ਚੰਡੀਗੜ੍ਹ, 3 ਦਸੰਬਰ 2020 - ਪੰਜਾਬੀ ਗਾਇਕ ਗੁਰਦਾਸ ਮਾਨ ਨੇ ਆਖ਼ਰ ਕਿਸਾਨੀ ਮੁੱਦੇ ਬਾਰੇ ਸੋਸ਼ਲ ਮੀਡੀਆ ਰਾਹੀਂ ਮੌਜੂਦਾ ਘੋਲ 'ਚ ਆਪਣੀ ਹਾਜ਼ਰੀ ਲਵਾਈ। ਗੁਰਦਾਸ ਮਾਨ ਨੇ ਸਭ ਤੋਂ ਪਹਿਲਾਂ ਕਿਸਾਨੀ ਅੰਦੋਲਨ 'ਚ ਡਟੇ ਨੌਜਵਾਨਾਂ, ਬਜ਼ੁਰਗਾਂ ਤੇ ਮਾਤਾਵਾਂ ਦਾ ਧੰਨਵਾਦ ਕੀਤਾ ਕਿ ਉਹ ਦਿਨ ਰਾਤ ਇਸ ਘੋਲ 'ਚ ਪਹਾੜ ਵਾਂਗੂ ਡਟੇ ਹੋਏ ਨੇ। ਮਾਨ ਨੇ ਕਿਹਾ ਕਿ ਭਾਵੇਂ ਉਸਨੂੰ ਗਾਲ਼ਾਂ ਕੱਢ ਲਉ, ਪਰ ਉਸ ਕੋਲੋਂ ਉਸਦੇ ਪੰਜਾਬੀ ਹੋਣ ਦਾ ਹੱਕ ਨਾ ਖੋਹਿਆ ਜਾਏ।
ਗੁਰਦਾਸ ਮਾਨ ਨੇ ਇੱਕ ਭਾਸ਼ਾ ਇੱਕ ਦੇਸ਼ ਦੇ ਵਿਵਾਦ 'ਤੇ ਫੇਰ ਤੋਂ ਸਪਸ਼ਟੀਕਰਨ ਦੇਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਇੱਕ ਇੰਟਰਵੀਊ ਦੌਰਾਨ ਉਨ੍ਹਾਂ ਤੋਂ ਇਹ ਸਵਾਲ ਕੀਤਾ ਗਿਆ ਸੀ ਤੇ ਜਿਸ 'ਚ ਉਨ੍ਹਾਂ ਨੇ ਸਿਰਫ ਇਹ ਗੱਲ ਕਹੀ ਸੀ ਕਿ ਇੱਕ ਦੇਸ਼ ਅੰਦਰ ਇੱਕ ਸਾਂਝੀ ਭਾਸ਼ਾ ਅਜਿਹੀ ਹੋਣੀ ਜਰੂਰੀ ਹੈ ਜਿਸਨੂੰ ਹਰ ਬੰਦਾ ਸਮਝ ਸਕੇ ਤੇ ਬੋਲ ਸਕੇ, ਕਿਉਂਕਿ ਭਾਰਤ ਬਹੁਭਾਸ਼ਾਵਾਂ ਦਾ ਮੁਲਕ ਹੈ ਅਤੇ ਇਸ ਅੰਦਰ ਹਰ ਭਾਸ਼ਾ ਨੂੰ ਬੋਲਣ ਵਾਲਾ ਬੰਦਾ ਰਹਿੰਦਾ ਹੈ। ਇੱਕ ਭਾਸ਼ਾ ਹੋਣ ਨਾਲ ਹਰ ਇੱਕ ਆਪਣੀ ਗੱਲ ਦੂਜੀ ਥਾਂ ਦੇ ਬੰਦੇ ਨੂੰ ਚੰਗੀ ਤਰ੍ਹਾਂ ਸਮਝਾ ਸਕਦਾ ਹੈ।
ਮਾਨ ਨੇ ਕਿਹਾ ਕਿ ਉਸ 'ਤੇ ਪੰਜਾਬੀ ਪ੍ਰਤੀ ਪਿਆਰ ਨੂੰ ਲੈ ਕੇ ਸਵਾਲ ਚੁੱਕਣ ਵਾਲੇ ਉਸਦੇ ਪੁਰਾਣੇ ਗੀਤਾਂ ਵੱਲ੍ਹ ਨਿਗ੍ਹਾ ਜਰੂਰ ਮਾਰਨ। ਜੋ ਗੀਤ ਉਸਨੇ ਆਪਣੀ ਗਾਇਕੀ ਦੀ ਸ਼ੁਰੂਆਤ 'ਚ ਪੰਜਾਬੀ ਬੋਲੀ ਤੇ ਕਿਸਾਨੀ ਸਬੰਧੀ ਗਾਏ ਸਨ।
ਖੇਤੀ ਕਾਨੂੰਨਾਂ ਬਾਰੇ ਬੋਲਦਿਆਂ ਗੁਰਦਾਸ ਮਾਨ ਨੇ ਸਰਕਾਰ ਨੂੰ ਹੱਥ ਬੰਨ੍ਹ ਕੇ ਬੇਨਤੀ ਕੀਤੀ ਕਿ ਉਹ ਸੜਕਾਂ 'ਤੇ ਰੁਲ ਰਹੇ ਕਿਸਾਨਾਂ ਦੀ ਗੱਲ ਜਲਦ ਸੁਣੇ। ਉਨ੍ਹਾਂ ਕਿਹਾ ਕਿ ਜੇ ਕਿਸਾਨ ਹੈ ਤਾਂ ਹਿੰਦੁਸਤਾਨ ਹੈ, ਤੇ ਜੇ ਜਵਾਨ ਹੈ ਤਾਂ ਭਾਰਤ ਮਹਾਨ ਹੈ।
ਗੁਰਦਾਸ ਮਾਨ ਦੀ ਵੀਡੀੳ ਦੇਖਣ ਲਈ ਹੇਠ ਲਿੰਕ 'ਤੇ ਕਲਿੱਕ ਕਰੋ:
https://fb.watch/28n-CuPKax/