ਹਰਜਿੰਦਰ ਸਿੰਘ ਬਸਿਆਲਾ
- ਅੰਤਰਰਾਸ਼ਟਰੀ ਟੀ-20 ਮੈਚ 'ਚ ਪਹੁੰਚੇ ਕਿਸਾਨ ਪੁੱਤਰ
- ਟੌਰੰਗਾ ਵਿਖੇ ਨਿਊਜ਼ੀਲੈਂਡ ਅਤੇ ਵੈਸਟ ਇੰਡੀਜ਼ ਟੀ-20 ਦੇ ਆਖਰੀ ਮੈਚ ਦੌਰਾਨ ਕਿਸਾਨਾਂ ਦੇ ਹੱਕ ਵਿਚ ਨਿਤਰੇ ਮੁੰਡੇ
ਔਕਲੈਂਡ, 30 ਨਵੰਬਰ 2020 - ਨਿਊਜ਼ੀਲੈਂਡ ਜਿੱਥੇ ਕੋਰੋਨਾ ਦੇ ਮਾੜੇ ਪ੍ਰਭਾਵ ਤੋਂ ਆਪਣਾ ਬਚਾਅ ਕਰਕੇ ਬਚਿਆ ਹੋਇਆ ਹੈ ਉਥੇ ਅੰਤਰਰਾਸ਼ਰੀ ਕ੍ਰਿਕਟ ਅਤੇ ਹੋਰ ਖੇਡਾਂ ਹੋਣ ਕਰਕੇ ਖੇਡ ਪ੍ਰੇਮੀਆਂ ਦੀ ਖਿੱਚ ਦਾ ਕਾਰਨ ਵੀ ਬਣਿਆ ਹੋਇਆ ਹੈ। ਇਸ ਵੇਲੇ ਇਥੇ ਬਲੈਕ ਕੈਪ (ਨਿਊਜ਼ੀਲੈਂਡ ਰਾਸ਼ਟਰੀ ਟੀਮ) ਅਤੇ ਵੈਸਟ ਇੰਡੀਜ਼ ਦਰਮਿਆਨ ਤਿੰਨ ਮੈਚ ਟੀ-20 ਦੇ ਖੇਡੇ ਜਾ ਰਹੇ ਸਨ ਅਤੇ ਅੱਜ ਆਖਰੀ ਮੈਚ ਮਾਊਂਟ ਮਾਉਂਗਾਨੂਈ (ਟੌਰੰਗਾ) ਵਿਖੇ ਸੀ। ਇਹ ਮੈਚ ਭਾਵੇਂ ਭਾਰੀ ਬਾਰਿਸ਼ ਕਾਰਨ ਰੱਦ ਕਰਨਾ ਪੈ ਗਿਆ ਪਰ ਨਿਊਜ਼ੀਲੈਂਡ ਨੇ ਇਹ ਸੀਰੀਜ 2-0 ਦੇ ਨਾਲ ਜਿੱਤ ਲਈ ਸੀ।
ਜਿਵੇਂ ਨਿਊਜ਼ੀਲੈਂਡ ਨੇ ਇਹ ਸੀਰੀਜ ਜਿੱਤ ਕੇ ਆਪਣੇ ਨਾਂਅ ਕੀਤੀ ਉਵੇਂ ਹੀ ਅੱਜ ਤਿੰਨ ਕੁ ਦਰਜਨ ਪੰਜਾਬੀ ਮੁੰਡਿਆਂ ਨੇ ਪੰਜਾਬ ਦੇ ਕਿਸਾਨੀ ਸੰਘਰਸ਼ ਦੇ ਹੱਕ ਵਿਚ ਨਿੱਤਰ ਕੇ ਅਤੇ ਪੋਸਟਰ ਲਹਿਰਾ ਕੇ ਸੰਘਰਸ਼ ਕਰ ਰਹੇ ਕਿਸਾਨਾਂ ਦਾ ਦਿਲ ਜਿੱਤ ਲਿਆ। ਕਿਸਾਨ ਪੁੱਤਰ ਵਰਿੰਦਰ ਸਿੰਘ ਸੰਧੂ ਪਿੰਡ ਮੱਖੀ ਕਲਾਂ (ਤਰਨਤਾਰਨ) ਅਤੇ ਖੁਸ਼ ਦੁਸਾਂਝ ਵਾਸੀ ਉਤਰ ਪ੍ਰਦੇਸ਼ ਜੋ ਕਿ ਆਪਣੀ ਪੜ੍ਹਾਈ ਤੋਂ ਬਾਅਦ ਕੰਮ ਰਹੇ ਹਨ, ਨੇ ਆਪਣੀ ਹਿੰਮਤ ਦੇ ਮੁਤਾਬਿਕ 20-25 ਰੰਗਦਾਰ ਪੋਸਟਰ ਪ੍ਰਿੰਟ ਕਰਵਾ ਕੇ ਆਪਣੇ ਸਾਥੀ ਮੁੰਡਿਆਂ ਦੇ ਨਾਲ ਮੈਚ ਦੇ ਵਿਚ ਲਹਿਰਾ ਦਿੱਤੇ।
ਮੈਨਜਮੈਂਟ ਅਤੇ ਸਕਿਉਰਿਟੀ ਦੀ ਸਲਾਹ 'ਤੇ ਇਹ ਨੌਜਵਾਨ ਫਿਰ ਓਪਨ ਸਟੇਡੀਅਮ ਦੇ ਬਾਹਰ ਜਾ ਕੇ ਵੱਡਾ ਪ੍ਰਦਰਸ਼ਨ ਸ਼ਾਂਤਮਈ ਤਰੀਕੇ ਨਾਲ ਕਰ ਗਏ। ਬਾਹਰੇ ਪਾਸੇ ਕਾਫੀ ਪੰਜਾਬੀ ਮੁੰਡੇ ਇਕੱਠੇ ਹੋ ਗਏ, ਕਿਸਾਨ ਏਕਤਾ ਅਤੇ ਕਿਸਾਨੀ ਸੰਘਰਸ਼ ਦੇ ਨਾਅਰੇ ਲਾਏ ਅਤੇ ਭਾਰਤ ਸਰਕਾਰ ਦੇ ਕਿਸਾਨੀ ਬਿਲ ਦੇ ਵਿਰੋਧ ਵਿਚ ਮਨ ਦੀ ਭੜਾਸ ਕੱਢ ਲਈ। ਇਨ੍ਹਾਂ ਪੰਜਾਬੀ ਲੜਕਿਆਂ ਦਾ ਜੋਸ਼ ਵੇਖਿਆ ਹੀ ਬਣਦਾ ਸੀ। ਭਾਰਤ ਸਰਕਾਰ ਤੱਕ ਆਪਣਾ ਰੋਸ ਪੁਜਾਉਣ ਦੇ ਲਈ ਇਨ੍ਹਾਂ ਪੰਜਾਬੀ ਮੁਡਿਆਂ ਦੀ ਦਾਦ ਦੇਣੀ ਬਣਦੀ ਹੈ। ਸ਼ਾਬਾਸ਼! ਪੰਜਾਬੀਓ...ਉਸ ਕਾਨੂੰਨ ਦਾ ਵਿਰੋਧ ਜਰੂਰ ਕਰੋ ਜਿਹੜਾ ਤੁਹਾਡੇ ਫਾਇਦੇ ਵਿੱਚ ਨਹੀਂ।