ਨਵੀਂ ਦਿੱਲੀ, 6 ਦਸੰਬਰ 2020 - ਕੈਨੇਡਾ ਦੇ ਸਾਹਿਤਕਾਰਾਂ, ਕਲਾਕਾਰਾਂ, ਰੰਗਕਰਮੀਆਂ, ਖਿਡਾਰੀਆਂ, ਨਸਲਵਾਦ-ਵਿਰੋਧੀ ਕਾਰਕੁੰਨਾਂ, ਤਰਕਸ਼ੀਲਾਂ ਅਤੇ ਸਮਾਜ-ਸੇਵੀਆਂ ਦੀਆਂ ਸੋਲਾਂ ਜੱਥੇਬੰਦੀਆਂ ਵੱਲੋਂ ਅੱਜ ਪ੍ਰੈੱਸ ਦੇ ਨਾਮ ਇਹ ਸਾਂਝਾ ਬਿਆਨ ਜਾਰੀ ਕਰਦਿਆਂ ਭਾਰਤੀ ਕਿਸਾਨ ਅੰਦੋਲਨ ਦੀ ਡਟਵੀਂ ਹਮਾਇਤ ਦਾ ਐਲਾਨ ਕੀਤਾ ਗਿਆ ਹੈ। ਦੂਜੀ ਸੰਸਾਰ ਜੰਗ ਸਮੇਂ ਸੁਭਾਸ਼ ਚੰਦਰ ਬੋਸ ਵੱਲੋਂ ਦਿੱਤੇ ਗਏ 'ਦਿੱਲੀ ਚੱਲੋ' ਦੇ ਨਾਹਰੇ ਦੀ ਸਪਿਰਟ ਨੂੰ ਸੁਰਜੀਤ ਕਰਦਿਆਂ, ਪੰਜਾਬ ਦੀਆਂ ਕਿਸਾਨ ਜੱਥੇਬੰਦੀਆਂ ਵੱਲੋਂ, ਤਿੰਨ ਕਿਸਾਨ ਵਿਰੋਧੀ ਬਿਲਾਂ ਦੇ ਖ਼ਿਲਾਫ਼ ਜੱਦੋ-ਜਹਿਦ ਨੂੰ ਸਿਖਰਲਾ ਮੋੜ ਦਿੰਦਿਆਂ, 25 ਨਵੰਬਰ 2020 ਨੂੰ 'ਦਿੱਲੀ ਚੱਲੋ' ਦਾ ਐਲਾਨ ਕੀਤਾ ਗਿਆ ਸੀ।ਪੰਜਾਬ ਦੀਆਂ 32 ਕਿਸਾਨ ਜੱਥੇਬੰਦੀਆਂ ਦੀ ਅਗਵਾਈ ਹੇਠ, ਲੱਖਾਂ ਦੀ ਤਾਦਾਦ ਵਿੱਚ ਨੌਜਵਾਨਾਂ, ਬਜ਼ੁਰਗਾਂ, ਔਰਤਾਂ ਦੇ ਕਾਫ਼ਲੇ 25 ਨਵੰਬਰ ਤੋਂ ਦਿੱਲੀ ਪਹੁੰਚਣੇ ਸ਼ੁਰੂ ਹੋ ਗਏ ਹਨ।
ਪੰਜਾਬ ਦੇ ਕਿਸਾਨਾਂ ਦੇ ਇਹਨਾਂ ਕਾਫ਼ਲਿਆਂ ਨੂੰ ਹੁਣ ਤੱਕ ਹਰਿਆਣਾ, ਉੱਤਰ ਪ੍ਰਦੇਸ, ਰਾਜਸਥਾਨ, ਬਿਹਾਰ, ਮੱਧ ਪ੍ਰਦੇਸ, ਉੜੀਸਾ, ਮਹਾਂਰਾਸ਼ਟਰ, ਕੇਰਲਾ, ਨਾਗਾਲੈਂਡ, ਕਰਨਾਟਕ ਅਤੇ ਗੁਜਰਾਤ ਦੀਆਂ ਅਨੇਕਾਂ ਕਿਸਾਨ ਜੱਥੇਬੰਦੀਆਂ ਦੀ ਗਹਿਗੱਡਵੀਂ ਸ਼ਮੂਲੀਅਤ ਹਾਸਲ ਹੋ ਚੁੱਕੀ ਹੈ। ਭਾਰਤ ਦੇ 28 ਦੇ 28 ਸੂਬਿਆਂ ਵਿੱਚੋਂ ਲੱਖਾਂ ਦੀ ਗਿਣਤੀ ਵਿੱਚ ਕਿਸਾਨ-ਕਾਫ਼ਲੇ, ਰਾਹਬੰਦੀ ਦੀਆਂ ਸਾਰੀਆਂ ਮੁਸ਼ਕਲਾਂ ਨੂੰ ਚੀਰਦੇ ਹੋਏ ਦਿੱਲੀ ਪਹੁੰਚ ਚੁੱਕੇ ਹਨ, ਅਤੇ ਆਏ ਦਿਨ ਪਹੁੰਚ ਰਹੇ ਹਨ।
ਪੰਜਾਬ ਦੀਆਂ ਕਿਸਾਨ ਜੱਥੇਬੰਦੀਆਂ ਦੀ ਅਗਵਾਈ ਹੇਠ ਸ਼ੁਰੂ ਹੋਏ ਇਸ ਅੰਦੋਲਨ ਨੂੰ, ਜਿਵੇਂ ਸਮਾਜ ਦੇ ਬਾਕੀ ਹਿੱਸਿਆਂ (ਮਜ਼ਦੂਰ ਜੱਥੇਬੰਦੀਆਂ, ਅਧਿਆਪਕ ਜੱਥੇਬੰਦੀਆਂ, ਵਿਦਿਆਰਥੀ ਜੱਥੇਬੰਦੀਆਂ, ਔਰਤ ਜੱਥੇਬੰਦੀਆਂ, ਤਰਕਸ਼ੀਲ ਜੱਥੇਬੰਦੀਆਂ, ਸਾਹਿਤਕ-ਸੱਭਿਆਚਾਰਕ ਸਭਾਵਾਂ, ਨਾਟ-ਮੰਡਲੀਆਂ, ਪੱਤਰਕਾਰਾਂ, ਗੀਤਕਾਰਾਂ, ਗਾਇਕਾਂ, ਬੁੱਧੀਜੀਵੀਆਂ, ਪ੍ਰੋਫ਼ੈਸਰਾਂ, ਡਾਕਟਰਾਂ, ਨਰਸਾਂ, ਵਕੀਲਾਂ, ਵਿਗਿਆਨੀਆਂ, ਰਿਸਰਚ ਸਕਾਲਰਾਂ, ਕਰਮਚਾਰੀਆਂ, ਦੁਕਾਨਦਾਰਾਂ, ਛੋਟੇ ਵਪਾਰੀਆਂ, ਢਾਬਿਆਂ, ਟੈਕਸੀ ਅਤੇ ਆਟੋ ਯੂਨੀਅਨਾਂ, ਟ੍ਰਾਂਸਪੋਰਟ ਯੂਨੀਅਨਾਂ, ਜਮਹੂਰੀ ਅਧਿਕਾਰ ਸੰਸਥਾਵਾਂ, ਸਮਾਜ-ਸੇਵਕ ਸੰਸਥਾਵਾਂ) ਵੱਲੋਂ ਭਰਵੀਂ ਹਮਾਇਤ ਦੇਣ ਦੇ ਐਲਾਨ ਜਾਰੀ ਹੋ ਚੁੱਕੇ ਹਨ ਤੇ ਹੋ ਰਹੇ ਹਨ, ਉਸ ਤੋਂ ਇਸ ਅੰਦੋਲਨ ਦੇ ਭਾਰਤੀ ਜਨ ਅੰਦੋਲਨ ਵਿੱਚ ਤਬਦੀਲ ਹੋਣ ਦੀਆਂ ਰੋਸ਼ਨ ਸੰਭਾਵਨਾਵਾਂ ਸਪਸ਼ਟ ਨਜ਼ਰ ਆ ਰਹੀਆਂ ਹਨ।
ਪੰਜਾਬ ਦੀ ਨੌਜਵਾਨੀ ਨੇ ਇਹ ਦਰਸਾ ਦਿੱਤਾ ਹੈ ਕਿ ਉਹਨਾਂ ਵਿੱਚ ਗ਼ਦਰ ਲਹਿਰ ਅਤੇ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦੇ ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਭਗਤ ਸਿੰਘ-ਰਾਜਗੁਰੂ-ਸੁਖਦੇਵ, ਸ਼ਹੀਦ ਊਧਮ ਸਿੰਘ ਸੁਨਾਮ ਉਰਫ਼ ਮੁਹੰਮਦ ਸਿੰਘ ਆਜ਼ਾਦ ਦੀ ਸਪਿਰਟ ਜਿਊਂਦੀ ਜਾਗਦੀ ਹੈ. ਭਾਰਤ ਦੇ ਕੋਨੇ ਕੋਨੇ ਵਿੱਚੋਂ ਗੂੰਜਣ ਲੱਗੇ 'ਕਿਸਾਨ-ਮਜ਼ਦੂਰ ਏਕਤਾ ਜ਼ਿੰਦਾਬਾਦ' ਦੇ ਨਾਹਰਿਆਂ ਵਿੱਚੋਂ ਪੂਰੇ ਦੇ ਪੂਰੇ ਭਾਰਤ ਦੀ ਜਗਦੀ ਤੇ ਮਘਦੀ ਸ਼ਮੂਲੀਅਤ ਨਜ਼ਰ ਆਉਂਦੀ ਹੈ। ਸੰਯੁਕਤ ਕਿਸਾਨ ਮੋਰਚੇ ਵਿੱਚ ਔਰਤਾਂ ਦੀ ਭਰਵੀਂ ਸ਼ਮੂਲੀਅਤ 'ਖੇਤਾਂ ਦੇ ਪੁੱਤ' ਕਿਸਾਨਾਂ ਨੂੰ 'ਧਰਤੀ ਮਾਂ' ਵਾਂਗ ਅਸ਼ੀਰਵਾਦ ਦੇ ਰਹੀ ਹੈ। ਇਸ ਸਾਂਝੇ ਬਿਆਨ ਰਾਹੀਂ ਅਸੀਂ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਦੀ ਪੁਰ-ਜ਼ੋਰ ਹਮਾਇਤ ਕਰਦੇ ਹਾਂ।
1. ਨਿੰਦਣਯੋਗ ਗੱਲਾਂ
* ਭਾਰਤ ਸਰਕਾਰ ਵੱਲੋਂ ਆਪਣੀ ਬਹੁ-ਸੰਮਤੀ ਹੋਣ ਦੇ ਹੈਂਕੜਬਾਜ ਵਤੀਰੇ ਦੀ, ਅਤੇ ਸਮੱਸਿਆ ਦੇ ਹੱਲ ਨੂੰ ਲਮਕਾਉਣ ਦੀ ਟਾਲ਼ਮਟੋਲ਼ ਵਾਲ਼ੀ ਢੁੱਚਰਬਾਜ਼ ਨੀਤੀ ਦੀ ਪੁਰ-ਜ਼ੋਰ ਨਿੰਦਾ ਕਰਦੇ ਹਾਂ।
* ਭਾਰਤ ਸਰਕਾਰ ਵੱਲੋਂ ਕਿਸਾਨਾਂ ਉੱਤੇ, ਰਾਹਬੰਦੀ ਦੀਆਂ ਸਾਰੀਆਂ ਅੜਚਨਾਂ (ਲਾਠੀ-ਚਾਰਜ, ਅੱਥਰੂ ਗੈਸ ਦੇ ਗੋਲ਼ੇ, ਕੰਡਿਆਲ਼ੀਆਂ ਵਾੜਾਂ, ਪੱਥਰੀਲੇ ਬੈਰੀਕੇਡ, ਪਾਣੀ ਤੋਪਾਂ) ਠੋਸਣ ਦੀ ਪੁਰ-ਜ਼ੋਰ ਨਿਖੇਧੀ ਕਰਦੇ ਹਾਂ।
* ਭਾਰਤ ਸਰਕਾਰ ਦੇ ਕੰਟਰੋਲ ਵਿੱਚ ਚੱਲ ਰਹੇ ਮੀਡੀਆ (ਜਿਸ ਨੂੰ ਲੋਕ, ਵਿਅੰਗ ਨਾਲ 'ਗੋਦੀ ਮੀਡੀਆ' ਕਹਿ ਕੇ ਤ੍ਰਿਸਕਾਰ ਰਹੇ ਹਨ) ਵੱਲੋਂ ਕਿਸਾਨ ਅੰਦੋਲਨ ਦੀ ਗ਼ਲਤ ਤਸਵੀਰਕਸ਼ੀ ਕਰਨ ਦਾ ਵਿਰੋਧ ਕਰਦੇ ਹਾਂ।
* ਪੰਜਾਬ ਵਿੱਚਲੀਆਂ ਤਿੰਨੇ ਸਿਆਸੀ ਪਾਰਟੀਆਂ ਵੱਲੋਂ ਕਿਸਾਨਾਂ ਦੀ ਹਮਾਇਤ ਵਿੱਚ, ਠੋਸ ਐਲਾਨ ਨਾ ਕਰ ਕੇ ਸਿਰਫ਼ ਡੰਗ-ਟਪਾਊ ਬਿਆਨਬਾਜ਼ੀ ਦੀ ਨਿਖੇਧੀ ਕਰਦੇ ਹਾਂ.
2. ਸ਼ਲਾਘਾਯੋਗ ਗੱਲਾਂ
* ਕਿਸਾਨ ਜੱਥੇਬੰਦੀਆਂ ਵੱਲੋਂ ਇਸ ਅੰਦੋਲਨ ਨੂੰ ਨਿਹਾਇਤ ਸ਼ਾਂਤਮਈ ਅਤੇ ਨਿਹਾਇਤ ਹੀ ਅਨੁਸ਼ਾਸਨ-ਬੱਧ ਤਰੀਕੇ ਨਾਲ਼ ਚਲਾਉਣ ਦੀ ਪੁਰ-ਜ਼ੋਰ ਸ਼ਲਾਘਾ ਕਰਦੇ ਹਾਂ।
* ਕਿਸਾਨ ਜੱਥੇਬੰਦੀਆਂ ਵੱਲੋਂ, ਭਾਰਤੀ ਕਿਸਾਨ ਅੰਦੋਲਨ ਨੂੰ ਮੌਕਾਪ੍ਰਸਤ ਰਾਜਨੀਤਕ ਪਾਰਟੀਆਂ; ਧਾਰਮਿਕ ਅਤੇ ਫਿਰਕੂ ਰੁਝਾਨਾਂ ਤੋਂ ਨਿਰਲੇਪ ਰੱਖ ਕੇ, ਇਸ ਅੰਦੋਲਨ ਨੂੰ ਹਿੰਦੂ, ਮੁਸਲਿਮ ਅਤੇ ਸਿੱਖ ਏਕਤਾ ਦਾ ਪ੍ਰਤੀਕ ਬਣਾ ਕੇ ਚਲਾਉਣ ਦਾ ਪੁਰ-ਜ਼ੋਰ ਸਵਾਗਤ ਕਰਦੇ ਹਾਂ।
* ਕਿਸਾਨ-ਮਜ਼ਦੂਰ ਭਾਈਚਾਰੇ ਦੀਆਂ, ਅੰਦੋਲਨਕਾਰੀਆਂ ਲਈ ਅਤੇ ਲੋੜਵੰਦ ਸਰਕਾਰੀ ਅਮਲੀ-ਫੈਲੇ ਵਾਸਤੇ ਦਿਲ-ਖੋਲ੍ਹਵੇਂ ਲੰਗਰ ਲਾਉਣ ਦੀਆਂ ਨਿਰ-ਵਿਤਕਰਾ ਸੇਵਾਵਾਂ, ਦੀ ਭਰਪੂਰ ਪ੍ਰਸੰਸਾ ਕਰਦੇ ਹਾਂ।
* ਅੰਤਰ-ਰਾਸ਼ਟਰੀ ਜੱਥੇਬੰਦੀਆਂ ਵੱਲੋਂ ਮੈਡੀਕਲ ਸਹਾਇਤਾ, ਰੋਸ ਮੁਜ਼ਾਹਰੇ, ਅਤੇ ਮੀਡੀਆ ਰਿਪੋਰਟਾਂ ਰਾਹੀਂ ਕਿਸਾਨ ਸੰਘਰਸ਼ ਦੀ ਹਮਾਇਤ ਦੀ ਪ੍ਰਸੰਸਾ ਕਰਦੇ ਹਾਂ।
* ਆਗੂ ਜੱਥੇਬੰਦੀਆਂ ਦੁਆਰਾ, ਸਰਕਾਰੀ ਏਜੰਸੀਆਂ ਵੱਲੋਂ ਘੁਸਪੈਠ ਕਰਕੇ ਅੰਦੋਲਨ ਨੂੰ ਗ਼ਲਤ ਦਿਸ਼ਾ ਵਿੱਚ ਭਟਕਾਉਣ ਤੋਂ ਮੁਕਤ ਰੱਖਣ ਦੀ ਭਰਪੂਰ ਸ਼ਲਾਘਾ ਕਰਦੇ ਹਾਂ।
* ਆਗੂ ਜੱਥੇਬੰਦੀਆਂ ਦੇ ਹੇਠ ਲਿਖੀਆਂ ਜਾਣੀਆਂ-ਪਛਾਣੀਆਂ ਸਰਕਾਰੂ ਚਾਲਾਂ ਤੋਂ ਚੁਕੰਨੇ ਰਹਿਣ ਦੀ ਰਣਨੀਤੀ ਦੀ ਭਰਪੂਰ ਸ਼ਲਾਘਾ ਕਰਦੇ ਹਾਂ:
ਹੈਂਕੜਬਾਜ ਹਕੂਮਤ ਕਿਸੇ ਨਾ ਕਿਸੇ ਬਹਾਨੇ ਅੰਦੋਲਨਕਾਰੀਆਂ ਉੱਤੇ ਅੱਤਵਾਦੀ, ਵੱਖਵਾਦੀ, ਫਿਰਕੂ, ਮਾਓਵਾਦੀ, ਨਕਸਲਵਾਦੀ, ਅਤੇ ਦੇਸ਼-ਧ੍ਰੋਹੀ ਹੋਣ ਦੇ ਇਲਜ਼ਾਮ ਲਾ ਕੇ ਕਿਸੇ ਵੀ ਸੂਬੇ (ਵਿਸ਼ੇਸ਼ ਤੌਰ 'ਤੇ ਪੰਜਾਬ) ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰ ਸਕਦੀ ਹੈ; ਦੇਸ਼ ਨੂੰ ਸੈਨਾ ਜਾਂ ਸੁਰੱਖਿਆ ਬਲਾਂ ਦੇ ਹਵਾਲੇ ਕਰ ਸਕਦੀ ਹੈ; ਘੇਰਾਬੰਦੀ ਕਰਕੇ ਕਿਸਾਨ ਜੱਥੇਬੰਦੀਆਂ 'ਤੇ ਸਿੱਧਾ ਹਮਲਾ ਕਰ ਸਕਦੀ ਹੈ; ਕਿਸਾਨਾਂ ਦੇ ਚਰਿੱਤਰ ਨੂੰ ਬਦਨਾਮ ਕਰਨ ਦੀਆਂ ਸਾਜ਼ਸ਼ਾਂ ਸਕਦੀ ਹੈ; ਝੂਠੇ ਕੇਸ ਮੜ੍ਹ ਸਕਦੀ ਹੈ।
* ਅਸੀਂ ਆਗੂ ਜੱਥੇਬੰਦੀਆਂ ਦੁਆਰਾ ਕਿਸਾਨਾਂ ਦੇ ਇਸ ਵਿਆਪਕ ਰੋਹ ਨੂੰ ਇੱਕ ਅਨੁਸ਼ਾਸਨ-ਬੱਧ ਲੋਕ ਲਹਿਰ ਵਿੱਚ ਤਬਦੀਲ ਕਰਕੇ ਆਪਣੇ ਅੰਦੋਲਨ ਨੂੰ ਜਿੱਤ ਦੀ ਮੰਜ਼ਲ ਤੱਕ ਪਹੁੰਚਾਉਣ ਦੇ ਨਿਰੰਤਰ ਤੇ ਅਣਥੱਕ ਯਤਨਾਂ ਦੀ ਭਰਪੂਰ ਸ਼ਲਾਘਾ ਕਰਦੇ ਹਾਂ। ਸਾਰੀਆਂ ਕਿਸਾਨ ਜੱਥੇਬੰਦੀਆਂ, ਉਹਨਾਂ ਦੇ ਮੋਢੇ ਨਾਲ਼ ਮੋਢਾ ਡਾਹ ਕੇ ਡਟੀਆਂ ਹੋਈਆਂ ਹੋਰ ਜੱਥੇਬੰਦੀਆਂ ਤੇ ਯੂਨੀਅਨਾਂ, ਅਤੇ ਇਹਨਾਂ ਦੀ ਹਮਾਇਤ 'ਚ ਨਿੱਤਰਿਆ ਜਨ-ਸਧਾਰਨ, ਭਰਪੂਰ ਉਪਮਾ ਦੇ ਹੱਕਦਾਰ ਹਨ।