- ਕਿਹਾ, ਸਰਕਾਰ ਅੰਦੋਲਨ ਨੂੰ ਲੰਬੇ ਹੋਣ ਦਾ ਨਾ ਕਰੇ ਇੰਤਜ਼ਾਰ, ਸਗੋਂ ਖੇਤੀ ਕਾਨੂੰਨਾਂ ਨੂੰ ਤੁਰੰਤ ਰੱਦ ਕਰੇ
ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 4 ਦਸੰਬਰ 2020 - ਕਿਸਾਨਾਂ ਦੇ ਹੱਕ ’ਚ ਆਏ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪਦਮ ਵਿਭੂਸ਼ਣ ਪੁਰਸਕਾਰ ਕੇਂਦਰ ਸਰਕਾਰ ਨੂੰ ਵਾਪਸ ਕਰ ਦਿੱਤਾ ਗਿਆ ਹੈ। ਐਵਾਰਡ ਵਾਪਸ ਕਰਨ ਮਗਰੋਂ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਆਪਣੀ ਜ਼ਿੰਦਗੀ ’ਚ ਦੇਸ਼, ਪੰਜਾਬ ਅਤੇ ਕਿਸਾਨਾਂ ਦੀ ਸੇਵਾ ਕੀਤੀ ਤਾਂ ਉਨ੍ਹਾਂ ਨੂੰ ਪਦਮ ਵਿਭੂਸ਼ਣ ਐਵਾਰਡ ਨਾਲ ਨਿਵਾਜਿਆ ਗਿਆ ਸੀ, ਪਰ ਜਦੋਂ ਅੱਜ ਪੰਜਾਬ ਦੀ 70 ਫੀਸਦੀ ਕਿਸਾਨੀ ਆਬਾਦੀ ਹੀ ਦੁਖੀ ਹੈ ਤਾਂ ਫਿਰ ਉਕਤ ਖ਼ਿਤਾਫ ਕੋਲ ਰੱਖਣ ਦਾ ਕੋਈ ਮਤਲਬ ਹੀ ਨਹੀਂ ਬਣਦਾ।
ਉਨ੍ਹਾਂ ਕਿਹਾ ਕਿ ਇਸ ਤੋਂ ਦੁਖੀ ਹੋ ਕੇ ਹੀ ਉਨ੍ਹਾਂ ਨੇ ਇਹ ਖਿਤਾਬ ਵਾਪਸ ਕੀਤਾ ਹੈ। ਉਨ੍ਹਾਂ ਕਿਹਾ ਕਿ ਅੱਜ ਕਿਸਾਨ ਅੰਦੋਲਨ ਦੌਰਾਨ ਕਿਸਾਨ ਭਰਾ, ਨੌਜਵਾਨ, ਬੱਚੇ ਅਤੇ ਬੀਬੀਆਂ ਜੋ ਦੁੱਖ ਭੋਗ ਰਹੀਆਂ ਹਨ, ਉਸ ਦਾ ਉਨ੍ਹਾਂ ਦੇ ਮਨ ’ਤੇ ਬਹੁਤ ਡੂੰਘਾ ਅਸਰ ਪਿਆ ਹੈ। ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਸਿਹਤ ਠੀਕ ਨਾ ਹੋਣ ਕਾਰਨ ਭਾਵੇਂ ਸਰੀਰਕ ਤੌਰ ’ਤੇ ਉਹ ਦਿੱਲੀ ਦੇ ਕਿਸਾਨ ਅੰਦੋਲਨ ’ਚ ਸ਼ਾਮਲ ਨਹੀਂ ਹੋ ਸਕੇ, ਪਰ ਉਨ੍ਹਾਂ ਦੀ ਆਤਮਾ ਉੱਥੇ ਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸਰਕਾਰਾਂ ’ਤੇ ਹੈਰਾਨੀ ਹੁੰਦੀ ਹੈ ਕਿ ਜਿਹੜੇ ਪੰਜਾਬ ਦੇ ਕਿਸਾਨ ਅੰਨਦਾਤਾ ਨੇ ਉਨ੍ਹਾਂ ਦਾ ਢਿੱਡ ਭਰਿਆ ਹੈ, ਉਨ੍ਹਾਂ ਖਿਲਾਫ ਹੀ ਅੱਜ ਕਾਨੂੰਨ ਪਾਸ ਕਰ ਰਹੀਆਂ ਹਨ। ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਇਹ ਦੁੱਖ ਸਹਾਰਨਾ ਬਹੁਤ ਔਖਾ ਹੈ। ਉਨ੍ਹਾਂ ਕਿਹਾ ਕਿ ਜੋ ਦੁੱਖ ਮੈਨੂੰ ਮਹਿਸੂਸ ਹੋ ਰਿਹਾ ਹੈ, ਉਹ ਦੁੱਖ ਇਸ ਸਮੇਂ ਸਾਰਾ ਦੇਸ਼ ਝੱਲ ਰਿਹਾ ਹੈ।
ਪ੍ਰਕਾਸ਼ ਸਿੰਘ ਬਾਦਲ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਕਿਸਾਨ ਅੰਦੋਲਨ ਨੂੰ ਲੰਬਾ ਨਾ ਖਿੱਚਿਆ ਜਾਵੇ। ਉਨ੍ਹਾਂ ਕਿਹਾ ਕਿ ਸ਼ਾਇਦ ਸਰਕਾਰ ਦੀ ਸੋਚ ਹੈ ਕਿ ਅੰਦੋਲਨ ਲੰਬਾ ਖਿੱਚਣ ਕਾਰਨ ਕਿਸਾਨ ਥੱਕ ਜਾਣਗੇ, ਪਰ ਅਜਿਹਾ ਕਰਨ ਨਾਲ ਸਿਰਫ ਹਾਲਾਤ ਖਰਾਬ ਹੋਣਗੇ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦਾ ਤਜਰਬਾ ਹੈ ਕਿ ਪਹਿਲਾਂ ਵੀ ਜਦੋਂ ਪੰਜਾਬ ’ਤੇ ਸੰਕਟ ਆਇਆ ਤਾਂ ਉਦੋਂ ਵੀ ਸਰਕਾਰ ਨੇ ਛੋਟੀਆਂ ਗੱਲਾਂ ਨਹੀਂ ਮੰਨੀਆਂ, ਜਿਸ ਕਾਰਨ ਅਖੀਰ ’ਚ ਪੰਜਾਬ ਅਤੇ ਦੇਸ਼ ਦਾ ਬਹੁਤ ਵੱਡਾ ਨੁਕਸਾਨ ਹੋਇਆ ਸੀ, ਇਸ ਲਈ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਤੁਰੰਤ ਮੰਨ ਲੈਣੀਆਂ ਚਾਹੀਦੀਆਂ ਹਨ। ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਦੀ ਜ਼ਿੰਦਗੀ ’ਚ ਜਿੰਨੇ ਵੀ ਸੰਘਰਸ਼ ਹੋਏ, ਉਨ੍ਹਾਂ ’ਚੋਂ ਇਹ ਕਿਸਾਨ ਅੰਦੋਲਨ ਸਭ ਤੋਂ ਵੱਧ ਦੁਖਦਾਈ ਅਤੇ ਭਿਆਨਕ ਹੈ ਅਤੇ ਇਸੇ ਲਈ ਉਨ੍ਹਾਂ ਨੇ ਆਪਣਾ ਖਿਤਾਬ ਵਾਪਸ ਕੀਤਾ ਹੈ।
ਉਨ੍ਹਾਂ ਨੇ ਕਿਸਾਨਾਂ ਨੂੰ ਦਿ੍ੜ ਅਤੇ ਮਜਬੂਤ ਰਹਿਣ ਲਈ ਕਿਹਾ ਅਤੇ ਇਹ ਵੀ ਕਿਹਾ ਕਿ ਅਖੀਰ ਜਿੱਤ ਸੱਚਾਈ ਦੀ ਹੀ ਹੋਵੇਗੀ। ਉਨ੍ਹਾਂ ਕਿਹਾ ਕਿ ਉਹ ਪਰਮਾਤਮਾ ਅੱਗੇ ਅਰਦਾਸ ਕਰਦੇ ਹਨ ਕਿ ਇਸ ਸੰਘਰਸ਼ ਦੌਰਾਨ ਕਿਸਾਨਾਂ ਦੀ ਜਿੱਤ ਹੋਵੇ ਅਤੇ ਦੇਸ਼ ਦੀ ਸਰਕਾਰ ਇਹ ਸਮਝ ਲਵੇ ਕਿ ਸਰਕਾਰਾਂ ਤਾਕਤਵਰ ਨਹੀਂ ਹੁੰਦੀਆਂ, ਸਗੋਂ ਜਨਤਾ ਤਾਕਤਵਰ ਹੁੰਦੀ ਹੈ ਅਤੇ ਇਹ ਕਿਸਾਨਾਂ ਨੇ ਸਾਬਿਤ ਕਰ ਦਿੱਤਾ ਹੈ, ਜਦੋਂ ਉਹ ਸਰਕਾਰ ਦੇ ਸਾਰੇ ਇੰਤਜਾਮ ਤੋੜ ਕੇ ਉੱਥੇ ਪਹੁੰਚ ਗਏ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਸੰਘਰਸ਼ ਜਰੂਰ ਕਾਮਯਾਬ ਹੋਵੇਗਾ।
ਵੀਡੀੳ ਵੀ ਦੇਖੋ
LIVE : ਕੀ ਬਣੇਗਾ ਕਿਸਾਨ ਅੰਦੋਲਨ ਦਾ? ਸੁਣੋ ਵੱਡੇ ਬਾਦਲ ਦਾ ਤਜ਼ਰਬਾ| Gurpreet Singh Mandiani - YouTube
<iframe width="916" height="515" src="https://www.youtube.com/embed/yv-uqBjfmFY" frameborder="0" allow="accelerometer; autoplay; clipboard-write; encrypted-media; gyroscope; picture-in-picture" allowfullscreen></iframe>