- ਮੁਲਕ ਦੇ ਕਿਸਾਨਾਂ ਮਜ਼ਦੂਰਾਂ ਨੂੰ ਪੱਕੇ ਮੋਰਚੇ 'ਚ ਸ਼ਾਮਲ ਹੋਣ ਦਾ ਸੱਦਾ
ਨਵੀਂ ਦਿੱਲੀ/ਚੰਡੀਗੜ੍ਹ 28 ਨਵੰਬਰ 2020 - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੂੰ ਅੱਜ ਬਾਅਦ ਦੁਪਹਿਰ ਫੋਨ ਕਰਕੇ ਬਰਾੜੀ ਪਾਰਕ 'ਚ ਪ੍ਰਦਰਸ਼ਨ ਕਰਨ ਦੀ ਕੀਤੀ ਅਪੀਲ ਉਗਰਾਹਾਂ ਨੇ ਰੱਦ ਕਰਦਿਆਂ ਜੰਤਰ ਮੰਤਰ ਉੱਤੇ ਹੀ ਪ੍ਰਦਰਸ਼ਨ ਕਰਨ ਦਾ ਖੋਹਿਆ ਹੱਕ ਬਹਾਲ ਕਰਨ ਦੀ ਮੰਗ ਕੀਤੀ। ਜੋਗਿੰਦਰ ਸਿੰਘ ਉਗਰਾਹਾਂ ਨੇ ਦਿੱਲੀ ਵਿੱਚ ਅੱਜ਼ ਤੋਂ ਪੱਕਾ ਮੋਰਚਾ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ। ਉਹਨਾਂ ਐਲਾਨ ਕੀਤਾ ਕਿ ਉਹ ਕਿਸਾਨਾਂ ਦੀਆਂ ਮੰਗਾਂ ਦੇ ਅੰਤਿਮ ਨਿਪਟਾਰੇ ਤੱਕ ਸੰਘਰਸ਼ ਜਾਰੀ ਰੱਖਣਗੇ।
ਉਗਰਾਹਾਂ ਨੇ ਕਿਹਾ ਉਹਨਾਂ ਦੇ ਕਾਫਲੇ 'ਚ ਹਜ਼ਾਰਾਂ ਔਰਤਾਂ ਤੇ ਨੌਜਵਾਨਾਂ ਸਮੇਤ ਜਿਵੇਂ ਲੱਖਾਂ ਕਿਸਾਨ ਪਹੁੰਚੇ ਹਨ ਇਸ ਹਾਲਤ ਵਿੱਚ ਉਹ ਦਿੱਲੀ ਦੀ ਘੇਰਾਬੰਦੀ ਕਰਨ ਦੇ ਸਮਰੱਥ ਹਨ, ਪਰ ਆਮ ਲੋਕਾਂ ਨੂੰ ਆਉਣ ਵਾਲੀਆਂ ਭਾਰੀ ਮੁਸ਼ਕਲਾਂ ਨੂੰ ਮੱਦੇਨਜ਼ਰ ਰੱਖਦਿਆ ਉਹ ਦਿੱਲੀ ਦੇ ਅੰਦਰ ਜੰਤਰ ਮੰਤਰ ਉਤੇ ਹੀ ਪੱਕਾ ਮੋਰਚਾ ਲਾਉਣਗੇ। ਉਹਨਾਂ ਮੁਲਕ ਦੇ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਉਹ ਦਿੱਲੀ ਵਿਚਲੇ ਪੱਕੇ ਮੋਰਚੇ ਦਾ ਸਾਥ ਦੇਣ ਲਈ ਵਧ ਚੜ੍ਹਕੇ ਸ਼ਾਮਲ ਹੋਣ। ਕਿਸਾਨ ਆਗੂ ਝੰਡਾ ਸਿੰਘ ਜੇਠੂਕੇ ਨੇ ਪੰਜਾਬ ਦੇ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਉਹ ਦਿੱਲੀ ਵੱਲ ਕੂਚ ਕਰਨ ਵਾਲੀ ਲੜੀ ਨੂੰ ਟੁੱਟਣ ਨਾ ਦੇਣ। ਉਹਨਾਂ ਪੇਂਡੂ ਖੇਤ ਮਜ਼ਦੂਰਾਂ ਅਤੇ ਸ਼ਹਿਰੀ ਗਰੀਬਾਂ ਨੂੰ ਵੀ ਸੱਦਾ ਦਿੱਤਾ ਕਿ ਉਹ ਸੰਘਰਸ਼ ਵਿੱਚ ਸ਼ਾਮਲ ਹੋਣ ਲਈ ਤਿਆਰੀਆਂ ਤੇਜ਼ ਕਰ ਲੈਣ।
ਉਹਨਾਂ ਐਲਾਨ ਕੀਤਾ ਕਿ ਜਿੱਥੇ ਸਾਰੇ ਕਾਲ਼ੇ ਕਾਨੂੰਨ ਰੱਦ ਕਰਵਾਉਣਾ ਉਹਨਾਂ ਦੀ ਮੁਢਲੀ ਮੰਗ ਹੈ ਉਥੇ ਮੁਲਕ ਦੇ ਸਾਰੇ ਸੂਬਿਆਂ ਲਈ ਸਾਰੀਆਂ ਖੇਤੀ ਫਸਲਾਂ ਦੀ ਸਰਕਾਰੀ ਖਰੀਦ ਅਤੇ ਘੱਟੋ-ਘੱਟ ਸਮਰਥਨ ਮੁੱਲ ਨੂੰ ਸੰਵਿਧਾਨਕ ਹੱਕ ਬਨਾਉਣਾ ਅਤੇ ਸਰਵਜਨਕ ਜਨਤਕ ਵੰਡ ਪ੍ਰਣਾਲੀ ਨੂੰ ਕਾਨੂੰਨੀ ਦਰਜ਼ਾ ਦਿਵਾਉਣਾ ਵੀ ਬੇਹੱਦ ਅਹਿਮ ਹੈ।
ਬੀਕੇਯੂ ਏਕਤਾ ਉਗਰਾਹਾਂ ਦੇ ਇਸਤਰੀ ਵਿੰਗ ਦੀ ਸੂਬਾ ਆਗੂ ਹਰਿੰਦਰ ਕੌਰ ਬਿੰਦੂ ਨੇ ਦੱਸਿਆ ਕਿ ਦਿੱਲੀ ਪੱਕੇ ਮੋਰਚੇ ਵਿੱਚ ਸ਼ਾਮਲ ਹੋ ਰਹੀਆਂ ਹਜ਼ਾਰਾਂ ਔਰਤਾਂ ਚੜ੍ਹਦੀ ਕਲਾ ਵਿਚ ਹਨ। ਉਹਨਾਂ ਪੰਜਾਬ ਦੀਆਂ ਔਰਤਾਂ ਨੂੰ ਸੱਦਾ ਦਿੱਤਾ ਕਿ ਉਹ ਕਾਰਪੋਰੇਟ ਅਦਾਰਿਆਂ ਅਤੇ ਭਾਜਪਾ ਆਗੂਆਂ ਦੇ ਘਰਾਂ ਦੀ ਘੇਰਾਬੰਦੀ ਨੂੰ ਸਰਗਰਮੀ ਨਾਲ ਜ਼ਾਰੀ ਰੱਖਣ ਦੀ ਜ਼ਿੰਮੇਵਾਰੀ ਮੁੱਖ ਤੌਰ 'ਤੇ ਆਪਣੇ ਮੋਢਿਆਂ 'ਤੇ ਚੁੱਕਣ ਲਈ ਅੱਗੇ ਆਉਣ।
ਇਹ ਵੀ ਦੱਸਣਯੋਗ ਹੈ ਕਿ ਜੋਗਿੰਦਰ ਸਿੰਘ ਉਗਰਾਹਾਂ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਦੀ ਅਪੀਲ ਰੱਦ ਕਰਨ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਦੀ ਕਿਸਾਨ ਆਗੂ ਨਾਲ ਗੱਲਬਾਤ ਕਰਾਉਣ ਦੀ ਭੂਮਿਕਾ ਨਿਭਾ ਰਹੇ ਪੰਜਾਬ ਦੇ ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ ਵੱਲੋਂ ਵੀ ਜੋਗਿੰਦਰ ਸਿੰਘ ਉਗਰਾਹਾਂ ਨਾਲ ਫੋਨ ਰਾਹੀਂ ਗੱਲ-ਬਾਤ ਕੀਤੀ ਗਈ।
ਉਹਨਾਂ ਕਿਸਾਨ ਆਗੂ ਨੂੰ ਕੇਂਦਰੀ ਗ੍ਰਹਿ ਮੰਤਰੀ ਨਾਲ ਉਨ੍ਹਾਂ ਦੇ ਪੰਜ ਮੈਂਬਰੀ ਵਫਦ ਦੀ ਖੇਤੀ ਬਿੱਲਾਂ ਸਬੰਧੀ ਮੀਟਿੰਗ ਕਰਾਉਣ ਦਾ ਸੱਦਾ ਵੀ ਦਿੱਤਾ। ਜਿਆਣੀ ਦੇ ਸੱਦੇ ਦੇ ਜਵਾਬ ਵਿੱਚ ਜੋਗਿੰਦਰ ਸਿੰਘ ਉਗਰਾਹਾਂ ਨੇ ਆਖਿਆ ਕਿ ਪੰਜਾਬ 'ਚ ਉਹਨਾਂ ਦੀ ਜਥੇਬੰਦੀ ਬੀਕੇਯੂ ਏਕਤਾ ਉਗਰਾਹਾਂ, ਤੀਹ ਕਿਸਾਨ ਜਥੇਬੰਦੀਆਂ ਦਾ ਪਲੇਟਫਾਰਮ ਅਤੇ ਸਤਨਾਮ ਸਿੰਘ ਪੰਨੂ ਦੀ ਅਗਵਾਈ ਵਾਲੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸਮੇਤ ਤਿੰਨ ਪਲੇਟਫਾਰਮ ਸੰਘਰਸ਼ ਕਰ ਰਹੇ ਹਨ ਇਸ ਲਈ ਇਹਨਾਂ ਤਿੰਨਾਂ ਪਲੇਟਫਾਰਮਾਂ ਨੂੰ ਸਰਕਾਰ ਵੱਲੋਂ ਬਾਕਾਇਦਾ ਗੱਲ ਬਾਤ ਦਾ ਸੱਦਾ ਭੇਜੇ ਬਿਨਾਂ ਉਹ ਇੱਕਲੇ ਗੱਲਬਾਤ ਨਹੀਂ ਕਰਨਗੇ। ਉਹਨਾਂ ਸ੍ਰੀ ਜਿਆਣੀ ਤੋਂ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਤੋਂ ਪਹਿਲਾਂ ਕੇਂਦਰ ਸਰਕਾਰ ਦੀ ਤਰਫੋਂ ਆਪਣੀ ਠੋਸ ਤਜਵੀਜ਼ ਭੇਜਣ ਦੀ ਮੰਗ ਵੀ ਕੀਤੀ।