ਨਵੀਂ ਦਿੱਲੀ, 26 ਨਵੰਬਰ 2020 - ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਦਿੱਲੀ ਵਿਖੇ ਪ੍ਰਦਰਸ਼ਨ ਕਰਨ ਲਈ ਕਿਸਾਨ ਲਗਾਤਾਰ ਦਿੱਲੀ ਵੱਲ ਕੂਚ ਕਰ ਰਹੇ ਹਨ। ਇਸ ਦੌਰਾਨ ਕਿਸਾਨ ਹਰਿਆਣਾ ਦੇ ਬਾਰਡਰ ਟੱਪ ਕੇ ਕਰਨਾਲ ਦੇ ਘਰੌਂਡਾ ਨੇੜੇ ਪਹੁੰਚ ਗਏ ਹਨ। ਜਿੱਥੇ ਕਿਸਾਨਾਂ ਵੱਲੋਂ ਘਰੌਂਡਾ ਮੰਡੀ ਵਿੱਚ ਰਾਤ ਕੱਟੀ ਜਾਵੇਗੀ ਅਤੇ ਇੱਥੇ ਹੀ ਰਾਤ ਨੂੰ ਕਿਸਾਨਾਂ ਵੱਲੋਂ ਵਿਚਾਰ-ਚਰਚਾ ਕਰਕੇ ਅਗਲੀ ਰਣਨੀਤੀ ਘੜੀ ਜਾਵੇਗੀ ਅਤੇ ਕੱਲ੍ਹ ਨੂੰ ਫਿਰ ਤੋਂ ਕਿਸਾਨਾਂ ਵੱਲੋਂ ਦਿੱਲੀ ਵੱਲ ਕੂਚ ਕੀਤਾ ਜਾਵੇਗਾ।
ਅੱਜ ਸਵੇਰ ਤੋਂ ਹੀ ਕਿਸਾਨ ਅੰਦੋਲਨ ਦੇ ਚੱਲਦਿਆਂ ਦਿੱਲੀ ਵੱਲ ਕੂਚ ਕਰ ਰਹੇ ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਸਰਕਾਰ ਵੱਲੋਂ ਪੰਜਾਬ -ਹਰਿਆਣਾ -ਦਿੱਲੀ ਦੇ ਬਾਰਡਰ ਸੀਲ ਕੀਤੇ ਗਏ, ਪਰ ਕਿਸਾਨ ਪੁਲਿਸ ਬੈਰੀਕੇਡ ਤੋੜ ਕੇ ਅੱਗੇ ਵੱਧ ਗਏ ਹਨ।
ਕਿਸਾਨਾਂ ਨੂੰ ਰੋਕਣ ਹਰਿਆਣਾ ਸਰਕਾਰ ਅਤੇ ਦਿੱਲੀ ਪੁਲਿਸ ਵੱਲੋਂ ਦਿੱਲੀ ਦਾ ਸਿੰਘੂ ਬਾਰਡਰ ਸੀਲ ਕੀਤਾ ਗਿਆ ਹੈ ਅਤੇ ਤਿੰਨ ਲੇਅਰ ਸੁਰੱਖਿਆ ਤਾਇਨਾਤ ਕੀਤੀ ਗਈ ਹੈ। ਇਸ ਦੌਰਾਨ ਸਿੰਘੂ ਬਾਰਡਰ ਵਿਖੇ ਸੜਕ ‘ਤੇ ਮੋਟੀਆਂ ਕਿੱਲਾਂ, ਮਿੱਟੀ ਦੇ ਟਿੱਪਰ, ਪੱਥਰ, ਭਾਰੀ ਪੁਲਿਸ ਬਲ ਨਾਲ ਤਾਇਨਾਤ ਕੀਤੇ ਗਏ ਹਨ।