ਰਾਜਵੰਤ ਸਿੰਘ
- ਸਾਡਾ ਇਕੋ-ਇੱਕ ਮਕਸਦ ਖੇਤੀ ਕਾਨੂੰਨ ਰੱਦ ਕਰਵਾਉਣਾ - ਡੱਲੇਵਾਲ
ਸ੍ਰੀ ਮੁਕਤਸਰ ਸਾਹਿਬ, 14 ਜਨਵਰੀ 2021-ਭਾਵੇਂ ਇਸ ਵਾਰ ਮੇਲਾ ਮਾਘੀ ਮੌਕੇ ਕਿਸੇ ਪਾਰਟੀ ਵੱਲੋਂ ਸਿਆਸੀ ਕਾਨਫਰੰਸ ਨਹੀਂ ਕੀਤੀ ਗਈ, ਪਰ ਫ਼ਿਰ ਵੀ ਮੇਲੇ ਦੌਰਾਨ ਸ਼ਹਿਰ ਦੇ ਇੱਕ ਪਾਸੇ ਵਿਸ਼ਾਲ ਇਕੱਠ ਵੇਖਣ ਨੂੰ ਮਿਲਿਆ, ਜੋ ਕਿ ਕਿਸਾਨ ਜਥੇਬੰਦੀਆਂ ਵੱਲੋਂ ਕੀਤਾ ਗਿਆ ਸੀ। ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋ ਮਲੋਟ ਰੋਡ ’ਤੇ ਵਿਸ਼ਾਲ ਇਕੱਠ ਕੀਤਾ ਜਿਸ ਵਿੱਚ ਯੂਨੀਅਨ ਦੇ ਪੰਜਾਬ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਪਹੁੰਚੇ।
ਇਸ ਮੌਕੇ ਵੱਡੀ ਗਿਣਤੀ ’ਚ ਖੇਤਰ ਦੇ ਕਿਸਾਨਾਂ ਨੇ ਵੀ ਸ਼ਿਰਕਤ ਕੀਤੀ। ਇਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਜਿੱਥੇ 26 ਜਨਵਰੀ ਨੂੰ ਕਿਸਾਨਾਂ ਨੂੰ ਦਿੱਲੀ ਟਰੈਕਟਰ ਮਾਰਚ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ, ਉਥੇ ਹੀ ਕਿਹਾ ਕਿ ਸਾਡਾ ਇਕੋ-ਇੱਕ ਮਕਸਦ ਤਿੰਨੋ ਖੇਤੀ ਕਾਨੂੰਨ ਰੱਦ ਕਰਵਾਉਣਾ ਹੈ। ਡੱਲੇਵਾਲ ਨੇ ਕਿਹਾ ਕਿ ਅੰਦੋਲਨ ਹੁਣ ਤੱਕ ਕਿਸਾਨੀ ਅੰਦੋਲਨ ਸ਼ਾਂਤਮਈ ਰਿਹਾ ਤੇ ਅੱਗੇ ਵੀ ਰਹੇਗਾ। ਉਨ੍ਹਾਂ ਕਿਹਾ ਕਿ ਕਿਸਾਨ 15 ਜਨਵਰੀ ਦੀ ਸਰਕਾਰ ਨਾਲ ਮੀਟਿੰਗ ਵਿੱਚ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਜਾਣਗੇ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਵੱਲੋ ਬਣਾਈ ਕਮੇਟੀ ਵਿੱਚ ਜੋ ਚਾਰ ਵਿਅਕਤੀ ਹਨ,ਜੋ ਕਿ ਸਰਕਾਰ ਪੱਖੀ ਹੀ ਹਨ, ਜਦੋਂਕਿ ਕਿਸਾਨ ਜਥੇਬੰਦੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਕਮੇਟੀ ਸਵੀਕਾਰ ਨਹੀਂ।
ਉਨ੍ਹਾਂ ਕਿਹਾ ਕਿ ਕੁੱਝ ਸ਼ਰਾਰਤੀ ਅਨਸਰ ਅੰਦੋਲਨ ਨੂੰ ਭੜਕਾਉਣਾ ਚਾਹੁੰਦੇ ਹਨ ਜਾਂ ਅੰਦੋਲਨ ਨੂੰ ਹੋਰ ਪਾਸੇ ਲਿਜਾਣਾ ਚਾਹੁੰਦੇ ਹਨ, ਪਰ ਸਾਰੀਆਂ ਜਥੇਬੰਦੀਆਂ ਇਸ ਗੱਲ ’ਤੇ ਸਹਿਮਤ ਹਨ ਕਿ ਅੰਦੋਲਨ ਪੂਰੀ ਤਰ੍ਹਾਂ ਸ਼ਾਂਤਮਈ ਤਰੀਕੇ ਨਾਲ ਉਦੋ ਤੱਕ ਚੱਲੇਗਾ, ਜਦ ਤੱਕ ਇਹ ਕਾਲੇ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ। ਡੱਲੇਵਾਲ ਨੇ ਖਦਸ਼ਾ ਜਾਹਿਰ ਕੀਤਾ ਕਿ ਅਸੀਂ ਸੁਪਰੀਮ ਕੋਰਟ ਦੀ ਕਮੇਟੀ ਨੂੰ ਸਵੀਕਾਰ ਨਹੀਂ ਕੀਤਾ, ਇਸ ਲਈ ਹੋ ਸਕਦਾ ਸਾਡੇ ’ਤੇ ਕੋਰਟ ਦੀ ਉਲੰਘਣਾ ਦਾ ਮਾਮਲਾ ਕੀਤਾ ਜਾਵੇ ਅਤੇ ਸਾਨੂੰ ਆਗੂਆਂ ਨੂੰ ਜੇਲ੍ਹ ’ਚ ਭੇਜਿਆ ਜਾਵੇ, ਪਰ ਅੰਦੋਲਨ ਫਿਰ ਵੀ ਚੱਲੇਗਾ ਅਤੇ ਸ਼ਾਂਤਮਈ ਚੱਲੇਗਾ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਸਾਡੀ ਜਿੱਤ ਪੱਕੀ ਹੈ ਤੇ ਅਸੀ ਪੂਰੀ ਤਰ੍ਹਾਂ ਸਬਰ-ਸੰਤੋਖ ਅਤੇ ਸ਼ਾਂਤੀ ਨਾਲ ਜਿੱਤ ਪ੍ਰਾਪਤ ਕਰਨੀ ਹੀ ਹੈ।