ਅਸ਼ੋਕ ਵਰਮਾ
ਬਠਿੰਡਾ, 8 ਦਸੰਬਰ 2020 - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਭਾਰਤ ਬੰਦ ਦੇ ਸੱਦੇ ਤਹਿਤ ਅੱਜ ਬਠਿੰਡਾ ਬਾਦਲ ਰੋਡ ਤੇ ਘੁੱਦਾ, ਬਠਿੰਡਾ ਅੰਮ੍ਰਿਤਸਰ ਸੜਕ ਤੇ ਜੀਦਾ ,ਬਠਿੰਡਾ ਚੰਡੀਗੜ੍ਹ ਸੜਕ ਤੇ ਲਹਿਰਾ ਬੇਗਾ , ਬਾਜਾਖਾਨਾ ਬਰਨਾਲਾ ਸੜਕ ਤੇ ਭਗਤਾ ਭਾਈ, ਭੁੱਚੋ ਮੰਡੀ ਭਗਤਾ ਸੜਕ ਤੇ ਨਥਾਣਾ ,ਬਠਿੰਡਾ ਸਰਦੂਲਗੜ ਰੋਡ ਤੇ ਤਲਵੰਡੀ ਸਾਬੋ ਅਤੇ ਬਠਿੰਡਾ ਹਾਈਵੇ ਤੇ ਰਿਲਾਇੰਸ ਮਾਲ ਲਾਗੇ ਸਮੇਤ ਸੱਤ ਥਾਵਾਂ ਤੇ ਸੜਕਾਂ ਜਾਮ ਕੀਤੀਅਆਂ ਗਈਆਂ ਜਦੋਂਕਿ ਬਠਿੰਡਾ ਅੰਬਾਲਾ ਟਰੈਕ ਤੇ ਰਾਮਪੁਰਾ ’ਚ ਫਾਟਕ ਤੇ ਅਤੇ ਫਿਰੋਜਪੁਰ ਦਿੱਲੀ ਟਰੈਕ ਤੇ ਓਵਰ ਬਰਿੱਜ ਦੇ ਥੱਲੇ ਮੌੜ ਮੰਡੀ ਰੇਲ ਲਾਈਨ ਉੱਪਰ ਹਜਾਰਾਂ ਕਿਸਾਨਾਂ ਨੌਜਵਾਨਾ,ਔਰਤਾਂ ਅਤੇ ਦੁਕਾਨਦਾਰਾਂ ਨੇ ਧਰਨਾ ਦੇ ਕੇ ਆਵਾਜਾਈ ਠੱਪ ਕੀਤੀ।
ਇਸ ਮੌਕੇ ਇਕੱਠਾਂ ਨੂੰ ਸੰਬੋਧਨ ਕਰਦਿਆ ਕਿਸਾਨ ਆਗੂ ਦਰਸ਼ਨ ਸਿੰਘ ਮਾਈਸਰਖਾਨਾ, ਮੋਠੂ ਸਿੰਘ ਕੋਟੜਾ ਅਤੇ ਜਗਸੀਰ ਸਿੰਘ ਝੁੰਬਾ ਨੇ ਕਿਹਾ ਕਿ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਿਹਾ ਘੋਲ ਲੋਕ ਘੋਲ ਵਿੱਚ ਵਟ ਚੁੱਕਾ ਹੈ ਜਿਸ ਨੂੰ ਦੇਸਾਂ ਵਿਦੇਸ਼ਾਂ ਵਿੱਚ ਵੀ ਭਰਵਾਂ ਸਮਰਥਨ ਮਿਲ ਰਿਹਾ ਹੈ। ਮੋਦੀ ਸਰਕਾਰ ਦਾ ਕਾਰਪੋਰੇਟ ਪ੍ਰੇਮ ਇਸ ਹੱਦ ਤੱਕ ਹੈ ਕਿ ਏਨਾਂ ਲੋਕ ਵਿਰੋਧ ਸਹੇੜਨ ਦੇ ਬਾਵਜੂਦ ਵੀ ਸਰਕਾਰ ਕਾਨੂੰਨ ਰੱਦ ਕਰਨ ਲਈ ਤਿਆਰ ਨਹੀਂ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਨਾਲ ਮੁਲਕ ਦੇ ਹੋਰਨਾਂ ਸੂਬਿਆਂ ਵੱਲੋਂ ਵੀ ਲਗਾਤਾਰ ਦਿੱਲੀ ਮੋਰਚੇ ’ਚ ਸ਼ਾਮਲ ਹੋਣਾ ਘੋਲ ਨੂੰ ਤਕੜਾਈ ਹੀ ਬਖਸ਼ ਰਿਹਾ ਹੈ।
ਉਹਨਾਂ ਕਿਹਾ ਕਿ ਸਰਕਾਰ ਦੀ ਢੀਠਤਾਈ ਇੱਥੋਂ ਤਕ ਹੈ ਕਿ ਲੋਕਾਂ ਨੂੰ ਠੰਡ ਕਾਰਨ ਵਾਪਸ ਮੁੜਨ ਦੀਆਂ ਬੇਨਤੀਆਂ ਕੀਤੀਆਂ ਜਾ ਰਹੀਆਂ ਹਨ ਪਰ ਕਾਨੂੰਨ ਵਾਪਸ ਲੈਣ ਦੀ ਥਾਂ ਚਰਚਾ ਕਰਕੇ ਸਮਾਂ ਟਪਾਉਣ ਦਾ ਪੈਂਤੜਾ ਲਿਆ ਜਾ ਰਿਹਾ ਹੈ। ਜਗਦੇਵ ਸਿੰਘ ਜੋਗੇਵਾਲਾ ਨੇ ਕਿਹਾ ਕਿ ਸਰਕਾਰ ਇਸ ਅੰਦੋਲਨ ਨੂੰ ਵੱਖ ਵੱਖ ਬਹਾਨਿਆਂ ਹੇਠ ਤਾਰਪੀਡੋ ਕਰਨਾ ਚਾਹੁੰਦੀ ਹੈ ਪਰ ਮੁਲਕ ਦੇ ਨੌਜਵਾਨਾਂ ਵੱਲੋਂ ਦਿੱਤਾ ਹੋਸ਼ ਤੇ ਜੋਸ਼ ਦਾ ਸਬੂਤ ਕਾਬਲ ਏ ਤਰੀਫ ਹੈ। ਇਸ ਤਰਾਂ ਡਟੇ ਰਹਿਣ ਨਾਲ ਹੀ ਮੋਦੀ ਹਕੂਮਤ ਨੂੰ ਝੁਕਾਇਆ ਜਾ ਸਕਦਾ ਹੈ।ਅੱਜ ਦੇ ਧਰਨੇ ਦੌਰਾਨ ਕਾਲਾਝਾੜ ਟੋਲ ਪਲਾਜਾ ਤੇ ਸ਼ਹੀਦ ਹੋਈ ਮਾਤਾ ਗੁਰਦੇਵ ਕੌਰ ਅਤੇ ਇਸ ਮੋਰਚੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ ਗਈ।ਸ਼ਹੀਦ ਲਖਬੀਰ ਸਿੰਘ ਪਿੰਡ ਲਾਲੇਆਣਾ ਦੇ ਪਰਿਵਾਰ ਨੂੰ ਮੁਆਵਜ਼ਾ ਦਿਵਾਉਣ ਲਈ ਚੱਲ ਰਹੇ ਸੰਘਰਸ ’ਚ ਤਲਵੰਡੀ ਸਾਬੋ ਦੇ ਪ੍ਰਸ਼ਾਸ਼ਨ ਵੱਲੋਂ ਧੱਕਾ ਮੁੱਕੀ ਅਤੇ ਗਾਲੀ-ਗਲੋਚ ਦੇ ਵਿਹਾਰ ਦੀ ਨਿੰਦਾ ਵੀ ਕੀਤੀ ਗਈ।
ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਅਜਿਹੇ ਦੋਗਲੇ ਵਿਹਾਰ ਦਾ ਭਾਂਡਾ ਚੁਰਾਹੇ ਭੰਨਿਆ ਜਾਵੇਗਾ ਅਤੇ ਲੋਕ ਸ਼ਕਤੀ ਤੇ ਜੋਰ ਸਹੀਦ ਹੋਏ ਸਾਥੀਆਂ ਲਈ ਸਹਾਇਤਾ ਰਾਸ਼ੀ, ਸਰਕਾਰੀ ਨੌਕਰੀ ਅਤੇ ਕਰਜਾ ਮੁਆਫੀ ਕਰਵਾਈ ਜਾਵੇਗੀ। ਅੱਜ ਸੁਖਜੀਤ ਸਿੰਘ ਕੋਠਾ ਗੁਰੂ, ਪਾਲਾ ਸਿੰਘ ਕੋਠਾ ਗੁਰੂ , ਸੁਖਦੇਵ ਸਿੰਘ ਰਾਮਪੁਰਾ , ਬਲਜੀਤ ਸਿੰਘ ਪੂਹਲਾ, ਸਿਮਰਾ ਸਿੰਘ ਚੱਕ ਫਤਹਿ ਸਿੰਘ ਵਾਲਾ , ਗੁਰਪਾਲ ਸਿੰਘ ਦਿਉਣ, ਧਰਮਪਾਲ ਸਿੰਘ ਜੰਡੀਆਂ , ਬਿੰਦਰ ਸਿੰਘ ਜੋਗੀ ਵਾਲਾ ਜੋਗੇਵਾਲਾ ਤੋਂ ਇਲਾਵਾ ਅਧਿਆਪਕਾਂ, ਠੇਕਾ ਸੰਘਰਸ਼ ਮੋਰਚਾ, ਨੌਜਵਾਨ ਭਾਰਤ ਸਭਾ, ਪੀ ਐਸ ਯੂ ਸਹੀਦ ਰੰਧਾਵਾ, ਉੱਘੇ ਗਾਇਕਾਂ ਸਮੇਤ ਹੋਰ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਨੇ ਵੀ ਸੰਬੋਧਨ ਕੀਤਾ। ਲੋਕ ਪੱਖੀ ਗਾਇਕਾਂ ਅਤੇ ਕਵੀਸ਼ਰੀ ਜਥਿਆਂ ਵੱਲੋਂ ਗੀਤ ਅਤੇ ਕਵੀਸ਼ਰੀਆਂ ਪੇਸ਼ ਕੀਤੀਆਂ ਗਈਆਂ।