- ਸੰਘਰਸ਼ ਦੌਰਾਨ ਮੌਤ ਦੇ ਮੂੰਹ 'ਚ ਗਏ ਜਾਂ ਜਖਮੀਂ ਹੋਏ ਦੇਸ਼ ਦੇ ਕਿਸਾਨਾਂ ਦੇ ਪਰਿਵਾਰਾਂ ਨੂੰ ਭੇਜਾਂਗੇ ਆਰਥਿਕ ਸਹਾਇਤਾ : ਪ੍ਰਮੋਦ ਕੁਮਾਰ
- ਕਿਹਾ ਦਿੱਲੀ ਜਾ ਕੇ ਸਾਡੀ ਟੀਮ ਲਾਏਗੀ ਮੈਡੀਕਲ ਕੈਂਪ ਜਿਸ ਰਾਹੀਂ ਕਿਸਾਨ ਭਰਾਵਾਂ ਨੂੰ ਦਵਾਈਆਂ ਵੀ ਦਿੱਤੀਆਂ ਜਾਣਗੀਆਂ ਮੁਫਤ
ਜਰਮਨੀ, 1 ਦਸੰਬਰ 2020 - ਇੰਡੀਅਨ ਉਵਰਸੀਜ ਜਰਮਨੀ ਦੇ ਪ੍ਰਧਾਨ ਪ੍ਰਮੋਦ ਕੁਮਾਰ ਮਿੰਟੂ ਨੇ ਭਾਰਤ 'ਚ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਵੱਡਾ ਬੱਲ ਦਿੱਤਾ। ਉਨ੍ਹਾਂ ਐਲਾਨ ਕੀਤਾ ਕਿ ਭਾਰਤ ਦੀ ਮੋਦੀ ਸਰਕਾਰ ਵੱਲੋਂ ਲਿਆਂਦੇ 3 ਕਾਲੇ ਖੇਤੀ ਕਾਨੂੰਨਾਂ ਅਤੇ ਬਿਜਲੀ ਬਿੱਲ 2020 ਦੇ ਵਿਰੋਧ 'ਚ ਪੰਜਾਬ 'ਚੋਂ ਸ਼ੁਰੂ ਹੋਏ ਅਤੇ ਹੁਣ ਦੇਸ਼ ਵਿਆਪੀ ਬਣ ਚੁੱਕੇ ਕਿਸਾਨੀ ਸੰਘਰਸ਼ ਲਈ ਉਨ੍ਹਾਂ ਦੀ ਟੀਮ ਪਾਰਟੀਬਾਜੀ ਤੋਂ ਉੱਪਰ ਉੱਠ ਕੇ 1 ਕਰੋੜ ਦਾ ਆਰਥਿਕ ਮੱਦਦ ਕਰੇਗੀ।
ਉਨ੍ਹਾਂ ਇਹ ਵੀ ਸਾਫ ਕੀਤਾ ਕਿ ਏਹ ਆਰਥਿਕ ਸਹਾਇਤਾ ਕਿਸੇ ਕਿਸਾਨ ਜੱਥੇਬੰਦੀ ਨੂੰ ਅੰਦੋਲਨ ਚਲਾਉਣ ਲਈ ਨਹੀਂ ਦਿੱਤੀ ਜਾਵੇਗੀ ਬਲਕਿ ਇਸ ਅੰਦੋਲਨ 'ਚ ਕਿਸੇ ਵੀ ਕਾਰਨਵੱਸ ਅਪਣੀ ਜਾਨ ਗੁਆ ਚੁੱਕੇ ਜਾਂ ਜਖਮੀਂ ਹੋਏ ਕਿਸਾਨ ਪਰਿਵਾਰਾਂ ਨੂੰ ਦਿੱਤੀ ਜਾਵੇਗੀ। ਉਨ੍ਹਾਂ ਇੰਡੀਅਨ ਉਵਰਸੀਜ ਕਾਂਗਰਸ ਜਰਮਨੀ ਦੀ ਵੀਡੀਓ ਕਾਨਫਰੰਸ ਰਾਹੀਂ ਹੋਈ ਮੀਟਿੰਗ ਦੀਆਂ ਤਸਵੀਰਾਂ ਸਾਂਝੀਆ ਕਰਦਿਆਂ ਦੱਸਿਆ ਕਿ ਏਹ ਫੈਸਲਾ ਸਾਰੇ ਮੈਂਬਰਾਂ ਦੀ ਸਰਬਸੰਮਤੀ ਨਾਲ ਹੀ ਲਿਆ ਗਿਆ ਹੈ। ਉਨ੍ਹਾਂ ਲਏ ਗਏ ਫੈਸਲੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੱਲ ਰਹੇ ਸੰਘਰਸ਼ ਦੌਰਾਨ ਵੱਖ ਵੱਖ ਕਾਰਨਾਂ ਕਰਕੇ ਕੁਝ ਕਿਸਾਨਾਂ ਦੀ ਮੌਤ ਹੋ ਚੁੱਕੀ ਅਤੇ ਕੁਝ ਜਖਮੀਂ ਹੋਏ ਹਨ। ਉਹ ਦੇਸ਼ ਦੇ ਕਿਸੇ ਵੀ ਸੂਬੇ ਨਾਲ ਸਬੰਧਿਤ ਕਿਉਂ ਨਾ ਹੋਣ ਉਨ੍ਹਾਂ ਨੂੰ ਇਸ ਆਰਥਿਕ ਪੈਕਜ ਵਿੱਚੋਂ ਸਹਾਇਤਾ ਭੇਜੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਕਿਸਾਨਾਂ ਦੇ ਇਲਾਜ ਉਨ੍ਹਾਂ ਦੇ ਬੱਚਿਆਂ ਦੀ ਪੜਾਈ ਅਤੇ ਗੁਜਰ ਵਸਰ ਵੱਜੋਂ ਜਿਥੇ ਏਹ ਸਹਾਇਤਾ ਭੇਜੀ ਜਾ ਰਹੀ ਹੈ ਉਸ ਤੋਂ ਇਲਾਵਾ ਉਨ੍ਹਾਂ ਵੱਲੋਂ ਵੱਖ ਵੱਖ ਚਿੱਠੀਆਂ ਵੀ ਲਿਖੀਆਂ ਗਹੀਆਂ ਹਨ। ਇਹ ਚਿੱਠੀ ਕਾਂਗਰਸ ਦੀ ਕੌਮੀਂ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨੂੰ ਅਤੇ ਬਾਕੀ ਚਿੱਠੀਆਂ ਕਾਂਗਰਸ ਦੀਆਂ ਸਰਕਾਰਾਂ ਵਾਲੇ ਮੁੱਖ ਮੰਤਰੀਆਂ ਨੂੰ ਲਿਖੀਆਂ ਗਈਆਂ ਹਨ। ਇਨ੍ਹਾਂ ਚਿੱਠੀਆਂ ਰਾਹੀਂ ਕਾਂਗਰਸ ਪ੍ਰਧਾਨ ਅਤੇ ਮੁੱਖ ਮੰਤਰੀਆਂ ਤੋਂ ਸੰਘਰਸ਼ ਦੌਰਾਨ ਮੌਤ ਦੇ ਮੂੰਹ ਵਿੱਚ ਗਏ ਕਿਸਾਨਾਂ ਦੇ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਤੋਂ ਇਲਾਵਾ ਸਥਾਈ ਗੁਜਾਰੇ ਲਈ ਕਿਸੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਬੇਨਤੀ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਚਿੱਠੀ ਦੁਆਰਾ ਕੀਤੀ ਬੇਨਤੀ ਤੋਂ ਇਲਾਵਾ ਉਹ ਖਾਸ ਅਪੀਲ ਵੀ ਕਰਦੇ ਹਨ ਕਿ ਸਰਕਾਰੀ ਨੌਕਰੀਆਂ ਦੇਣ ਦੀ ਪਹਿਲ ਸਾਂ ਕੈਪਟਨ ਖੁਦ ਕਰਨ ਤਾਂ ਕਿ ਕੇਂਦਰ ਸਰਕਾਰ ਦੇ ਅੜੀਅਲ ਰਵੱਈਏ ਤੋਂ ਪ੍ਰੇਸ਼ਾਨ ਕਿਸਾਨਾਂ ਨੂੰ ਢਾਰਸ ਦਿੱਤੀ ਜਾ ਸਕੇ। ਉਨ੍ਹਾਂ ਅੱਗੇ ਦੱਸਿਆ ਕਿ ਸਾਡੇ ਵੱਲੋਂ ਦਿੱਲੀ ਦੇ ਬਾਰਡਰਾਂ ਉੱਤੇ ਜਿੱਥੇ ਕਿਤੇ ਵੀ ਕਿਸਾਨ ਧਰਨਿਆ ਤੇ ਬੈਠੇ ਹਨ ਉਨ੍ਹਾਂ ਲਈ ਮੁਫਤ ਮੈਡੀਕਲ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਵਿੱਚ ਦੋ ਡਾਕਟਰ ਮੁਫਤ ਮੈਡੀਕਲ ਸੁਵਿਧਾਵਾਂ ਅਤੇ ਦਵਾਈਆਂ ਦੇਣਗੇ।
ਉਨ੍ਹਾਂ ਦੱਸਿਆ ਕਿ ਇਸ ਵੱਡੀ ਯੋਜਨਾ ਨੂੰ ਅਮਲੀ ਜਾਮਾ ਪਹਿਨਾਉਣ ਲਈ ਇੰਡੀਅਨ ਉਵਰਸੀਜ ਕਾਂਗਰਸ ਜਰਮਨੀ ਵੱਲੋਂ ਪੰਜਾਬ 'ਚੋਂ ਮਹਿਲਾ ਕਾਂਗਰਸ ਪਾਰਟੀ ਦੀ ਸੀਨੀਅਰ ਆਗੁ ਦੀਪੀ ਮਾਂਗਟ ਨੂੰ ਸੇਵਾਦਾਰ ਵੱਜੋਂ ਚੁਣ ਲਿਆ ਗਿਆ ਹੈ। ਦੀਪੀ ਮਾਂਗਟ ਦੀ ਅਗਵਾਈ 'ਚ ਉਨ੍ਹਾਂ ਦੀ ਟੀਮ ਕੱਲ ਦਿੱਲੀ ਪਹੁੰਚ ਜਾਵੇਗੀ ਅਤੇ ਮੈਡੀਕਲ ਕੈਂਪ 'ਚ ਸੁਵਿਧਾਵਾਂ ਦੇਣ ਤੋਂ ਇਲਾਵਾ ਜਰੂਰਮੰਦ ਕਿਸਾਨਾਂ ਦਾ ਵੇਰਵਾ ਇੱਕਠਾ ਕਰੇਗੀ। ਉਨ੍ਹਾਂ ਕਿਸਾਨ ਜੱਥੇਬੰਦੀਆਂ ਨੂੰ ਵੀ ਸਹਿਯੋਗ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਵਿੱਚ ਰੱਤੀ ਭਰ ਵੀ ਸਾਡਾ ਰਾਜਨੀਤਿਕ ਮੁਫਾਦ ਨਹੀਂ ਹੈ। ਅਸੀਂ ਕਿਸਾਨੀ ਨਾਲ ਜੁੜੇ ਹੋਣ ਕਾਰਨ ਕਿਸਾਨਾਂ ਦਾ ਦਰਦ ਸਮਝਦੇ ਹਾਂ ਅਤੇ ਏਸੇ ਦਰਦ ਦੀ ਭਾਵਨਾ ਨੇ ਸਾਨੂੰ ਏਹ ਸੇਵਾ ਕਰਨ ਲਈ ਪ੍ਰੇਰਤ ਕੀਤਾ ਹੈ।