ਅਸ਼ੋਕ ਵਰਮਾ
ਨਵੀਂ ਦਿੱਲੀ, 4 ਦਸੰਬਰ 2020 - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਆਖਿਆ ਹੈ ਕਿ ਕਿਸਾਨ ਘੋਲ ਤੋਂ ਦੇਸ਼ ਦੀ ਕੌਮੀ ਸੁਰੱਖਿਆ ਨੂੰ ਕੋਈ ਖਤਰਾ ਨਹੀਂ ਬਲਕਿ ਮੁਲਕ ਦੀ ਖੁਰਾਕ ਸੁਰੱਖਿਆ ਇਹਨਾਂ ਕਾਨੂੰਨਾਂ ਕਾਰਨ ਪੂਰੇ ਖਤਰੇ ਹੇਠ ਹੈ। ਉਹਨਾਂ ਆਖਿਆ ਕਿ ਕਿਸਾਨ ਸੰਘਰਸ਼ ਤੋਂ ਜੇ ਸੱਚਮੁੱਚ ਖਤਰਾ ਹੈ ਤਾਂ ਉਹ ਕਾਰਪੋਰੇਟ ਘਰਾਣਿਆਂ ਵੱਲੋਂ ਪਾਏ ਗਲਬੇ ਨੂੰ ਹੈ ਜੋ ਕਿਸਾਨਾਂ , ਮਜਦੂਰਾਂ ਅਤੇ ਦੇਸ਼ ਦੇ ਲੋਕਾਂ ਲਈ ਸ਼ੁਭ ਸ਼ਗਨ ਹੈ। ਸੂਬਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਮਗਰੋਂ ਕਿਸਾਨ ਘੋਲ ਨੂੰ ਕੌਮੀ ਸੁਰੱਖਿਆ ਲਈ ਖਤਰਾ ਦੱਸਦਿਆਂ ਕਿਸਾਨ ਜਥੇਬੰਦੀਆਂ ਨੂੰ ਹੱਲ ਕੱਢਣ ਦੀ ਕੀਤੀ ਅਪੀਲ ‘ਤੇ ਟਿੱਪਣੀ ਕਰ ਰਹੇ ਸਨ। ਉਹਨਾਂ ਆਖਿਆ ਕਿ ਮੋਦੀ ਸਰਕਾਰ ਨੇ ਖੇਤੀ ਕਾਨੂੰਨਾਂ ਕਾਰਨ ਦਰਪੇਸ਼ ਖਤਰਿਆਂ ਤੋਂ ਅੱਖਾਂ ਮੀਟ ਰੱਖੀਆਂ ਹਨ ਜਦੋਂਕਿ ਕਿਸਾਨ ਤਾਂ ਮੁਲਕ ਅਤੇ ਖੇਤੀ ਦੋਵਾਂ ਦੀ ਸੁਰੱਖਿਆ ਲਈ ਲੜ ਰਹੇ ਹਨ।
ਦਿੱਲੀ ਦੇ ਟਿਕਰੀ ਬਾਰਡਰ ਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਲਾਈਆਂ ਪੰਜ ਸਟੇਜਾਂ ਤੇ ਕਈ ਕਿੱਲੋਮੀਟਰ ਲੰਮੇ ਕਿਸਾਨਾਂ ਦੇ ਵੱਡੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਕਿਸਾਨ ਜਥੇਬੰਦੀਆਂ ਦੀ ਬੀਤੇ ਕੱਲ ਕੇਂਦਰੀ ਮੰਤਰੀਆਂ ਨਾਲ ਹੋਈ ਮੀਟਿੰਗ ਦੀ ਸੂਬਾ ਕਮੇਟੀ ‘ਚ ਕੀਤੀ ਸਮੀਖਿਆ ਪੇਸ਼ ਕੀਤੀ ਗਈ। ਕਿਸਾਨ ਬੁਲਾਰਿਆਂ ਨੇ ਕੇਂਦਰੀ ਮੰਤਰੀਆਂ ਦੁਆਰਾ ਖੇਤੀ ਕਾਨੂੰਨਾਂ ‘ਚ ਸੋਧਾਂ ਕਰਨ ਦੀ ਪੇਸ਼ਕਸ਼ ਨੂੰ ਮੁੱਢੋਂ ਰੱਦ ਕਰਦਿਆਂ ਪੰਜੇ ਕਾਨੂੰਨਾਂ ਦੀ ਮੁਕੰਮਲ ਵਾਪਸੀ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ । ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਆਖਿਆ ਕਿ ਵੀਰਵਾਰ ਨੂੰ 7 ਘੰਟੇ ਚੱਲੀ ਗੱਲਬਾਤ ਦੌਰਾਨ ਮੰਤਰੀਆਂ ਵੱਲੋਂ ਐਮਐਸਪੀ ਤੇ ਖਰੀਦ ਦੀ ਗਰੰਟੀ ਕਰਨ, ਕੰਪਨੀ ਤੇ ਕਿਸਾਨ ਦਾ ਝਗੜਾ ਨਿਬੇੜਨ ਬਾਰੇ ਐਸ ਡੀ ਐਮ ਨੂੰ ਦਿੱਤੇ ਅਧਿਕਾਰ ਬਾਰੇ ਮੁੜ ਵਿਚਾਰਨ ਵਰਗੀਆਂ ਨਿਗੂਣੀਆਂ ਸੋਧਾਂ ਉਹਨਾਂ ਨੂੰ ਉੱਕਾ ਹੀ ਮਨਜੂਰ ਨਹੀਂ ਅਤੇ ਉਹ ਪੰਜੇ ਕਾਨੂੰਨਾਂ ਨੂੰ ਰੱਦ ਕਰਵਾਕੇ ਹੀ ਦਮ ਲੈਣਗੇ।
ਇਸੇ ਦੌਰਾਨ ਇਕੱਠਾਂ ਨੂੰ ਯੂਨੀਅਨ ਦੇ ਸੂਬਾਈ ਆਗੂ ਸ਼ਿੰਗਾਰਾ ਸਿੰਘ ਮਾਨ, ਜਸਵਿੰਦਰ ਸਿੰਘ ਸੋਮਾ, ਹਰਿੰਦਰ ਕੌਰ ਬਿੰਦੂ, ਪਰਮਜੀਤ ਕੌਰ ਪਿੱਥੋ, ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ,ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ, ਪੀ ਐਸ ਯੂ ਸਹੀਦ ਰੰਧਾਵਾ ਦੇ ਆਗੂ ਅਮਿਜੋਤ ਸਿੰਘ ਮੌੜ ,ਹਰਿਆਣਾ ਦੀ ਮਹਿਲਾ ਆਗੂ ਸੁਸ਼ੀਲ ਕੁਮਾਰੀ ਤੇ ਖੁਸ਼ਵੀਰ ਕੌਰ, ਹਰਿਆਣਾ ਦੇ ਕਿਸਾਨ ਆਗੂ ਰਾਜੇਸ਼ ਧਨਖੜ ਅਤੇ ਮੁਕੇਸ ਖਾਸਾ ਨੇ ਸੰਬੋਧਨ ਕਰਦਿਆਂ ਆਖਿਆ ਕਿ ਕਿਸਾਨ ਸੰਘਰਸ਼ ਦੀ ਬਦੌਲਤ ਦਿੱਲੀ ਵਾਸੀਆਂ ਨੂੰ ਆ ਰਹੀਆਂ ਦਿੱਕਤਾਂ ਲਈ ਮੋਦੀ ਸਰਕਾਰ ਜਿੰਮੇਵਾਰ ਹੈ। ਉਹਨਾਂ ਆਖਿਆ ਕਿ ਖੇਤੀ ਖੇਤਰ ਦੇ ਕਾਰਪੋਰੇਟ ਘਰਾਣਿਆਂ ਦੇ ਹੱਥਾਂ ‘ਚ ਚਲੇ ਜਾਣ ਉਪਰੰਤ ਨਾਂ ਸਿਰਫ ਜਨਤਕ ਵੰਡ ਪ੍ਰਣਾਲੀ ਦਾ ਭੋਗ ਪੈ ਜਾਵੇਗਾ ਸਗੋਂ ਇਥੋਂ ਦੀ ਪੈਦਾਵਾਰ ਕਾਰਪੋਰੇਟ ਘਰਾਣਿਆਂ ਤੇ ਸਾਮਰਾਜੀ ਬਹੁਕੌਮੀ ਕੰਪਨੀਆਂ ਦੇ ਮੁਨਾਫਿਆਂ ਨੂੰ ਮੁੱਖ ਰੱਖ ਕੇ ਹੀ ਕੀਤੀ ਜਾਵੇਗੀ ਜਿਸ ਨਾਲ ਅਨਾਜ ਤੇ ਹੋਰ ਖੁਰਾਕੀ ਵਸਤਾਂ ਦੀਆਂ ਅਸਮਾਨੀਂ ਚੜ ਜਾਣਗੀਆਂ।
ਉਹਨਾਂ ਜੋਰ ਦੇ ਕੇ ਆਖਿਆ ਕਿ ਮੋਦੀ ਹਕੂਮਤ ਵੱਲੋਂ ਲਾਗੂ ਕੀਤਾ ਜਾ ਰਿਹਾ ਕਾਰਪੋਰੇਟ ਖੇਤੀ ਮਾਡਲ ਬੇਰੁਜਗਾਰੀ ਮਹਿੰਗਾਈ ਤੇ ਕਾਲਾ ਬਾਜਾਰੀ ਨੂੰ ਸ਼ਿਖਰਾਂ ‘ਤੇ ਪੁਚਾ ਦੇਵੇਗਾ । ਉਹਨਾਂ ਆਖਿਆ ਕਿ ਕਿਸਾਨ ਆਪਣੇ ਕਿੱਤੇ ਨੂੰ ਬਚਾਉਣ ਦੇ ਨਾਲ-ਨਾਲ ਦੇਸ਼ ਦੇ ਸਮੂਹ ਨਾਗਰਿਕਾਂ ਦੇ ਹਿੱਤਾਂ ਦੀ ਲੜਾਈ ਵੀ ਲੜ ਰਹੇ ਹਨ। ਇਸੇ ਕਰਕੇ ਉਹਨਾਂ ਦੇ ਸੰਘਰਸ਼ ਨੂੰ ਮੁਲਕ ਭਰ ਚੋਂ ਜੋਰਦਾਰ ਹਮਾਇਤ ਮਿਲ ਰਹੀ ਹੈ। ਉਹਨਾਂ ਦਿੱਲੀ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਹਨਾਂ ਪੱਖਾਂ ਨੂੰ ਧਿਆਨ ਚ ਰੱਖਦਿਆਂ ਮੁਸ਼ਕਲਾਂ ਨੂੰ ਖਿੜੇ ਮੱਥੇ ਪ੍ਰਵਾਨ ਕਰਕੇ ਕਿਸਾਨ ਘੋਲ ਦੀ ਡਟਵੀ ਹਮਾਇਤ ਲਈ ਅੱਗੇ ਆਉਣ। ਇਸ ਮੌਕੇ ਮਾਨਵਤਾ ਕਲਾਂ ਮੰਚ ਨਗਰ(ਪਲਸ ਮੰਚ) ਵੱਲੋਂ ਨਾਟਕ ਸੁਪਰ ਪਾਵਰ ਅਤੇ ਦਿੱਲੀ ਦੀ ਹਕੂਮਤੇ ਨੀ ਲੋਕਾਂ ਦੀਏ ਵੈਰਨੇ ਸਮੂਹ ਗਾਇਨ ਪੇਸ਼ ਕੀਤੇ ਗਏ। ਲੋਕ ਸੰਗੀਤ ਮੰਡਲੀ ਜੀਦਾ (ਜਗਸੀਰ ਜੀਦਾ) ਨੇ ਵਿਅੰਗ ਬੋਲੀਆਂ ਤੇ ਅਜਮੇਰ ਸਿੰਘ ਅਕਲੀਆਂ ਨੇ ਇਨਕਲਾਬੀ ਗੀਤ ਪੇਸ਼ ਕੀਤੇ