ਅਸ਼ੋਕ ਵਰਮਾ
ਬਠਿੰਡਾ, 5 ਦਸੰਬਰ 2020 - ਕਿਸਾਨ ਅੰਦੋਲਨ ਦੀ ਹਮਾਇਤ ਵਿੱਚ ਪੇਂਡੂ ਲੋਕਾਂ ਦੇ ਨਾਲ-ਨਾਲ ਹੁਣ ਸਰਕਾਰੀ ਡਾਕਟਰ ਅਤੇ ਹੋਰ ਮੁਲਾਜਮ ਵਰਗ ਵੀ ਜੁੜਨ ਲੱਗਿਆ ਹੈ । ਮਾਨਸਾ ਜਿਲੇ ’ਚ ਕਰੋਨਾ ਡਿਊਟੀ ਨਿਭਾ ਰਹੇ ਈਐਨਟੀ ਸਪੈਸ਼ਲਿਸਟ ਡਾਕਟਰ ਰਣਜੀਤ ਸਿੰਘ ਰਾਏ ਅਤੇ ਹੋਰ ਸਾਥੀਆਂ ਨੇ ਦਿੱਲੀ ’ਚ ਚੱਲ ਰਹੇ ਕਿਸਾਨ ਧਰਨਿਆਂ ਦੀ ਹਮਾਇਤ ਦਾ ਐਲਾਨ ਕੀਤਾ ਹੈ। ਡਾਕਟਰਾਂ ਨੇ ਡਿਊਟੀ ਦੌਰਾਨ ਆਪਣੀਆਂ ਪੀਪੀ ਕਿੱਟਾਂ ਤੇ ਹੱਕ ਪਰਚੇ ਲਾ ਲਏ ਹਨ। ਉਹਨਾਂ ਅੱਜ ਇਕੱਠੇ ਹੋਕੇ ‘ਜੈ ਜਵਾਨ ਜੈ ਕਿਸਾਨ’ ਦਾ ਨਾਅਰਾ ਬੁਲੰਦ ਕੀਤਾ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾਣ।
ਡਾਕਟਰ ਰਾਏ ਨੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਸਮੇਤ ਬਿਜਲੀ ਐਕਟ ਦਾ ਵਿਰੋਧ ਕਰਦਿਆਂ ਕਿਸਾਨੀ ਘੋਲ ਨੂੰ ਪੂਰੀ ਤਰਾਂ ਵਾਜਬ ਦੱਸਿਆ ਹੈ। ਉਹਨਾਂ ਕਿਹਾ ਕਿ ਕਿਸਾਨੀ ਵਿਰੋਧੀ ਤਿੰਨਾਂ ਖੇਤੀ ਆਰਡੀਨੈਸਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਦੀ ਪੂਰਨ ਹਮਾਇਤ ਕੀਤੀ ਗਈ ਹੈ। ਉਹਨਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਜਿਸ ਤਰਾਂ ਦਾ ਰਵੱਈਆ ਅਪਣਾ ਰਹੀ ਹੈ ਉਸ ਨਾਲ ਕਿਸਾਨਾਂ ‘ਚ ਰੋਸ ਪਾਇਆ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਕਿਸਾਨ ਅੰਦੋਲਨ ਹੁਣ ਸਿਰਫ ਕਿਸਾਨਾਂ ਦਾ ਨਹੀਂ ਸਗੋਂ ਸਮਾਜ ਦੇ ਹਰ ਵਰਗ ਅਤੇ ਹਰੇਕ ਨਾਗਰਿਕ ਦਾ ਬਣ ਗਿਆ ਹੈ। ਦੱਸਣਯੋਗ ਹੈ ਕਿ ਡਾਕਟਰ ਰਣਜੀਤ ਸਿੰਘ ਰਾਏ ਹੁਣ ਤੱਕ ਕਰੀਬ 18 ਹਜਾਰ ਕਰੋਨਾ ਸੈਂਪਲ ਲੈ ਚੁੱਕੇ ਹਨ। ਉਹਨਾਂ ਵੱਲੋਂ ਛੁੱਟੀ ਵਾਲੇ ਦਿਨ ਵੀ ਸੈਂਪਿਗ ਕੀਤੀ ਜਾਂਦੀ ਹੈ। ਵੱਡੀ ਗੱਲ ਹੈ ਕਿ ਡਾਕਟਰ ਰਣਜੀਤ ਸਿੰਘ ਰਾਏ ਨੇ ਇਸ ਦੌਰਾਨ ਕੋਈ ਛੁੱਟੀ ਵੀ ਨਹੀਂ ਲਈ ਹੈ।