ਨਵੀਂ ਦਿੱਲੀ, 28 ਨਵੰਬਰ 2020 - ਕਿਸਾਨੀ ਸੰਘਰਸ਼ ਉੱਤੇ ਹੋ ਰਹੀ 'ਟਵੀਟ ਵਾਰ' ਤੋਂ ਬਾਅਦ ਅੱਜ ਜਿੱਥੇ ਹਰਿਆਣਾ ਦੇ ਸੀਐਮ ਨੇ ਇਸ ਧਰਨੇ ਪ੍ਰਦਰਸ਼ਨਾਂ ਨੂੰ ਪੰਜਾਬ ਜਿੰਮੇ ਲਾਇਆ ਅਤੇ ਸੰਘਰਸ਼ ਵਿੱਚ ਕੋਈ ਹਰਿਆਣੇ ਦੇ ਕਿਸਾਨ ਦੇ ਸ਼ਾਮਿਲ ਨਾ ਹੋਣ ਦਾ ਦਾਅਵਾ ਕੀਤਾ ਹੈ। ਉੱਥੇ ਹੀ ਕੈਪਟਨ ਅਮਰਿੰਦਰ ਨੇ ਖੱਟਰ ਨੂੰ ਤਿੱਖਾ ਜਵਾਬ ਦਿੰਦਿਆਂ ਹਰਿਆਣਾ ਦੇ ਮੁੱਖ ਮੰਤਰੀ ਨਾਲ ਕੋਈ ਗੱਲਬਾਤ ਨਾ ਕਰਨ ਦੀ ਗੱਲ ਆਖੀ ਹੈ। ਨਿਊਜ਼ 18 ਚੈਨਲ ਉੱਤੇ ਇੱਕ ਇੰਟਰਵਿਊ ਦੌਰਾਨ ਕੈਪਟਨ ਖੱਟਰ 'ਤੇ ਜੰਮ ਕੇ ਵਰ੍ਹੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਖੱਟੜ ਕਿਸਨਾਂ ਤੋਂ ਮੁਆਫੀ ਨਾ ਮੰਗ ਲੈਣ ਉਦੋਂ ਤੱਕ ਉਹ ਖੱਟਰ ਨਾਲ ਕੋਈ ਵੀ ਗੱਲ ਨਹੀਂ ਕਰਨਗੇ। ਕੈਪਟਨ ਨੇ ਇਸ ਲਾਈਵ ਇੰਟਰਵਿਊ ਦੌਰਾਨ ਅੰਕੜੇ ਦਿਖਾਉਂਦਿਆਂ ਕਿਹਾ ਕਿ ਹਰਿਆਣਾ ਵਿੱਚ 40 ਤੋਂ 50 ਹਜ਼ਾਰ ਦੀ ਗਿਣਤੀ 'ਚ ਕਿਸਾਨਾਂ ਨੇ ਇਸ ਅੰਦੋਲਨ 'ਚ ਹਿੱਸਾ ਲਿਆ ਹੈ। ਕੈਪਟਨ ਨੇ ਕਿਹਾ ਹੈ ਕਿ ਖੱਟਰ ਸੱਚ ਕਹਿਣ ਦੀ ਥਾਂ ਝੂਠ ਬੋਲ ਰਹੇ ਹਨ ਅਤੇ ਉਹ ਹੁਣ, 'ਇਹੋ ਜਿਹੇ ਬੰਦੇ ਨਾਲ ਗੱਲ ਨਹੀਂ ਕਰਨਗੇ'।
ਪੰਜਾਬ ਤੋਂ 26 ਤਾਰੀਕ ਨੂੰ ਦਿੱਲੀ ਵੱਲ ਵਧੇ ਕਿਸਾਨਾਂ ਦੇ ਵੱਡੇ ਇਕੱਠ ਤੋਂ ਬਾਅਦ ਖੱਟਰ ਸਰਕਾਰ ਉੱਤੇ ਕਾਫੀ ਤਰ੍ਹਾਂ ਦੇ ਸਵਾਲ ਖੜ੍ਹੇ ਹੋਏ ਨੇ, ਸ਼ਾਂਤਮਈ ਤਰੀਕੇ ਨਾਲ ਦਿੱਲੀ ਕੂਚ ਕਰ ਰਹੇ ਕਿਸਾਨਾਂ 'ਤੇ ਖੱਟੜ ਸਰਕਾਰ ਦੁਆਰਾ ਜਲ ਤੋਪਾਂ, ਹੰਝੂ ਗੈਸ ਦੇ ਗੋਲੇ ਅਤੇ ਤਗੜੀ ਬੈਰੀਕੇਡਿੰਗ ਕਰਕੇ ਇਸ ਸੰਘਰਸ਼ ਨੂੰ ਦੱਬਣ ਕੋਸ਼ਿਸ਼ ਕੀਤੀ ਗਈ। ਪਰ ਕਿਸਾਨ ਹਿੰਮਤ 'ਤੇ ਜ਼ਜਬੇ ਨਾਲ ਦਿੱਤੀ ਪਹੁੰਚ ਹੀ ਗਏ।