ਅਸ਼ੋਕ ਵਰਮਾ
- ਰਣਜੀਤ ਬਾਵਾ ਨੇ ਦਿੱਤੇ ਕਿਸਾਨੀ ਸੰਘਰਸ਼ ਨੂੰ ਬੋਲ
ਬਠਿੰਡਾ, 9 ਦਸੰਬਰ 2020 - ਪੰਜਾਬ ਦੇ ਮਸ਼ਹੂਰ ਗਾਇਕ ਰਣਜੀਤ ਬਾਵਾ ਨੇ ਹੁਣ ਆਪਣੇ ਬੋਲਾਂ ਰਾਹੀਂ ਜਿੱਥੇ ਕਿਸਾਨੀ ਸੰਘਰਸ਼ ਨੂੰ ਢਾਹ ਲਾਉਣ ਵਾਲੀਆਂ ਤਾਕਤਾਂ ਨੂੰ ਵੰਗਾਰਿਆ ਹੈ ਉੱਥੇ ਹੀ ਮੁਲਕ ਅਜਾਦ ਕਰਵਾਉਣ ਵੇਲੇ ਪੰਜਾਬੀਆਂ ਦੀਆਂ ਕੁਰਬਾਨੀਆਂ ਨੂੰ ਵਡਿਆਉਂਦਿਆਂ ਪੰਜਾਬ ਦੋਖੀਆਂ ਨਾਲ ਜੋਟੀ ਪਾਉਣ ਵਾਲਿਆਂ ਨੂੰ ਨਸੀਹਤ ਦਿੱਤੀ ਹੈ। ਗੀਤ ’ਚ ਪੰਜਾਬ ਦੀਆਂ ਸਰਹੱਦਾਂ ਦੀ ਰਾਖੀ ਕਰਦਿਆਂ ਚੜ੍ਹਦੀ ਉਮਰ ’ਚ ਸ਼ਹੀਦ ਹੋਏ ਪੰਜਾਬ ਦੇ ਮੁੱਛ ਫੁੱਟ ਗੱਭਰੂਆਂ ਅਤੇ ਅਜਾਦੀ ਘਲਾਟੀਆਂ ਸੋਹਣ ਸਿੰਘ ਭਕਨਾ ਅਤੇ ਬਾਬਾ ਖੜਕ ਸਿੰਘ ਦਾ ਉੱਭਰਵੇਂ ਰੂਪ ’ਚ ਜਿਕਰ ਕੀਤਾ ਗਿਆ ਹੈ। ਰਣਜੀਤ ਬਾਵਾ ਦੀ ਤਾਜਾ ਵੀਡੀਓ ਐਲਬਮ ‘ਬੋਲਦਾ ਪੰਜਾਬ ’ ਚ ਮੌਜੂਦਾ ਸੰਘਰਸ਼ ’ਚ ਹਕੂਮਤਾਂ ਵੱਲੋਂ ਕਿਸਾਨਾਂ ਤੇ ਕੀਤੇ ਜਬਰ ਦੀ ਗੱਲ ਵੀ ਉਠਾਈ ਗਈ ਹੈ। ਗੀਤ ਲੇਖਕ ਲਵਲੀ ਨੂਰ ਨੇ ਇਹ ਗੀਤ ਲਿਖਿਆ ਹੈ ਜਿਸ ਨੂੰ ਸੰਗੀਤਕਾਰ ਸੁੱਖ ਬਰਾੜ ਨੇ ਸੰਗੀਤ ਦੀਆਂ ਸ਼ਾਨਦਾਰ ਧੁੰਨਾਂ ’ਚ ਪਰੋਇਆ ਹੈ।
ਪੰਜਾਬ ਦਾ ਪੁੱਤ ਅਤੇ ਲੋਕ ਪੱਖੀ ਗਾਇਕ ਹੋਣ ਦੇ ਨਾਤੇ ਬਾਵਾ ਨੂੰ ਕਿਸਾਨੀ ਦੀ ਮੰਦਹਾਲੀ ਬਾਰੇ ਨੇੜਿਓਂ ਸਮਝ ਹੈ। ਉਹ ਆਖਦਾ ਹੈ ਕਿ ਜੇਕਰ ਖੇਤੀ ਕਾਨੂੰਨ ਲਾਗੂ ਹੋ ਗਏ ਤਾਂ ਕਿਸਾਨੀ ਅਤੇ ਪੰਜਾਬ ਦੀ ਤਬਾਹੀ ਨੂੰ ਕੋਈ ਨਹੀਂ ਰੋਕ ਸਕਦਾ ਹੈ। ਰਣਜੀਤ ਬਾਵਾ ਦਰਜਨਾਂ ਕਿਸਾਨ ਧਰਨਿਆਂ ’ਚ ਸ਼ਾਮਲ ਹੋਕੇ ਕਿਸਾਨਾਂ ਦੇ ਦੁੱਖਾਂ ਦੀ ਅਵਾਜ਼ ਬਣ ਚੁੱਕਿਆ ਹੈ। ਹਾਲਾਂਕਿ ਕਿਸਾਨ ਸੰਘਰਸ਼ ਸ਼ੁਰੂ ਹੋਣ ਤੋਂ ਬਾਅਦ ਦਰਜਨਾਂ ਗਾਣੇ ਹਨ ਜੋ ਖੇਤੀ ਕਾਨੂੰਨਾਂ ਕਾਰਨ ਪੈਦਾ ਹੋਣ ਵਾਲੇ ਕਿਸਾਨਾਂ ਦੀਆਂ ਦਿੱਕਤਾਂ ਦੀ ਗੱਲ ਕਰਦੇ ਹਨ ਪ੍ਰੰਤੂ ਦਿੱਲੀ ਜਾਂਦਿਆਂ ਕਿਸਾਨਾਂ ਵੱਲੋਂ ਕੀਤਾ ਗਿਆ ਪੁਲਿਸ ਕਾਰਵਾਈ ਦਾ ਸਾਹਮਣਾ ਅਤੇ ਕੰਗਣਾ ਰਣਾਉਤ ਆਦਿ ਵੱਲੋਂ ਬੋਲੇ ਬੋਲ ਕੁਬੋਲਾਂ ਨੂੰ ਵੀ ਰਣਜੀਤ ਬਾਵਾ ਨੇ ਆਪਣੀ ਨਵੀਂ ਐਲਬਮ ’ਚ ਗਾਇਆ ਹੈ। ਅੱਜ ਕੱਲ੍ਹ੍ ਇਸ ਨਵੀਂ ਐਲਬਮ ਦੀ ਯੂ-ਟਿਊਬ ਪਲੇਟਫਾਰਮ ਤੇ ਕਾਫੀ ਧੁੰਮ ਪਈ ਹੋਈ ਹੈ।
ਗੀਤ ਦੀ ਸ਼ੁਰੂਆਤ ’ਚ ਬਾਵਾ ਗਾਉਂਦਾ ਹੈ ‘ਜੜੀ ਬੂਟੀ ਦੇਣੀ ਤੈਨੂੰ ਚੰਗੀ ਤਰਾਂ ਘੋਲਕੇ, ਗੱਲ ਸੁਣੀ ਬਾਲੀਵੁੱਡ ਵਾਲੀਏ ਨੀ ਚੰਗੀ ਤਰਾਂ ਕੰਨ ਖੋੋਹਲਕੇ। ਇਹਨਾਂ ਸਤਰਾਂ ਰਾਹੀਂ ਗਾਇਕ ਨੇ 80 ਸਾਲ ਦੀ ਬਿਰਧ ਔਰਤ ਬਾਰੇ ਕਹੀਆਂ ਗੱਲ ਦਾ ਕਰਾਰਾ ਜਵਾਬ ਦਿੱਤਾ ਹੈ ਤਾਂ ਅਗਲੀਆਂ ਲਾਈਨਾਂ ’ਚ ਉਸ ਨੇ ਇਸ ਅਭਿਨੇਤਰੀ ਨੂੰ ਵੰਗਾਰਦਿਆਂ ਪੰਜਾਬੀਆਂ ਦੇ ਬੁਲੰਦ ਜਜਬੇ ਦੀ ਗੱਲ ਕੀਤੀ ਹੈ। ਗੀਤ ਦੀਆਂ ਸਤਰਾਂ ਹਨ ‘ਜਿੰਨ੍ਹਾਂ ਨੂੰ ਤੂੰ ਉਡਦਾ ਪੰਜਾਬ ਦੱਸਦੀ ਉਨ੍ਹਾਂ ਨੇ ਦਿੱਲੀ ਵਿੱਚ ਪਾਤੇ ਨੀ ਕਛਹਿਰੇ ਸੁੱਕਣੇ’। ਇਸ ਗੀਤ ਰਾਹੀਂ ਰਣਜੀਤ ਬਾਵਾ ਨੇ ਪੰਜਾਬ ਦੇ ਲੋਕਾਂ ਨੂੰ ‘ਅੱਤਵਾਦੀ’ ਦੱਸਣ ਨੂੰ ਲੈਕੇ ਕੌਮੀ ਮੀਡੀਆ ਦੀ ਭੂਮਿਕਾ ਤੇ ਵੀ ਉਂਗਲ ਉਠਾਈ ਹੈ। ਉਸ ਨੇ ਦੁਬਾਰਾ ਅੰਗਰੇਜਾਂ ਦੇ ਆਉਣ ਦੀ ਸੂਰਤ ’ਚ ਦੇਸ਼ ਦੀ ਅਜਾਦੀ ਬਾਰੇ ਵੀ ਖਦਸ਼ਾ ਜਤਾਇਆ ਹੈ । ਗੀਤ ’ਚ ਮੌਜੂਦਾ ਕਿਸਾਨ ਸੰਘਰਸ਼ ’ਚ ਪੰਜਾਬ ਦੀ ਜੁਆਨੀ ਦੇ ਬੁਲੰਦ ਹੌਂਸਲਿਆਂ ਦੀ ਬਾਤ ਵੀ ਉੱਘੜਵੇਂ ਰੂਪ ’ਚ ਪਾਈ ਹੈ।
ਗੀਤ ’ਚ ਕਿਸਾਨ ਯੂਨੀਅਨ ਦਾ ਝੰਡਾ ਲਾਕੇ ਬਰਾਤ ਢੁੱਕਣ ਨੂੰ ਮਿਸਾਲ ਬਣਾਇਆ ਹੈ। ਗੀਤ ’ਚ ਟੇਢੇ ਢੰਗ ਨਾਲ ਮੋਦੀ ਸਰਕਾਰ ਨੂੰ ਸ਼ਰੀਕ ਦੱਸਦਿਆਂ ਹਰਿਆਣਾ ਨੂੰ ਭਰਾ ਦਾ ਦਰਜਾ ਦਿੱਤਾ ਗਿਆ ਹੈ। ਲੇਖਕ ਨੇ ਕਲਾਕਾਰ ਬਾਅਦ ’ਚ ਤੇ ਕਿਸਾਨੀ ਤਰਜੀਹੀ ਆਖਿਆ ਹੈ। ਦਿੱਲੀ ਕੂਚ ਕਰ ਰਹੇ ਕਿਸਾਨਾਂ ਤੇ ਮਾਰੀਆਂ ਪਾਣੀ ਦੀਆਂ ਬੁਛਾੜਾਂ ਅਤੇ ਰਾਹ ’ਚ ਰੱਖੇ ਪੱਥਰਾਂ ਦੀ ਖਿੱਲੀ ਉਡਾਈ ਗਈ ਹੈ। ‘ਗੀਤ ਅਨੁਸਾਰ ‘ਮਿਹਰਬਾਨੀ ਜਿਹੜੇ ਪਾਣੀ ਦੇ ਫੁਹਾਰੇ ਮਾਰਤੇ,ਉਂਜ ਵੀ ਤਾਂ ਫਿਰਦੇ ਸੀ ਨਹਾਉਣ ਨੂੰ’ ‘ਜਿਹੜੇ ਜਿਹੜੇ ਪੱਥਰਾਂ ਨੇ ਰਾਹ ਰੋਕਿਆ ਉਹ ਯੂਜ਼ ਕੀਤੇ ਰੋਟੀ ਲਾਹੁਣ ਲਈ’। ਕਲਾਕਾਰ ਹੋਣ ਦੇ ਨਾਤੇ ਇਸ ਗਾਣੇ ਜ਼ਰੀਏ ਰਣਜੀਤ ਬਾਵਾ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਇਹ ਨਾਰਾਜ਼ਗੀ ਜ਼ਾਹਿਰ ਕੀਤੀ ਹੈ ਜਿਸ ਨੂੰ ਲਗਾਤਾਰ ਸੁਣਿਆ ਜਾ ਰਿਹਾ ਹੈ।
ਖਾਸ ਤੌਰ ਤੇ ਨੌਜਵਾਨ ਆਪਣੇ ਸਮਾਰਟ ਫੋਨਾਂ ਰਾਹੀਂ ਇਸ ਵੀਡੀਓ ਐਲਬਮ ਵਿਚਲੇ ਬੋਲਾਂ ਨੂੰ ਸੁਣ ਅਤੇ ਦੇਖ ਰਹੇ ਹਨ। ਮਹੱਤਵਪੂਰਨ ਤੱਥ ਹੈ ਕਿ ਗੈਰ ਕਿਸਾਨੀ ਵਾਲੀ ਜੁਆਨੀ ਵੱਲੋਂ ਵੀ ਗੀਤ ਨੂੰ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ। ਦੋ ਦਿਨ ਪਹਿਲਾਂ ਤਾਂ ਇੱਕ ਵਿਆਹ ਸਮਾਗਮ ਦੌਰਾਨ ਨੌਜਵਾਨ ਮੁੰਡਿਆਂ ਅਤੇ ਮੁਟਿਆਰਾਂ ਨੂੰ ਵੀ ‘ਬੋਲਦਾ ਪੰਜਾਬ’ ਐਲਬਮ ਤੇ ਨੱਚਦੇ ਦੇਖਿਆ ਗਿਆ। ਇਸ ਵਿਆਹ ’ਚ ਤਾਂ ਸਟੇਜ਼ ਚਲਾ ਰਹੇ ਅਨਾਂਊਂਸਰ ਵੱਲੋਂ ਕਈ ਵਾਰ ਲੀਕ ਦੀ ਸ਼ੇਅਰੋ ਸ਼ਾਇਰੀ ਜਾਂ ਚੁਟਕਅਿਾਂ ਤੋਂ ਹਟਕੇ ਕਿਸਾਨੀ ਸੰਘਰਸ਼ ਦਾ ਜਿਕਰ ਵੀ ਕੀਤਾ ਗਿਆ। ਰਣਜੀਤ ਬਾਵਾ ਪਹਿਲਾਂ ਵੀ ਕਈ ਲੋਕ ਪੱਖੀ ਗੀਤ ਗਾ ਚੁੱਕਿਆ ਹੈ। ਸੰਗੀਤਕ ਹਲਕਿਆਂ ’ਚ ਉਸ ਨੂੰ ਸਾਫ ਸੁਥਰੀ ਗਾਇਕੀ ਦਾ ਸਟਾਰ ਮੰਨਿਆ ਜਾਂਦਾ ਹੈ।
ਕਿਸਾਨੀ ਖਿਲਾਫ ਮੰਦੇ ਵਰਤਾਰੇ ਨੂੰ ਨਸੀਹਤ
ਸਿਦਕ ਫੋਰਮ ਦੇ ਪ੍ਰਧਾਨ ਅਤੇ ਸਾਜਿਕ ਕਾਰਕੁੰਨ ਸਾਧੂ ਰਾਮ ਕੁਸਲਾ ਦਾ ਕਹਿਣਾ ਸੀ ਕਿ ਨਵੇਂ ਖੇਤੀ ਕਾਨੂੰਨ ਕਿਸਾਨਾਂ ਨੂੰ ਮੌਤ ਦੇ ਮੂੰਹ ਧੱਕਣ ਵਾਲੇ ਹਨ। ਉਨਾਂ ਕਿਹਾ ਕਿ ਛੋਟੀ ਤੇ ਦਰਮਿਆਨੀ ਕਿਸਾਨੀ ਨੂੰ ਕਾਰਪੋਰੇਟ ਖੇਤਰ ਦੀ ਨਵੀਂ ਮੰਡੀ ਨੇ ਢਾਹ ਲਾਉਣੀ ਹੈ। ਉਨਾਂ ਕਿਹਾ ਕਿ ਰਣਜੀਤ ਬਾਵਾ ਨੇ ਪਹਿਲਾਂ ਵੀ ਚੰਗੀ ਸੋਚ ਵਾਲੇ ਗਾਣੇ ਗਾਏ ਹਨ ਤੇ ਇਹ ਗੀਤ ਤਾਂ ਕਿਸਾਨਾਂ ਨੂੰ ਮੰਦੇ ਬੋਲ ਬੋਲਣ ਵਾਲਿਆਂ ਨੂੰ ਨਸੀਹਤ ਹੈ।