ਜੈਤੋ 7 ਬਾਜਾਖਾਨਾ ਚੌਂਕ ਵਿੱਚ ਪੁਤਲਾ ਫੂਕਦੇ ਹੋਏ ਪ੍ਰਦਰਸ਼ਨਕਾਰੀ।
ਮਨਿੰਦਰਜੀਤ ਸਿੱਧੂ
ਜੈਤੋ, 7 ਦਿਸੰਬਰ, 2020 - ਕੇਂਦਰ ਸਰਕਾਰ ਦੁਆਰਾ ਲਿਆਂਦੇ ਗਏ ਤਿੰਨ ਕਾਨੂੰਨਾਂ ਖਿਲਾਫ ਜਿੱਥੇ ਦੇਸ਼ ਭਰ ਦੇ ਕਿਸਾਨ ਦਿੱਲੀ ਵਿਖੇ ਮੋਰਚੇ ਉੱਪਰ ਡਟੇ ਹੋਏ ਹਨ ਅਤੇ ਕਿਸਾਨ ਆਗੂਆਂ ਦੀਆਂ ਲਗਾਤਾਰ ਸਰਕਾਰ ਦੇ ਮੰਤਰੀਆਂ ਨਾਲ ਮੀਟਿੰਗਾਂ ਹੋ ਰਹੀਆਂ ਹਨ। ਲਗਾਤਾਰ ਹੋ ਰਹੀਆਂ ਮੀਟਿੰਗਾਂ ਦੇ ਬੇਸਿੱਟਾ ਹੋਣ ਤੋਂ ਬਾਅਦ ਦੇਸ਼ ਦੀਆਂ ਸਮੂਹ ਜੱਥੇਬੰਦੀਆਂ ਵੱਲੋਂ 8 ਦਿਸੰਬਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ।
ਇਸ ਸੱਦੇ ਦੀ ਹਮਾਇਤ ਵਿੱਚ ਜੈਤੋ ਦੇ ਵੱਖ-ਵੱਖ ਵਰਗਾਂ ਦੇ ਨੁਮਾਇੰਦਿਆਂ ਦੀ ਅਗਵਾਈ ਵਿੱਚ ਜੈਤੋ ਸ਼ਹਿਰ ਅੰਦਰ ਵਿਸ਼ਾਲ ਮਾਰਚ ਕੱਢਿਆ ਗਿਆ। ਮਾਰਚ ਦੌਰਾਨ ਕੇਂਦਰ ਸਰਕਾਰ ਦੇ ਅੜਬ ਰਵੱਈਏ ਦੇ ਵਿਰੋਧ ਵਿੱਚ ਮੁਰਦਾਬਾਦ ਅਤੇ ਕਿਸਾਨ ਏਕਤਾ ਜਿੰਦਾਬਾਦ ਦੇ ਨਾਅਰੇ ਲਗਦੇ ਰਹੇ।ਮਾਰਚ ਉਪਰੰਤ ਜੈਤੋ ਦੇ ਬਾਜਾਖਾਨਾ ਰੋਡ ਚੌਂਕ ਵਿੱਚ ਪਹੁੰਚ ਕੇ ਪ੍ਰਦਰਸ਼ਨਕਾਰੀਆਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ। ਇਸ ਪ੍ਰਦਰਸ਼ਨ ਵਿੱਚ ਮਾਰਕਿਟ ਸੁਧਾਰ ਕਮੇਟੀ ਦੇ ਪ੍ਰਧਾਨ ਰਾਕੇਸ਼ ਕੁਮਾਰ ‘ਘੋਚਾ’, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਜ਼ਿਲ੍ਹਾ ਆਗੂ ਨਾਇਬ ਸਿੰਘ ਭਗਤੂਆਣਾ, ਭਾਕਿਯੂ ਸਿੱਧੂਪੁਰ ਏਕਤਾ ਦੇ ਬਲਾਕ ਪ੍ਰਧਾਨ ਛਿੰਦਰਪਾਲ ਸਿੰਘ, ਪੰਜਾਬੀ ਗਾਇਕ ਜਸਵਿੰਦਰ ਸਿੱਧੂ, ਜਗਦੇਵ ਸਿੰਘ ਢੱਲਾ, ਗੇਲਾ ਜੈਲਦਾਰ, ਛੱਜੂ ਰਾਮ ਬਾਂਸਲ, ਬੰਤ ਰਾਮ ਦਬੜੀਖਾਨਾ, ਮਲਕੀਤ ਕਿੱਟੀ, ਹਰਵਿੰਦਰਪਾਲ ‘ਕਾਲਾ ਸ਼ਰਮਾ’, ਬਲਦੇਵ ‘ਬੱਲੀ’, ਕੁਲਦੀਪ ਸਿੰਘ ਕੀਪਾ, ਗੁਰਦੀਪ ਸਿੰਘ ਬਿੱਟੂ, ਜੀਵਨ ਗਰਗ, ਮਾਸਟਰ ਗੁਰਬਖਸ਼ ਸਿੰਘ ਆਦਿ ਨੇ ਸ਼ਮਮੂਲੀਅਤ ਕੀਤੀ। ਬੁਲਾਰਿਆਂ ਨੇ ਮਾਰਚ ਦੌਰਾਨ ਸਾਰੇ ਸ਼ਹਿਰਵਾਸੀਆਂ ਅਤੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਕੱਲ ਦੇ ਬੰਦ ਨੂੰ ਪੂਰਨ ਸਮਰਥਨ ਦੇਣ। ਇਹ ਲੜਾਈ ਸਿਰਫ ਕਿਸਾਨਾਂ ਦੀ ਨਾ ਹੋ ਕੇ ਸਾਰੇ ਵਰਗਾਂ, ਧਰਮਾਂ, ਮਜ੍ਹਬਾਂ ਅਤੇ ਫਿਰਕਿਆਂ ਦੀ ਸਾਂਝੀ ਲੜਾਈ ਬਣ ਗਈ ਹੈ ਅਤੇ ਇਸ ਨੂੰ ਵੀਰਤਾ ਨਾਲ ਲੜਨਾ ਸਾਡਾ ਸਭ ਦਾ ਫਰਜ ਹੈ।