ਸ਼ੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ ਵੀਡਿਓ
ਪੰਜਾਬ ਦੇ ਨਾਮਵਰ ਗਾਇਕ ਕੰਵਰ ਗਰੇਵਾਲ ਨੇ ਵੀਡਿਓ ਨੂੰ ਫੇਸਬੁੱਕ ਖ਼ਾਤੇ ’ਤੇ ਕੀਤਾ ਸਾਂਝਾ
ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 9 ਦਸੰਬਰ 2020-ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਖ਼ਿਲਾਫ਼ ਦਿੱਲੀ ’ਚ ਕਿਸਾਨ ਪਿਛਲੇ 15 ਦਿਨਾਂ ਤੋਂ ਧਰਨਿਆਂ ’ਤੇ ਡਟੇ ਹੋਏ ਹਨ। ਇੰਨ੍ਹਾਂ ਕਿਸਾਨਾਂ ਦੇ ਹੌਂਸਲੇ ਤੇ ਮਦਦ ਲਈ ਦੇਸ਼ ਵਿਦੇਸ਼ ਤੋਂ ਪੰਜਾਬੀ ਅੱਗੇ ਆ ਰਹੇ ਹਨ, ਉਥੇ ਹੀ ਪੰਜਾਬ ’ਚ ਵੀ ਹਰ ਵਰਗ ਆਪਣਾ ਬਣਦਾ ਸਹਿਯੋਗ ਕਰ ਰਿਹਾ ਹੈ, ਪਰ ਹੁਣ ਦਿੱਲੀ ਵਿਖੇ ਸੰਘਰਸ਼ ਕਰ ਰਹੇ ਕਿਸਾਨਾਂ ਦੇ ਹੌਂਸਲੇ ਹੋਰ ਮਜ਼ਬੂਤ ਕਰਨ ਲਈ ਪੰਜਾਬੀਆਂ ਨੇ ਨਵਾਂ ਉਪਰਾਲਾ ਕੀਤਾ ਹੈ ਕਿ ਵਿਆਹ ਵਰਗੇ ਸਮਾਗਮਾਂ ’ਚ ਸ਼ਗਨ ਦੇ ਪੈਸਿਆਂ ਨੂੰ ਕਿਸਾਨੀ ਸੰਘਰਸ਼ ਲਈ ਭੇਜਿਆ ਜਾਣ ਲੱਗਾ ਹੈ। ਜੀ ਹਾਂ...ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਸ਼ਹਿਰ ਮਲੋਟ ਤੋਂ ਅਜਿਹੀ ਹੀ ਇੱਕ ਵੀਡਿਓ ਵਾਇਰਲ ਹੋਈ ਹੈ, ਜਿਸ ਵਿੱਚ ਰਿਸੈਪਸ਼ਨ ਪਾਰਟੀ ਦੌਰਾਨ ਇੱਕ ਗੋਲਕ ਲਗਾਈ ਗਈ, ਜਿਸ ਵਿੱਚ ਰਿਸ਼ਤੇਦਾਰਾਂ ਤੇ ਸਨੇਹੀਆਂ ਨੂੰ ਅਨਾਊਸਮੈਂਟ ਕਰਕੇ ਸ਼ਗਨ ਪਾਉਣ ਲਈ ਕਿਹਾ ਜਾ ਰਿਹਾ ਹੈ ਤੇ ਨਾਲ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜੋ ਵੀ ਸ਼ਗਨ ਇਕੱਠਾ ਹੋਵੇਗਾ, ਇਹ ਸਿੱਧਾ ਦਿੱਲੀ ਬੈਠੇ ਕਿਸਾਨਾਂ ਲਈ ਭੇਜਿਆ ਜਾਵੇਗਾ।
ਜਾਣਕਾਰੀ ਅਨੁਸਾਰ ਮਲੋਟ ਨਜ਼ਦੀਕ ਪੈਂਦੇ ਪਿੰਡ ਸੇਖੋਂ ਵਾਸੀ ਅਭਿਜੀਤ ਸਿੰਘ ਬਰਾੜ ਤੇ ਜਸਮਨਪ੍ਰੀਤ ਕੌਰ ਦੀ ਰਿਸੈਪਸ਼ਨ ਪਾਰਟੀ ਹੋਈ, ਜਿਸ ਵਿੱਚ ਬਰਾੜ ਪਰਿਵਾਰ ਵੱਲੋਂ ਕਿਸਾਨਾਂ ਦੀ ਮਦਦ ਲਈ ਖ਼ੁਦ ਸ਼ਗਨ ਲੈਣ ਦੀ ਥਾਂ ਇੱਕ ਗੋਲਕ ਦਾ ਇੰਤਜਾਮ ਕੀਤਾ ਗਿਆ, ਜਿਸ ਵਿੱਚ ਲੋਕਾਂ ਨੇ ਆਪਣੀ ਸ਼ਰਧਾ ਮੁਤਾਬਿਕ ਸ਼ਗਨ ਪਾਏ ਹਨ। ਇਹ ਵੀਡਿਓ ਸ਼ੋੋਸ਼ਲ ਮੀਡੀਆ ’ਤੇ ਕਾਫ਼ੀ ਜ਼ਿਆਦਾ ਵਾਇਰਲ ਹੋ ਰਹੀ ਹੈ, ਜਿਸ ਨੂੰ ਜਿੱਥੇ ਆਮ ਲੋਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ, ਉਥੇ ਹੀ ਪੰਜਾਬ ਦੇ ਨਾਮਵਰ ਗਾਇਕ ਕੰਵਰ ਗਰੇਵਾਲ ਨੇ ਇਸ ਵੀਡਿਓ ਨੂੰ ਆਪਣੇ ਫੇਸਬੁੱਕ ਖ਼ਾਤੇ ’ਤੇ ਸਾਂਝਾ ਕਰਦਿਆਂ ਇਸ ਪਰਿਵਾਰ ਦੀ ਰੱਜ ਕੇ ਤਾਰੀਫ਼ ਕੀਤੀ ਹੈ।
ਇਸ ਪੋਸਟ ਨੂੰ ਸ਼ੇਅਰ ਕਰਦਿਆਂ ਕੰਵਰ ਗਰੇਵਾਲ ਨੇ ਲਿਖਿਆ ਹੈ ਕਿ ‘ਕਮਾਲ ਦਾ ਫੈਸਲਾ ਕੀਤਾ ਇਸ ਪਰਿਵਾਰ ਨੇ ਕਿ ਵਿਆਹ ’ਚ ਮਿਲਣ ਵਾਲਾ ਸ਼ਗਨ ਗੋਲਕ ’ਚ ਪਵਾਕੇ ਦਿੱਲੀ ਕਿਸਾਨ ਅੰਦੋਲਨ ਨੂੰ ਭੇਜਿਆ ਜਾਵੇ’। ਇਸ ਸਬੰਧੀ ਵਿਆਹ ਵਾਲੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਸ਼ਗਨ ਦਾ ਪੈਸਾ ਦਿੱਲੀ ਕਿਸਾਨ ਮੋਰਚੇ ਨੂੰ ਭੇਜਣਗੇ। ਜ਼ਿਕਰਯੋਗ ਹੈ ਕਿ ਇਹ ਅੰਦੋਲਨ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਕਿਸਾਨਾਂ ਨੇ ਦਿੱਲੀ ਸਰਹੱਦਾਂ ’ਤੇ ਡੇਰੇ ਲਗਾਏ ਹੋਏ ਹਨ। ਜਿੱਥੇ ਇੱਕ ਪਾਸੇ ਕਿਸਾਨ ਖੇਤੀਬਾੜੀ ਦੇ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਮੰਗ ’ਤੇ ਅੜ੍ਹੇ ਹੋਏ ਹਨ, ਉਥੇ ਹੀ ਦੂਜੇ ਪਾਸੇ ਕੇਂਦਰ ਸਰਕਾਰ ਇਸ ਮੁੱਦੇ ’ਤੇ ਕੋਈ ਵਿਚਲਾ ਰਸਤਾ ਕੱਢਣ ਤੇ ਕਿਸਾਨਾਂ ਨੂੰ ਖੇਤੀਬਾੜੀ ਕਾਨੂੰਨਾਂ ਦੇ ਲਾਭ ਸਮਝਾਉਣ ’ਤੇ ਕਾਇਮ ਹੈ। ਇਸ ਮੁੱਦੇ ਨੂੰ ਲੈ ਕੇ ਕੇਂਦਰ ਸਰਕਾਰ ਤੇ ਕਿਸਾਨ ਆਗੂਆਂ ’ਚ ਕਈ ਵਾਰ ਮੀਟਿੰਗ ਹੋ ਚੁੱਕੀ ਹੈ, ਪਰ ਅਜੇ ਤੱਕ ਗੱਲ ਕਿਸੇ ਤਣ ਪੱਤਣ ਨਹੀਂ ਲੱਗੀ ਹੈ।