- ਫਾਇਨੈਂਸ਼ਲ ਗਰੁੱਪ ਦੁਆਰਾ ਕਿਸਾਨਾਂ ਦੀ ਮਦਦ ਅਤੇ ਲੰਗਰ ਲਈ ਖਾਲਸਾ ਏਡ ਨੂੰ ਭੇਜੇ 25 ਲੱਖ ਰੁਪਏ
ਯਾਦਵਿੰਦਰ ਸਿੰਘ ਤੂਰ
ਚੰਡੀਗੜ੍ਹ, 29 ਨਵੰਬਰ 2020 - ਆਪਣੀਆਂ ਮੰਗਾਂ ਮਨਵਾਉਣ ਖਾਤਿਰ ਕਰੀਬ 2 ਮਹੀਨੇ ਤੋਂ ਵੱਧ ਪੰਜਾਬ ਅੰਦਰ ਤੇ 26 ਤਰੀਕ ਤੋਂ ਦਿੱਲੀ ਦੇ ਬਾਰਡਰ 'ਤੇ ਡਟੇ ਪੂਰੇ ਭਾਰਤ 'ਚੋਂ ਪਹੁੰਚੇ ਕਿਸਾਨਾਂ ਦੀ ਮਦਦ ਅਤੇ ਲੰਗਰ ਲਈ ਕੈਨੇਡਾ ਦੇ "ਵਰਲਡ ਫਾਇਨੈਂਸ਼ਲ ਗਰੁੱਪ" ਦੇ ਰਾਜਾ ਧਾਲੀਵਾਲ ਅਤੇ ਐਗਜ਼ੈਕਟਿਵ ਟੀਮ ਵੱਲੋਂ ਕਰੀਬ ਪੰਜਾਹ ਹਜ਼ਾਰ ਡਾਲਰ (25 ਲੱਖ ਰੁਪਏ) ਲੰਗਰ ਕਾਰਜਾਂ ਲਈ ਭੇਟ ਕੀਤੇ ਗਏ ਹਨ।
ਇਸ ਬਾਰੇ ਅੰਤਰਰਾਸ਼ਟਰੀ ਹਾਕੀ ਖਿਡਾਰੀ ਜਸਬੀਰ ਸਿੰਘ ਸਰਾਂ ਨੇ ਫੋਨ ਰਾਹੀਂ ਗੱਲ ਕਰਦਿਆਂ ਦੱਸਿਆ ਕਿ ਕੈਨੇਡਾ ਦੇ ਵਰਲਡ ਫਾਇਨੈਂਸ਼ਲ ਗਰੁੱਪ ਵੱਲੋਂ ਰਵੀ ਸਿੰਘ ਖ਼ਾਲਸਾ ਏਡ ਰਾਹੀਂ ਲੰਗਰਾਂ ਵਾਸਤੇ ਇਹ ਸੇਵਾ ਭੇਜੀ ਗਈ ਹੈ। ਰਾਜਾ ਧਾਲੀਵਾਲ ਨੇ ਵੀਡੀੳ ਕਾਨਫਰੰਸਿੰਗ ਰਾਹੀਂ ਵੀਡੀੳ ਸੰਦੇਸ਼ ਜਾਰੀ ਕਰਦਿਆਂ ਕਿਹਾ ਕਿ, ਗੁਰੂ ਨਾਨਕ ਸਾਹਿਬ ਦੇ ਸਿਧਾਂਤ ਨੂੰ ਸਮਰਪਿਤ ਹੋ ਕੇ ਇਹ ਕਾਰਜ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਨਾਲ ਡਟ ਕੇ ਖੜ੍ਹੇ ਹਨ ਅਤੇ ਆਰਥਿਕ, ਭਾਈਚਾਰਕ ਅਤੇ ਸਿਆਸੀ ਇਮਦਾਦ ਵਾਸਤੇ ਵੀ ਆਵਾਜ਼ ਬੁਲੰਦ ਕਰਨਗੇ।