- ਖਾਲਸਾ ਹਮੇਸ਼ਾ ਮਜਲੂਮਾਂ ਦੀ ਰੱਖਿਆ ਕਰਦਾ ਆਇਆ ਹੈ- ਨਿਹੰਗ ਸਿੰਘ
ਮਨਿੰਦਰਜੀਤ ਸਿੱਧੂ
ਸਿੰਘੂ ਬਾਰਡਰ, 3 ਦਸੰਬਰ 2020 - ਕਿਸਾਨ ਅੰਦੋਲਨ ਦੇ ਚੱਲਦਿਆਂ ਜਿੱਥੇ ਕਿਸਾਨਾਂ ਦੇ ਇਸ ਸੰਘਰਸ਼ ਵਿੱਚ ਸਮਾਜ ਦੇ ਹੋਰ ਵਰਗ ਦਿੱਲੀ ਅੱਪੜ ਰਹੇ ਹਨ ਅਤੇ ਕੁੱਝ ਵਰਗ ਅਤੇ ਸਥਾਨਕ ਲੋਕ ਕਿਸਾਨਾਂ ਦੀ ਸੇਵਾ ਵਿੱਚ ਲੱਗੇ ਹੋਏ ਹਨ, ਉੱਥੇ ਹੁਣ ਗੁਰੂ ਕੀਆਂ ਲਾਡਲੀਆਂ ਫੌਜਾਂ ਭਾਵ ਨਿਹੰਗ ਸਿੰਘਾਂ ਨੇ ਵੀ ਸਿੰਘੂ ਬਾਰਡਰ ਉੱਪਰ ਆਪਣੇ ਡੇਰੇ ਲਗਾ ਲਏ ਹਨ। ਨਿਹੰਗ ਸਿੰਘ ਘੋੜਿਆਂ ਅਤੇ ਜੀਪਾਂ ਉੱਪਰ ਸਵਾਰ ਹੋ ਆਪਣੇ ਪੂਰੇ ਲਾਮ ਲਸ਼ਕਰ ਸਮੇਤ ਇਸ ਸੰਘਰਸ਼ ਵਿੱਚ ਆਪਣੀ ਹਾਜਰੀ ਲਵਾਉਣ ਲਈ ਪਹੁੰਚ ਗਏ ਹਨ। ਨਿਹੰਗ ਸਿੰਘਾਂ ਵੱਲੋਂ ਉੱਚੀ ਅਵਾਜ਼ ਵਿੱਚ ਜੈਕਾਰੇ ਲਗਾਏ ਜਾ ਰਹੇ ਹਨ ਅਤੇ ਗੱਤਕੇ ਖੇਡੇ ਜਾ ਰਹੇ ਹਨ। ਸਾਡੇ ਪ੍ਰਤੀਨਿਧੀ ਨਾਲ ਗੱਲਬਾਤ ਕਰਦਿਆਂ ਇੱਕ ਨਿਹੰਗ ਸਿੰਘ ਨੇ ਦੱਸਿਆ ਕਿ ਖਾਲਸਾ ਤਾਂ ਹਮੇਸ਼ਾ ਮਜਲੂਮਾਂ ਦੀ ਰੱਖਿਆ ਕਰਦਾ ਆਇਆ ਹੈ। ਅੱਜ ਸਾਡੇ ਆਪਣੇ ਸੂਬੇ ਦੇ ਲੋਕ ਇਸ ਕੇਂਦਰੀ ਹਕੂਮਤ ਤੋਂ ਦੁਖੀ ਹਨ ਤਾਂ ਸਾਡਾ ਇਹ ਫਰਜ ਬਣਦਾ ਸੀ ਕਿ ਅਸੀਂ ਸੰਘਰਸ਼ ਕਰ ਰਹੀ ਜਮਾਤ ਨਾਲ ਆ ਖੜ੍ਹੀਏ।