ ਅਤੇ ਇਸ ਦੌਰਾਨ ਲੋਹੜੀ ਬਾਲ ਕੇ ਉਸ ਵਿੱਚ ਖੇਤੀ ਕਾਨੂੰਨ ਸਾੜ ਦਿੱਤੇ ਗਏ। ਇਸ ਦੌਰਾਨ ਦਿੱਲੀ ਕਿਸਾਨ ਅੰਦੋਲਨ ਦੇ ਵਿਚ ਜੋ ਕਿਸਾਨ ਸ਼ਹੀਦ ਹੋਏ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਲਈ ਦੋ ਮਿੰਟ ਦਾ ਮੌਨ ਵੀ ਰੱਖਿਆ ਗਿਆ। ਜਿਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਗਵੰਤ ਮਾਨ ਨੇ ਜਮ ਕੇ ਕੇਂਦਰ ਸਰਕਾਰ ਤੇ ਨਿਸ਼ਾਨੇ ਸਾਧੇ ਅਤੇ ਪੰਜਾਬ ਦੀ ਵਿਰੋਧੀ ਪਾਰਟੀਆਂ ਨੂੰ ਵੀ ਨਿਸ਼ਾਨੇ ਤੇ ਲਿਆ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਖੇਤੀ ਕਾਨੂੰਨ ਕਿਸਾਨਾਂ ਨੂੰ ਮਨਜ਼ੂਰ ਨਹੀਂ ਹਨ। ਪਰ ਕੇਂਦਰ ਸਰਕਾਰ ਧੱਕੇ ਨਾਲ ਉਹ ਕਿਸਾਨਾਂ ਨੂੰ ਦੇ ਰਹੀ ਹੈ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦਾ ਉਨ੍ਹਾਂ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਆਉਂਦੇ ਦਿਨਾਂ ਚ ਜੋ ਪਾਰਲੀਮੈਂਟ ਦੀ ਕਾਰਵਾਈ ਉਹ ਚਲਾਉਣ ਦੀ ਗੱਲ ਕਹਿ ਰਹੇ ਨੇ ਉਹ ਨਹੀਂ ਚੱਲਣ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਪਾਰਲੀਮੈਂਟ ਦੇ ਵਿੱਚ ਉਹ ਖੇਤੀ ਕਾਨੂੰਨਾਂ ਦਾ ਜੰਮ ਕੇ ਵਿਰੋਧ ਕਰਨਗੇ। ਇਸ ਦੌਰਾਨ ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਸਰਕਾਰ ਦੀ ਖੇਤੀ ਕਾਨੂੰਨਾਂ ਤੇ ਮਨਸ਼ਾ ਸਾਫ਼ ਨਹੀਂ ਹੈ ਜਦੋਂਕਿ ਕਿਸਾਨ ਲਗਾਤਾਰ ਇਸ ਦਾ ਵਿਰੋਧ ਕਰ ਰਹੇ ਨੇ। ਭਗਵੰਤ ਮਾਨ ਨੇ ਇਸ ਦੌਰਾਨ ਰਵਨੀਤ ਬਿੱਟੂ ਵੱਲੋਂ ਦਿੱਲੀ 'ਚ ਦਿੱਤੇ ਜਾ ਰਹੇ ਧਰਨਿਆਂ ਸਬੰਧੀ ਕਿਹਾ ਕਿ ਧਰਨੇ ਦਿੰਦੇ ਦਿੰਦੇ ਉਹ ਪ੍ਰਿਅੰਕਾ ਗਾਂਧੀ ਨੂੰ ਮਿਲਣ ਚਾਹ ਪੀਣ ਚਲੇ ਜਾਂਦੇ ਨੇ ਧਰਨੇ ਇਸ ਤਰ੍ਹਾਂ ਨਹੀਂ ਹੁੰਦੇ; ਨਾਲ ਹੀ ਉਨ੍ਹਾਂ ਬੀਤੇ ਦਿਨੀਂ ਸੁਖਬੀਰ ਬਾਦਲ ਵੱਲੋਂ ਕਿਸਾਨ ਧਰਨੇ ਚ ਸ਼ਹੀਦ ਹੋਏ ਕਿਸਾਨ ਅਕਾਲੀ ਦਲ ਨਾਲ ਸਬੰਧਤ ਹੋਣ ਦੀ ਗੱਲ ਤੇ ਵੀ ਕਿਹਾ ਕਿ ਕਿਸਾਨਾਂ ਤੇ ਸੁਖਬੀਰ ਬਾਦਲ ਨੂੰ ਸਿਆਸਤ ਨਹੀਂ ਕਰਨੀ ਚਾਹੀਦੀ ਆਪਣੇ ਆਪ ਨੂੰ ਨਹੀਂ ਚਮਕਾਉਣਾ ਚਾਹੀਦਾ।ਇਸ ਦੇ ਨਾਲ ਹੀ ਭਗਵੰਤ ਮਾਨ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਸਰਕਾਰ ਦੀ ਮਨਸ਼ਾ ਬਿਲਕੁੱਲ ਵੀ ਸਾਫ ਨਹੀਂ ਹੈ ਅਤੇ ਜਿੱਥੇ ਜਿੱਥੇ ਇਹ ਲਾਗੂ ਹੋਏ ਨੇ ਉੱਥੇ ਕਿਸਾਨ ਘਾਟੇ ਵੱਲ ਚੱਲ ਰਹੇ ਨੇ ।
ਉਧਰ ਇਸ ਦੌਰਾਨ ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਕੋਈ ਵੀ ਕਿਸਾਨ ਸੁਪਰੀਮ ਕੋਰਟ ਦੇ ਵਿਚ ਨਹੀਂ ਗਿਆ ਉਨ੍ਹਾਂ ਕਿਹਾ ਕਿ ਇਨ੍ਹਾਂ ਨੇ ਆਪਣੇ ਹੀ ਲੋਕਾਂ ਤੋਂ ਪਟੀਸ਼ਨ ਦਾਇਰ ਕਰਵਾ ਕੇ ਆਪਣੇ ਆਪ ਹੀ ਫ਼ੈਸਲਾ ਲੈ ਲਿਆ ਅਤੇ ਉਸ ਤੋਂ ਬਾਅਦ ਕਮੇਟੀ ਬਣਾ ਦਿੱਤੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਵਿਰੋਧ ਤੋਂ ਬਚ ਕੇ ਨਹੀਂ ਜਾ ਸਕਦੇ ਉਨ੍ਹਾਂ ਦਾ ਵਿਰੋਧ ਲਗਾਤਾਰ ਜਾਰੀ ਰਹੇਗਾ।