ਰਜਨੀਸ਼ ਸਰੀਨ
ਨਵਾਂਸ਼ਹਿਰ, 29 ਨਵੰਬਰ 2020 - ਜਮਹੂਰੀ ਅਧਿਕਾਰ ਸਭਾ ਨੇ ਸੰਘਰਸ਼ੀਲ ਕਿਸਾਨਾਂ ਉੱਤੇ ਵਰਤੇ ਜਾਣ ਵਾਲੇ ਅੱਥਰੂ ਗੈਸ ਦੇ ਗੋਲਿਆਂ ਨੂੰ ਘਾਤਕ ਕੈਮੀਕਲ ਹਥਿਆਰ ਕਰਾਰ ਦਿੰਦਿਆਂ ਇਸ ਦੀ ਵਰਤੋਂ ਉੱਤੇ ਫੌਰੀ ਤੌਰ ਉੱਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ। ਅੱਜ ਇਥੇ ਗੱਲਬਾਤ ਕਰਦਿਆਂ ਸਭਾ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਕੱਤਰ ਜਸਬੀਰ ਦੀਪ ਨੇ ਆਖਿਆ ਹੈ ਕਿ ਜਿਥੇ ਸਭਾ ਪੁਲਸ ਦੇ ਹੋਰ ਜਾਬਰ ਢੰਗਾਂ ਦੀ ਨਿੰਦਾ ਕਰਦੀ ਹੈ ਉਥੇ ਅੱਥਰੂ ਗੈਸ ਦੀ ਲੋਕਾਂ ਉੱਤੇ ਵਰਤੋਂ ਕਰਨ ਨੂੰ ਵੀ ਗੈਰ ਮਨੁੱਖੀ ਕਾਰਾ ਕਰਾਰ ਦਿੰਦੀ ਹੈ ।ਉਹਨਾਂ ਕਿਹਾ ਕਿ ਇਸ ਰਸਾਇਣ ਦੀ ਖੋਜ ਅਮਰੀਕਾ ਦੇ ਵਿਗਿਆਨੀਆਂ ਨੇ 1928 ਵਿਚ ਕੀਤੀ ਸੀ।
ਜਦੋਂ ਇਕ ਡੱਬੇ ਅੰਦਰ ਇਸ ਪਾਉਡਰ ਨੂੰ ਗੈਸ ਵਾਲੇ ਪਦਾਰਥ ਨਾਲ ਮਿਲਾ ਦਿੱਤਾ ਜਾਂਦਾ ਹੈ ਤਾਂ ਫਿਰ ਇਹ ਬਣਦਾ ਹੈ ਅੱਥਰੂ ਬੰਬ ।ਜਦ ਇਹ ਬੰਬ ਫਟਦਾ ਹੈ ਤਾਂ ਸੀ ਐੱਸ ਗੈਸ ਨਿਕਲਦੀ ਹੈ। ਜਦ ਇਹ ਪਾਉਡਰ ਹਵਾ ਵਿਚ ਜਾਂਦਾ ਹੈ ,ਨਮੀਂ ਲੱਭਦਾ ਹੈ ।ਜਿੱਥੇ ਉਸਨੂੰ ਨਮੀਂ ਮਿਲਦੀ ਹੈ ਉੱਥੇ ਮਿਕਸ ਹੋ ਜਾਂਦਾ ਹੈ। ਇਹ ਵਿਅਕਤੀ ਦੀਆਂ ਅੱਖਾਂ ਦੇ ਪਾਣੀ, ਮੂੰਹ ਦੀ ਲਾਰ,ਨੱਕ ਦੀ ਨਮੀਂ, ਚਮੜੀ ਦੇ ਪਸੀਨੇ ਰਾਹੀਂ ਸਰੀਰ ਵਿਚ ਸ਼ਾਮਲ ਹੋਕੇ ਸਪੈਸਫਿਕ ਰਿਸੈਪਟਰ ਉੱਤੇ ਹਮਲਾ ਕਰਦਾ ਹੈ। ਉਹ ਰਿਸੈਪਟਰ ਜੋ ਸਾਡੇ ਦਿਮਾਗ ਨੂੰ ਦਰਦ ਵਾਲਾ ਸਿਗਨਲ ਭੇਜਦੇ ਹਨ। ਫਿਰ ਸਰੀਰ ਜਲਦੀ ਤੋਂ ਜਲਦੀ ਇਸ ਦਰਦ ਤੋਂ ਛੁਟਕਾਰਾ ਚਾਹੁੰਦਾ ਹੈ। ਅੱਥਰੂ ਵਗਦੇ ਹਨ, ਖਾਂਸੀ ਆਉਂਦੀ ਹੈ। ਨੱਕ ਅਤੇ ਗਲ ਵਿਚ ਦਰਦ ਹੁੰਦਾ ਹੈ। ਸਾਹ ਦੇ ਮਰੀਜ਼ ਅਤੇ ਬੱਚਿਆਂ ਲਈ ਇਹ ਵਧ ਘਾਤਕ ਹੈ। ਬੱਚਿਆਂ ਦੇ ਸਾਹ ਲੈਣ ਦੀ ਪ੍ਰਕਿਰਿਆ ਦੂਸਰੇ ਉਮਰ ਵਰਗ ਦੇ ਵਿਅਕਤੀਆਂ ਨਾਲੋਂ ਵਧ ਤੇਜ ਹੁੰਦੀ ਹੈ।
ਇਕ ਸਮੇਂ ਜਾਕੇ ਇਹ ਸਵਾਲ ਖੜ੍ਹਾ ਹੋ ਗਿਆ ਕਿ ਯੁੱਧ ਵਿਚ ਇਸਦੀ ਇਜਾਜ਼ਤ ਹੋਵੇ ਜਾਂ ਨਾ। 1997 ਵਿਚ ਵੱਖ ਵੱਖ ਦੇਸ਼ਾਂ ਦੀ 'ਰਸਾਇਣਕ ਹਥਿਆਰ ਕਨਵੈਨਸ਼ਨ ' ਹੋਈ ਜਿਸ ਵਿਚ ਇਸ ਗੈਸ ਦੀ ਯੁੱਧ ਵਿਚ ਵਰਤੋਂ ਕਰਨ ਉੱਤੇ ਪਾਬੰਦੀ ਲਗਾ ਦਿੱਤੀ। ਉਹਨਾਂ ਕਿਹਾ ਕਿ ਯੁੱਧਾਂ ਵਿਚ ਤਾਂ ਇਸ ਗੈਸ ਦੀ ਵਰਤੋਂ ਦੀ ਮਨਾਹੀ ਕਰ ਦਿੱਤੀ ਗਈ ਪਰ ਸਾਡੇ ਦੇਸ਼ ਦੀਆਂ ਸਮੇਂ ਸਮੇਂ ਦੀਆਂ ਸਰਕਾਰਾਂ ਆਪਣੇ ਹੀ ਸੰਘਰਸਸ਼ੀਲ ਲੋਕਾਂ ਉੱਤੇ ਇਸਦੀ ਖੁਲਕੇ ਵਰਤੋਂ ਕਰਦੀਆਂ ਆ ਰਹੀਆਂ ਹਨ। ਇਸਦੀ ਤਾਜਾ ਤੇ ਨਿੰਦਣਯੋਗ ਉਦਾਹਰਣ ਹਾਲ ਹੀ ਵਿਚ ਕਿਸਾਨਾਂ ਉੱਤੇ ਮੋਦੀ ਸਰਕਾਰ ਅਤੇ ਹਰਿਆਣਾ ਦੀ ਖੱਟੜ ਸਰਕਾਰ ਵੱਲੋਂ ਖੁਲਕੇ ਵਰਤੀ ਗਈ ਅੱਥਰੂ ਗੈਸ ਹੈ।