- ਸਰਕਾਰ ਕਿਸਾਨਾਂ ਨਾਲ ਦੁਸ਼ਮਣਾ ਵਾਲਾ ਵਿਵਹਾਰ ਕਰ ਰਹੀ ਹੈ
- ਦੇਸ਼ ਨੂੰ ਤਾਨਾਸ਼ਾਹਾਂ ਵਾਂਗ ਚਲਾਇਆ ਜਾ ਰਿਹੈ
- ਜਲ ਤੋਪਾਂ ਲੋਕਤੰਤਰੀ ਰੋਸ ਪ੍ਰਦਰਸ਼ਨਾਂ ਦੀ ਅੱਗ ਨੂੰ ਠਾਰ ਨਹੀਂ ਸਕਦੀਆਂ
ਚੰਡੀਗੜ੍ਹ, 26 ਨਵੰਬਰ 2020 - ਸ਼੍ਰੋਮਣੀ ਅਕਾਲੀ ਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਹਾਰਿਆਣਾ ਦੀ ਭਾਜਪਾ ਸਰਕਾਰ ਤੇ ਕੇਂਦਰ ਸਰਕਾਰ ਦੀ ਇਸ ਗੱਲੋ ਜ਼ੋਰਦਾਰ ਨਿਖੇਧੀ ਕੀਤੀ ਕਿ ਸੰਵਿਧਾਨ ਦਿਵਸ 'ਤੇ ਉਹਨਾਂ ਨੇ ਸ਼ਾਂਤੀਪੂਰਨ ਤੇ ਲੋਕਤੰਤਰੀ ਢੰਗ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨਾਲ ਗਲਤ ਤਰੀਕੇ ਪੇਸ਼ ਆਈਆਂ ਹਨ। ਉਹਨਾਂ ਕਿਹਾ ਕਿ ਮੈਂ ਅੱਜ ਹਰਿਆਣਾ ਵਿਚ ਕਿਸਾਨਾਂ ਖਿਲਾਫ ਅਪਣਾਈਆਂ ਦਮਨਕਾਰੀ ਨੀਤੀਆਂ ਦੀ ਜ਼ੋਰਦਾਰ ਨਿਖੇਧੀ ਕਰਦਾ ਹਾਂ। ਉਹਨਾਂ ਕਿਹਾਕਿ ਜਲ ਤੋਪਾਂ ਅਨਿਆਂ ਖਿਲਾਫ ਰੋਸ ਪ੍ਰਦਰਸ਼ਨਾਂ ਦੀ ਲੋਕਤੰਤਰੀ ਅੱਗ ਨੂੰ ਠੰਢਾ ਨਹੀਂ ਕਰ ਸਕਦੀਆਂ।
ਉਹਨਾਂ ਕਿਹਾ ਕੇਂਦਰ ਤੇ ਹਰਿਆਣਾ ਸਰਕਾਰ ਨੂੰ ਦੋਸ਼ੀ ਠਹਿਰਾਉਂਦਿਆਂ ਕਿਹਾ ਕਿ ਮੋਦੀ ਸਰਕਾਰ ਪੰਜਾਬ ਨਾਲ ਇਸ ਤਰੀਕੇ ਪੇਸ਼ ਆ ਰਹੀ ਹੈ ਜਿਵੇਂ ਉਹ ਦੇਸ਼ ਦਾ ਹਿੱਸਾ ਹੀ ਨਾ ਹੋਵੇ। ਉਹਨਾਂ ਕਿਹਾ ਕਿ ਕੀ ਅਸੀਂ ਭਾਰਤ ਦਾ ਹਿੱਸਾ ਨਹੀਂ ਹਾਂ ? ਉਹਨਾਂ ਕਿਹਾ ਕਿ ਕੀ ਕਿਸਾਨ, ਵਪਾਰੀ ਹੋਰ ਆਮ ਪੰਜਾਬੀ ਭਾਰਤੀ ਨਹੀਂ ਹਨ ?
ਦੇਸ਼ ਵਿਚ ਪਿਛਲੇ ਸਮੇਂ ਦੌਰਾਨ ਦਮਨਕਾਰੀ ਨੀਤੀਆਂ ਵਿਚ ਹੋਏ ਵਾਧੇ ਦੀ ਗੱਲ ਕਰਦਿਆਂ ਸ੍ਰੀ ਬਾਦਲ ਨੇ ਕਿਹਾ ਕਿ ਉਹ ਦੇਸ਼ 'ਤੇ ਇਸ ਤਰੀਕੇ ਰਾਜ ਕਰ ਰਹੇ ਹਨ ਜਿਵੇਂ ਤਾਨਾਸ਼ਾ ਹੋਣ। ਉਹਨਾਂ ਕਿਹਾ ਕਿ ਇਹ ਦੇਸ਼ ਲਈ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਜਿਸ ਦਿਨ ਨੂੰ ਅਸੀਂ ਸੰਵਿਧਾਨ ਨੂੰ ਅਪਣਾਉਣ ਦੇ ਦਿਨ ਵਜੋਂ ਮਨਾਉਂਦੇ ਹਾਂ ਉਸੇ ਦਿਨ ਦੇਸ਼ ਦੇ ਸੰਵਿਧਾਨ ਦੀਆਂ ਧੱਜੀਆਂ ਉਹਨਾਂ ਲੋਕਾਂ ਨੇ ਉਡਾਈਆਂ ਜਿਹਨਾਂ ਸਿਰ ਸੰਵਿਧਾਨ ਦੀ ਰਾਖੀ ਕਰਨ ਤੇ ਇਸਨੂੰ ਇੰਨ ਬਿੰਨ ਲਾਗੂ ਕਰਨ ਦੀ ਜ਼ਿੰਮੇਵਾਰੀ ਹੈ।
ਬਾਦਲ ਨੇ ਅੱਜ ਦੁਪਹਿਰ ਅੰਮ੍ਰਿਤਸਰ ਵਿਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਨਾਲ ਕਿੜ ਕੱਢਣ ਲਈ ਸਿਆਸੀ ਬਦਲਾਖੋਰੀ ਦੇ ਇਰਾਦੇ ਨਾਲ ਦੂਜੀ ਆਰਥਿਕ ਖੜੋਤ ਲਿਆ ਰਿਹਾ ਹੈ ਤੇ ਇਸ ਨਾਲ ਹਰ ਪੰਜਾਬੀ ਭਾਵੇਂ ਉਹ ਵਪਾਰੀ ਹੋਵੇ, ਉਦਯੋਗਪਤੀ ਹੋਵੇ, ਕਿਸਾਨ ਹੋਵੇ ਜਾਂ ਮੁਲਾਜ਼ਮ ਹੋਵੇ 'ਤੇ ਮਾਰੂ ਅਸਰ ਪਵੇਗਾ।
ਬਾਦਲ ਨੇ ਕਿਹਾ ਕਿ ਕੇਂਦਰ ਤੇ ਹਰਿਆਣਾ ਦੋਵੇਂ ਸਰਕਾਰਾਂ ਨੂੰ ਦੋਸ਼ੀ ਠਹਿਰਾਉਂਦਿਆਂ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਉਸ ਤਰੀਕੇ ਪੇਸ਼ ਆਏ ਹਨ ਜਿਵੇਂ ਕਿ ਉਹਨਾਂ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਹਦਾਇਤਾਂ ਕੀਤੀਆਂ ਤੇ ਉਸੇ ਤਰੀਕੇ ਹੀ ਉਹਨਾਂ ਨੇ ਦੇਸ਼ ਦੇ ਅੰਨਦਾਤਾ ਨਾਲ ਵਿਵਹਾਰ ਕੀਤਾ ਜਿਵੇਂ ਉਹ ਦੇਸ਼ ਦੇ ਦੁਸ਼ਮਣ ਹੋਣ। ਉਹਨਾਂ ਕਿਹਾ ਕਿ ਇਹ ਬਹੁਤ ਦੀ ਦੁਖਦਾਈ ਗੱਲ ਹੈ ਕਿ ਜੋ 1982 ਵਿਚ ਹੋਇਆ ਉਹੀ ਦੁਹਰਾਇਆ ਗਿਆ ਹੈ। ਉਹਨਾਂ ਕਿਹਾ ਕਿ ਉਸ ਵੇਲੇ ਇੰਦਰਾ ਗਾਂਧੀ ਦੇ ਕਹਿਣ 'ਤੇ ਭਜਨ ਲਾਲ ਨੇ ਏਸ਼ੀਆਈ ਖੇਡਾਂ ਦੇ ਜੇਤੂਆਂ ਸਮੇਤ ਸ਼ਾਂਤੀਪੂਰਨ ਰੋਸ ਪ੍ਰਗਟਾ ਰਹੇ ਕਿਸਾਨਾਂ ਤੇ ਆਮ ਪੰਜਾਬੀਆਂ ਨੂੰ ਰੋ ਕੇ ਜ਼ਲੀਲ ਕੀਤਾ ਸੀ ਤੇ ਹੁਣ ਮਨੋਹਰ ਲਾਲ ਖੱਟਰ ਨੇ ਕੀਤਾ ਹੈ।
ਬਾਦਲ ਨੇ ਮੁੜ ਦੁਹਰਾਇਆ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੇ ਇਸ ਸੰਘਰਸ਼ ਵਿਚ ਪੂਰੀ ਤਰੀਕੇ, ਪੂਰੇ ਦਿਲ ਨਾਲ ਤੇ ਪੂਰੀ ਸਰਗਰਮੀ ਨਾਲ ਉਹਨਾਂ ਦੇ ਨਾਲ ਹੈ। ਉਹਨਾਂ ਕਿਹਾ ਕਿ ਉਹਨਾਂ ਦੀ ਪਾਰਟੀ ਦੁਨੀਆਂ ਦੀ ਅਜਿਹੀ ਇਕਲੌਤੀ ਕਿਸਾਨ ਜਥੇਬੰਦੀ ਹੈ ਜਿਸ ਵਿਚ ਹਰ ਅਕਾਲੀ ਇਕ ਕਿਸਾਨ ਹੈ। ਉਹਨਾਂ ਨੇ ਪਾਰਟੀ ਦੇ ਹਰ ਮੈਂਬਰ ਨੂੰ ਹਦਾਇਤ ਕੀਤੀ ਕਿ ਉਹ ਕਿਸਾਨੀ ਸੰਘਰਸ਼ ਨੂੰ ਕਾਮਯਾਬ ਬਣਾਉਣ ਵਾਸਤੇ ਕੰਮ ਕਰਨ। ਉਹਨਾਂ ਨੇ ਸ਼੍ਰੋਮਣੀ ਕਮੇਟੀ ਤੇ ਦਿੱਲੀ ਗੁਰਦੁਆਰਾ ਕਮੇਟੀ ਨੂੰ ਮੁੜ ਅਪੀਲ ਕੀਤੀ ਕਿ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਲੋੜੀਂਦੀ ਹਰ ਸਹਾਇਤਾ ਪ੍ਰਦਾਨ ਕੀਤੀ ਜਾਵੇ।
ਅਕਾਲੀ ਆਗੂ ਨੇ ਲੋੜ ਵੇਲੇ ਕਿਸਾਨਾਂ ਨੂੰ ਇੱਕਲਾ ਛੱਡਣ 'ਤੇ ਪੰਜਾਬਦੇ ਮੁੱਖ ਮੰਤਰੀ ਦੀ ਵੀ ਨਿਖੇਧੀ ਕੀਤੀ ਤੇ ਕਿਹਾ ਕਿ ਕਿਸਾਨਾਂ ਦਾ ਮਸਲਾ ਇਕ ਕੌਮੀ ਮਸਲਾ ਹੈ ਤੇ ਕੈਪਟਨ ਅਮਰਿੰਦਰ ਸਿੰਘ ਤੇ ਮਨੋਹਰ ਲਾਲ ਖੱਟਰ ਦੋਹਾਂ ਨੂੰ ਰਲ ਕੇ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਸੀ ਨਾ ਕਿ ਘਰ ਬੈਠ ਕੇ ਹੋਰ ਮਸਲਿਆਂ ਵਿਚ ਜਾਂ ਕਿਸਾਨਾਂ ਦਾ ਸੰਘਰਸ਼ ਰੋਕਣ ਵਾਸਤੇ ਕੰਮ ਕਰਨਾ ਚਾਹੀਦਾ ਸੀ ਕਿਉਂਕਿ ਕਿਸਾਨਾਂ ਦਾ ਸੰਘਰਸ਼ ਨਿਆਂ ਖਾਤਰ ਲੜਿਆ ਜਾ ਰਿਹਾ ਸੰਵਿਧਾਨਕ ਸੰਘਰਸ਼ ਹੈ।
ਬਾਦਲ ਨੇ ਇਹ ਵੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨ ਸੰਗਠਨਾਂ ਦੀਆਂ ਇੱਛਾਵਾਂ ਤੇ ਭਾਵਨਾਵਾਂ ਦਾ ਪੂਰਾ ਸਤਿਕਾਰ ਕਰਦਾ ਹੈ ਤੇ ਇਸੇ ਲਈ ਉਸਨੇ ਮਸਲੇ 'ਤੇ ਕੋਈ ਵੱਖਰਾ ਸਿਆਸੀ ਪ੍ਰੋਗਰਾਮ ਨਹੀਂ ਦਿੱਤਾ ਬਲਕਿ ਅਸੀਂ ਕਿਸਾਨਾਂ ਦੀ ਅਗਵਾਈ ਹੇਠ ਚੱਲੇ ਹਾਂ ਤੇ ਜੋ ਵੀ ਹੁਕਮ ਉਹ ਸਾਨੂੰ ਦੇਣਗੇ, ਅਸੀਂ ਉਸਦੀ ਪਾਲਣਾ ਕਰਾਂਗੇ। ਉਹਨਾਂ ਕਿਹਾ ਕਿ ਅਸੀਂ ਕਿਸਾਨਾਂ ਲਈ ਨਿਆਂ ਚਾਹੁੰਦੇ ਹਾਂ ਕਿਉਂਕਿ ਕਿਸਾਨ ਸਾਡੇ ਨਾਲ ਹਨ।
ਉਹਨਾਂ ਕਿਹਾ ਕਿ ਕਿਸਾਨਾਂ ਦੇ ਮਸਲੇ ਨੇ ਸਿਆਸੀ ਵੰਡੀਆਂ ਖਤਮ ਕੀਤੀਆਂ ਹਨ ਇਸ ਨਾਂਲ ਸਿਰਫ ਕਿਸਾਨ ਹੀ ਨਹੀਂ ਬਲਕਿ ਹਰ ਭਾਰਤੀ ਪ੍ਰਭਾਵਤ ਹੋਇਆ ਹੈ ਕਿਉਂਕਿ ਅੰਨਦਾਤਾ ਹਰ ਕਿਸੇ ਲਈ ਅਨਾਜ ਦਿੰਦਾ ਹੈ। ਉਹਨਾਂ ਕਿਹਾ ਕਿ ਮੈਂ ਸਾਰੀਆਂ ਪਾਰਟੀਆਂ, ਸੰਗਠਨਾਂ ਤੇ ਵਿਕਅਤੀਆਂ ਨੁੰ ਅਪੀਲ ਕਰਦਾ ਹਾਂ ਕਿ ਉਹ ਸਿਆਸੀ ਤੇ ਵਿਚਾਰਧਾਰਕ ਵੱਖਰੇਵਿਆ ਤੋਂ ਉਪਰ ਉਠ ਕੇ ਕਸੂਤੇ ਫਸੇ ਕਿਸਾਨਾਂ ਨਾਲ ਇਕਜੁੱਟ ਹੋ ਕੇ ਲੜਾਈ ਲੜਨ।