ਅਸ਼ੋਕ ਵਰਮਾ
ਮਾਨਸਾ, 30 ਨਵੰਬਰ 2020 - ਮੋਦੀ ਸਰਕਾਰ, ਭਾਰਤੀ ਜੰਤਾ ਪਾਰਟੀ ਅਤੇ ਕਾਰਪੋਰੇਟ ਘਰਾਣਿਆਂ ਵੱਲੋਂ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਸੰਘਰਸ਼ ਦਾ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਕੀਤੇ ਜਾ ਰਹੇ ਕੂੜ ਪ੍ਰਚਾਰ ਦੇ ਟਾਕਰੇ ’ਚ ‘ਟਰੈਕਟਰ ਟੂ ਟਵਿੱਟਰ’ ਮੁਹਿੰਮ ਚਲਾਉਣ ਦਾ ਐਲਾਨ ਕਰਦਿਆਂ ਪਹਿਲੀ ਦਸੰਬਰ ਤੋਂ ਵੱਖ ਵੱਖ ਜੱਥੇਬੰਦੀਆਂ ਸਮਾਰਟ ਫੋਨ ਵਰਤਣ ਵਾਲਿਆਂ ਨੂੰ ਟਵਿੱਟਰ ਐਪ ਡਾਊਨਲੋਢ ਕਰਵਾਕੇ ਕਿਸਾਨ ਸੰਘਰਸ਼ ਦੇ ਹੱਕ ’ਚ ਡਟਣ ਲਈ ਪ੍ਰੇਰਿਤ ਕਰਨਗੀਆਂ। ਸੰਵਿਧਾਨ ਬਚਾਓ ਮੰਚ ਦੇ ਆਗੂ ਗੁਰਲਾਭ ਸਿੰਘ ਮਾਹਲ ਨੇ ਦੱਸਿਆ ਕਿ ਕਿਸਾਨਾਂ ਖਿਲਾਫ ਕੂੜ ਪ੍ਰਚਾਰ ਨੂੰ ਨਿਸ਼ਾਨਾ ਬਨਾਉਣ ਲਈ ਲੁਧਿਆਣਾ ਤੋਂ ਭਵਜੀਤ ਸਿੰਘ, ਡਾ. ਅਮਨਦੀਪ ਸਿੰਘ ਬੈਂਸ ਅਤੇ ਸੋਸ਼ਲ ਮੀਡੀਆ ਦੇ ਮਾਹਿਰਾਂ ਨੇ ਪੰਜਾਬ ’ਚ 25 ਹਜਾਰ ਤੋਂ ਵੱਧ ਟਵਿੱਟਰ ਧਾਰਕਾਂ ਦੀ ਫੌਜ ਤਿਆਰ ਕਰਨ ਦਾ ਫੈਸਲਾ ਲਿਆ ਹੈ।
ਉਹਨਾਂ ਦੱਸਿਆ ਕਿ ਸਾਬਕਾ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਵੀ ਆਪਣੇ ਪੇਜ਼ ਉਪਰ ਇਹ ਮੁਹਿੰਮ ਚਲਾਉਣ ਦੀ ਅਪੀਲ ਕੀਤੀ ਹੈ । ਇਸ ਦੇ ਮੱਦੇਨਜ਼ਰ ਮਾਨਸਾ ਦੇ ਵਪਾਰ ਮੰਡਲ, ਪੈਸਟੀਸਾਈਡਜ਼ ਐਸੋਸੀਏਸ਼ਨ, ਕਿਸਾਨ ਜਥੇਬੰਦੀਆਂ, ਮਜ਼ਦੂਰ ਜਥੇਬੰਦੀਆਂ ਅਤੇ ਮਾਨਸਾ ਦੇ ਨੌਜਵਾਨਾਂ ਦੇ ਸਹਿਯੋਗ ਨਾਲ ਘਰ ਘਰ ਤੇ ਦੁਕਾਨ ਦੁਕਾਨ ਤੇ ਜਾ ਕੇ ਜੋ ਵਿਅਕਤੀ ਸਮਾਰਟ ਫੋਨ ਵਰਤਦੇ ਹਨ, ਉਹਨਾਂ ਨੂੰ ਟਵਿੱਟਰ ਐਪਲੀਕੇਸ਼ਨ ਡਾਊਨਲੋਢ ਕਰਵਾਈ ਜਾਵੇਗੀ। ਉਹਨਾਂ ਦੱਸਿਆ ਕਿ ਇਸ ਮੌਕੇ ਟਵਿੱਟਰ ਤੇ ਜਿੱਥੇ ਕਿਸਾਨੀ ਅੰਦੋਲਨ ਦੇ ਹੱਕ ’ਚ ਟਵੀਟ ਕਰਨ ਲਈ ਪ੍ਰੇਰਿਤ ਕੀਤਾ ਜਾਵੇਗਾ ਉੱਥੇ ਹੀ ਭਾਜਪਾ ਅਤੇ ਆਰਐਸਐਸ ਵੱਲੋਂ ਕਿਸਾਨ ਅੰਦੋਲਨ ਖਿਲਾਫ ਜਿੰਨੇ ਕੂੜ ਟਵੀਟ ਕੀਤੇ ਜਾਣਗੇ ਉਹਨਾਂ ਖਿਲਾਫ ਟਵਿੱਟਰ ਤੇ ਜਵਾਬ ਦਿੱਤੇ ਜਾਣ ਬਾਰੇ ਸਿਖਲਾਈ ਦਿੱਤੀ ਜਾਵੇਗੀ।
ਉਹਨਾਂ ਦੱਸਿਆ ਕਿ ਟਵਿੱਟਰ ਸੋਸ਼ਲ ਮੀਡੀਆ ਦਾ ਅਜਿਹਾ ਮਜ਼ਬੂਤ ਹਥਿਆਰ ਹੈ ਜਿਸ ਦੀ ਰਾਜਨੀਤਿਕ ਤੇ ਸਮਾਜਿਕ ਅੰਦੋਲਨਾਂ ਵਿੱਚ ਮੋਹਰੀ ਭੂਮਿਕਾ ਹੈ। ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀ ਨਾਗਰਿਕਾਂ ਵੱਲੋਂ ਕਿਸਾਨ ਅੰਦੋਲਨ ਦੇ ਹੱਕ ਵਿੱਚ ਜ਼ੋ ਟਵੀਟ ਕੀਤੇ ਗਏ ਹਨ, ਉਸਦਾ ਨਤੀਜਾ ਇਹ ਹੈ ਕਿ ਅਮਰੀਕਾ, ਇੰਗਲੈਂਡ ਅਤੇ ਕੈਨੇਡਾ ਸਮੇਤ ਪੱਛਮੀ ਦੇਸ਼ਾਂ ’ਚ ਕਿਸਾਨ ਸੰਘਰਸ਼ ਨੂੰ ਭਰਵੀਂ ਹਮਾਇਤ ਮਿਲੀ ਹੈ। ਉਹਨਾਂ ਕਿਹਾ ਕਿ ਇਸ ਨਾਲ ਭਾਰਤ ਸਰਕਾਰ ਤੇ ਕਿਸਾਨ ਵਿਰੋਧੀ ਬਿੱਲਾਂ ਨੂੰ ਵਾਪਸ ਲੈਣ ਦਾ ਦਬਾਅ ਬਣ ਰਿਹਾ ਹੈ। ਉਹਨਾਂ ਦੱਸਿਆ ਕਿ ਅਭਿਨੇਤਰੀ ਕੰਗਨਾ ਰਾਣਾਵਤ ਨੂੰ ਕਿਸਾਨ ਅੰਦੋਲਨ ਖਿਲਾਫ ਕੀਤੇ ਟਵੀਟ ਦਾ ਵਿਦੇਸ਼ਾਂ ਤੋਂ ਕਰਾਰ ਜਵਾਬ ਮਿਲਣ ਤੇ ਟਵੀਟ ਡਿਲੀਟ ਕਰਨਾ ਪਿਆ ਹੈ। ਉਹਨਾਂ ਦੱਸਿਆ ਕਿ ਮਾਨਸਾ ’ਚ ਸਮੂਹ ਆਗੂ 11 ਵਜੇ ਇਸ ਮੁਹਿੰਮ ਦੀ ਸ਼ੁਰੂਆਤ ਕਰਨਗੇ।