ਮਨਿੰਦਰਜੀਤ ਸਿੱਧੂ
ਸਿੰਗੂ ਬਾਰਡਰ, 2 ਦਸੰਬਰ 2020 - ਕਿਸਾਨਾਂ ਦਿੱਲੀ ਨੂੰ ਘੇਰੀ ਬੈਠੇ ਹਨ। ਜੋਸ਼ ਪੂਰੀ ਚਰਮ ਸੀਮਾ ਉੱਪਰ ਹੈ। ਪੰਜਾਬ ਵਿੱਚੋਂ ਲਗਾਤਾਰ ਕਾਫਲੇ ਅਜੇ ਵੀ ਦਿੱਲੀ ਨੂੰ ਕੂਚ ਕਰ ਰਹੇ ਹਨ। ਸਰਕਾਰ ਭਾਵੇਂ ਅਜੇ ਉਸ ਪੱਧਰ ਉੱਪਰ ਗੱਲਬਾਤ ਲਈ ਰਾਜੀ ਨਹੀਂ ਹੋਈ ਜਿਸ ਪੱਧਰ ਉੱਪਰ ਹੋਣਾ ਚਾਹੀਦਾ ਸੀ ਜਾਂ ਜਿਸਦੀ ਕਿਸਾਨ ਜੱਥਬੰਦੀਆਂ ਮੰਗ ਕਰ ਰਹੀਆਂ ਹਨ।
ਹਰਿਆਣਵੀ ਲੋਕਾਂ ਦੁਆਰਾ ਦਿਖਾਈ ਖੁੱਲ੍ਹ ਦਿਲੀ ਅਤੇ ਪੰਜਾਬੀ ਭਰਾਵਾਂ ਦੀ ਕੀਤੀ ਜਾ ਰਹੀ ਸੇਵਾ ਨੇ ਸਮੁੱਚੀ ਦੁਨੀਆਂ ਵਿੱਚ ਵਸਦੇ ਪੰਜਾਬੀਆਂ ਦਾ ਮਨ ਮੋਹ ਲਿਆ ਹੈ। ਸਵੇਰੇ ਤੜਕਸਾਰ ਇੱਕ ਆਵਾਜ ਜੋ ਭਾਵੁਕ ਕਰਕੇ ਅੱਖਾਂ ਵਿੱਚ ਹੰਝੂ ਲੈ ਆਉਂਦੀ ਹੈ ਉਹ ਇਹ ਕਿ “ ਸਰਦਾਰ ਜੀ ਚਾਹ ਪੀ ਲਵੋ” । ਹਰਿਆਣੇ ਦੇ ਬਦਖਾਲਾਸਾ ਪਿੰਡ ਦੇ ਸੁਮਿਤ ਅਤੇ ਵੰਸ਼ ਨਾਮ ਦੇ ਨੌਜਵਾਨਾਂ ਦੁਆਰਾ ਮੋਹ ਭਰੇ ਲਹਿਜੇ ਵਿੱਚ ਹਰ ਇੱਕ ਟਰਾਲੀ ਕੋਲ ਜਾ ਕੇ ਕਿਸਾਨਾਂ ਨੂੰ ਚਾਹ ਪਿਲਾਈ ਜਾ ਰਹੀ ਹੈ। ਚਾਹ ਦੀਆਂ ਕੇਤਲੀਆਂ ਅਤੇ ਹੱਥਾਂ ਵਿੱਚ ਫੜੇ ਡਿਸਪੋਜਲ ਗਲਾਸ ਵਾਲੇ ਇਹ ਨੌਜਵਾਨ ਅਸਲ ਸਰਬ ਸਾਂਝੀਵਾਲਤਾ ਦੇ ਪਹਿਰੇਦਾਰ ਜਾਪਦੇ ਹਨ। ਪੰਜਾਬ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਸਾਨੂੰ ਤਾਂ ਇਹਨਾਂ ਹਰਿਆਣੇ ਦੇ ਨੌਜਵਾਨਾਂ ਨੂੰ ਦੇਖ ਕੇ ਇੰਝ ਜਾਪਦਾ ਹੈ ਕਿ ਸਾਡੇ ਹੀ ਪੁੱਤ ਪੋਤੇ ਹਨ ਅਤੇ ਅਸੀਂ ਆਪਣੇ ਘਰ ਵਿੱਚ ਹੀ ਹਾਂ। ਸਰਕਾਰ ਨਾਲ ਸਾਡਾ ਜੋ ਵੀ ਫੈਸਲਾ ਹੋਵੇ, ਪਰ ਇਹਨਾਂ ਲੋਕਾਂ ਦੁਆਰਾ ਕੀਤੀ ਸੇਵਾ ਨੂੰ ਪੰਜਾਬੀ ਜਗਤ ਰਹਿੰਦੀ ਦੁਨੀਆਂ ਤੱਕ ਯਾਦ ਰੱਖੇਗਾ।