ਅਸ਼ੋਕ ਵਰਮਾ
ਬਠਿੰਡਾ, 25 ਨਵੰਬਰ 2020: ਜਮਹੂਰੀ ਅਧਿਕਾਰ ਸਭਾ ਇਕਾਈ ਬਠਿੰਡਾ ਦੇ ਸੱਦੇ ਤੇ ਜਨਤਕ ਜਮਹੂਰੀ ਜਥੇਬੰਦੀਆਂ ਨੇ ਵੱਖ ਵੱਖ ਜਮਹੂਰੀ ਕਾਰਕੁੰਨਾਂ ਦੇ ਘਰਾਂ ’ਚ ਪੁਲਿਸ ਵੱਲੋਂ ਦਬਿਸ਼ ਦੇ ਕੇ ਵੇਰਵੇ ਇਕੱਤਰ ਕਰਨ ਨੂੰ ਗੈਰਕਾਨੂੰਨੀ ਕਾਰਵਾਈ ਕਰਾਰ ਦਿੰਦਿਆਂ ਇਸ ਵਰਤਾਰੇ ਖਿਲਾਫ 29 ਨਵੰਬਰ ਨੂੰ ਰੋਸ ਮੁਜਾਹਰਾ ਕਰਨ ਦਾ ਐਲਾਨ ਕੀਤਾ ਹੈ। ਜਮਹੂਰੀ ਅਧਿਕਾਰ ਸਭਾ ਦੇ ਆਗੂ ਬੱਗਾ ਸਿੰਘ, ਪਿ੍ਰਤਪਾਲ ਸਿੰਘ ਅਤੇ ਡਾ ਅਜੀਤਪਾਲ ਸਿੰਘ ਦੇ ਘਰੀਂ ਪੁਲਸ ਦੇ ਮੁਲਾਜਮ ਗਏ ਅਤੇ ਇਹਨਾਂ ਦੀ ਮੁਜਰਮਾਂ ਵਾਂਗ ਨਿੱਜੀ, ਪਰਿਵਾਰਕ ਅਤੇ ਰਿਸ਼ਤੇਦਾਰੀਆਂ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਘਰਾਂ ਦੇ ਨਕਸ਼ੇ ਬਣਾਏ ਹਨ ਜੋ ਇਸ ਵਿਰੋਧ ਦਾ ਕਾਰਨ ਬਣੇ ਹਨ। ਇਹੋ ਹੀ ਨਹੀਂ ਸਭਾ ਦੀ ਆਗੂ ਪੁਸ਼ਪਲਤਾ,ਕਹਾਣੀਕਾਰ ਅਤਰਜੀਤ ਅਤੇ ਲੋਕ ਮੋਰਚਾ ਦੇ ਆਗੂ ਸੁਖਵਿੰਦਰ ਸਿੰਘ ਨੂੰ ਵੀ ਪੁਲਸ ਨੇ ਅਜਿਹੀ ਹੀ ਜਾਣਕਾਰੀ ਮੁਹਈਆ ਕਰਾਉਣ ਲਈ ਕਿਹਾ ਸੀ। ਸਭਾ ਦੇ ਪ੍ਰੈਸ ਸਕੱਤਰ ਡਾ ਅਜੀਤਪਾਲ ਸਿੰਘ ਨੇ ਦੱਸਿਆ ਕਿ ਪੁਲਸ ਮੁਲਾਜਮਾਂ ਨੇ ਮੰਨਿਆ ਕਿ ਇਹਨਾਂ. ਆਗੂਆਂ ਖਿਲਾਫ ਕੋਈ ਵੀ ਕਾਰਵਾਈ ਪੁਲਸ ਰਿਕਾਰਡ ਵਿਚ ਪੈਂਡਿੰਗ ਨਹੀਂ ਹੈ ਫਿਰ ਵੀ ਉਹਨਾਂ ਦੇ ਘਰਾਂ ’ਚ ਪੁਲਿਸ ਨੇ ਛਾਪੇਮਾਰੀ ਵਰਗਾ ਮਹੌਲ ਬਣਾਇਆ ਗਿਆ ਜੋ ਕਿ ਸਿੱਧੇ ਰੂਪ ’ਚ ਜਮਹੂਰੀ ਅਧਿਕਾਰਾਂ ਦੀ ਉਲੰਘਣਾ ਹੈ।
ਮੀਟਿੰਗ ਨੂੰ ਸਬੋਧਨ ਕਰਦਿਆਂ ਜਿਲਾ ਪ੍ਧਾਨ ਪਿ੍ੰ ਬੱਗਾ ਸਿੰਘ ਨੇ ਕਿਹਾ ਕਿ ਸਮਾਜਕ ਕਾਰਕੁੰਨਾਂ ਦੀ ਗੈਰਕਾਨੂੰਨੀ ਅਤੇ ਗੈਰਜਮਹੂਰੀ ਪੁੱਛ-ਪੜਤਾਲ ਪਿੱਛੇ ਪੁਲਸ ਦੇ ਇਰਾਦੇ ਨੇਕ ਨਹੀਂ ਹਨ। ਦਰਅਸਲ ਮੁਲਾਜਮ, ਮਜ਼ਦੂਰ, ਕਿਸਾਨ ਅਤੇ ਹੋਰ ਜਥੇਬੰਦੀਆ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਡਟਵਾਂ ਵਿਰੋਧ ਕਰਦੀਆਂ ਹਨ ਤਾਂ ਹੁਣ ਕਿਰਤੀਆਂ ਕਿਸਾਨਾਂ, ਵਪਾਰੀਆਂ ਅਤੇ ਮੁਲਾਜਮਾਂ ਦੇ ਹਿੱਤਾਂ ‘ਤੇ ਹਮਲਾ ਕਰਨ ਵਾਲੇ ਕਾਨੂੰਨ ਪਾਸ ਕੀਤੇ ਜਾ ਰਹੇ ਹਨ। ਉਹਨਾਂ ਆਖਿਆ ਕਿ ਪੁਲਸ ਵੱਲੋਂ ਨਿਸ਼ਾਨਾ ਬਣਾਏ ਆਗੂ ਇਹਨਾਂ ਨੀਤੀਆਂ ਖਿਲਾਫ ਅਵਾਜ਼ ਉਠਾਉਣ ਵਾਲੀਆਂ ਜਥੇਬੰਦੀਆਂ ‘ਚ ਮੋਹਰੀ ਰੋਲ ਨਿਭਾਉਂਦੇ ਆ ਰਹੇ ਹਨ ਅਤੇ ਉਹਨਾਂ ਨੇ ਹੁਣ ਚਲ ਰਹੇ ਕਿਸਾਨ ਅੰਦੋਲਨ ਦੀ ਵੀ ਹਮਾਇਤ ਕੀਤੀ ਹੈ।
ਜਨਰਲ ਸਕੱਤਰ ਪਿਰਤਪਾਲ ਸਿੰਘ ਨੇ ਦੱਸਿਆ ਕਿ ਜਮਹੂਰੀਅਤ ਦਾ ਨਕਾਬ ਉਤਾਰ ਕੇ ਨੰਗਾ ਚਿੱਟਾ ਪੁਲਸੀਆਂ ਰਾਜ ਸਿਰਜਿਆ ਜਾ ਰਿਹਾ ਹੈ ਅਤੇ ਇਸ ਦਾ ਵਿਰੋਧ ਕਰਨ ਵਾਲੇ ਲੇਖਕਾਂ, ਕਲਾਕਾਰਾਂ, ਬੁੱਧੀਜੀਵੀਆਂ, ਸੰਘਰਸ਼ੀਲ ਤਬਕਿਆਂ ਨੂੰ ਝੂਠੇ ਕੇਸਾਂ ਰਾਹੀਂ ਜੇਲਾਂ ਅੰਦਰ ਡੱਕਿਆ ਜਾ ਰਿਹਾ ਹੈ। ਉਹਨਾਂ ਆਖਿਆ ਕਿ ਪੁਲਸ ਕਿਸੇ ਵੀ ਵਿਅਕਤੀ ਨੂੰ ਨਿਯਮਾਂ ਅਨੁਸਾਰ ਪੁੱਛ-ਪੜਤਾਲ ਵਾਸਤੇ ਲਿਖਤੀ ਸੰਮਨ/ਰੁੱਕਾ ਜਾਂ ਨੋਟਿਸ ਭੇਜ ਕੇ ਪੜਤਾਲ ‘ਚ ਸ਼ਾਮਲ ਕਰ ਸਕਦੀ ਹੈ ਪਰ ਬੇਦਾਗ ਜਨਤਕ ਜੀਵਨ ਬਤੀਤ ਕਰਨ ਵਾਲੇ ਨਾਗਰਿਕਾਂ ਦੇ ਘਰਾਂ ਵਿਚ ਗੈਰਕਾਨੂੰਨੀ ਤਰੀਕੇ ਨਾਲ ਧਾੜਵੀਆਂ ਦੀ ਤਰਾਂ ਪੁਲਿਸ ਫੇਰੀਆਂ ਪਾ ਰਹੀ ਹੈ। ਉਹਨਾਂ ਆਖਿਆ ਕਿ ਅਸਲ ’ਚ ਸਰਕਾਰ ਦੀ ਇਸ ਪਿੱਛੇ ਮਨਸ਼ਾ ਆਪਣੇ ਵਿਰੋਧੀਆਂ ਨੂੰ ਝੂਠੇ ਕੇਸਾਂ ਵਿਚ ਉਲਝਾਉਣ ਲਈ ਜਮੀਨ ਤਿਆਰ ਕਰਨਾ ਹੈ। ਉਹਨਾਂ ਦੱਯਆ ਕਿ ਇਸ ਧੱਕੇਸ਼ਾਹੀ ਖਿਲਾਫ ਲੋਕਾਂ ਨੂੰ ਜੋਰਦਾਰ ਅਵਾਜ ਬੁਲੰਦ ਕਰਨ ਦਾ ਸੱਦਾ ਦਿੰਦਿਆਂ ਆਗੂਆਂ ਨੇ 29 ਨਵੰਬਰ ਨੂੰ ਸਵੇਰੇ 11 ਵਜੇ ਸ਼ਹਿਰ ਵਿੱਚ ਜਬਰਦਸਤ ਰੋਸ ਮੁਜਾਹਰਾ ਕਰਨ ਦਾ ਐਲਾਨ ਕੀਤਾ ਹੈ।