ਅਸ਼ੋਕ ਵਰਮਾ
ਮਾਨਸਾ, 9 ਦਸੰਬਰ 2020 - ਮੋਦੀ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਖਿਲਾਫ ਮਾਨਸਾ ਦੀ ਖੁਸ਼ਪਿੰਦਰ ਚੌਹਾਨ ਹੁਣ ਸੜਕ ’ਤੇ ਉੱਤਰੀ ਹੈ। ਉਸ ਨੂੰ ਮਾਪਿਆਂ ਤੋਂ ਸੰਘਰਸ਼ ਦੀ ਗੁੜਤੀ ਮਿਲੀ ਹੈ ਜਿਸ ਰਾਹੀਂ ਉਸ ਨੇ ਖੇਤੀ ਕਾਨੂੰਨਾਂ ਦਾ ਲਹੂ ਲੁਹਾਣ ਚਿਹਰਾ ਦੇਖਿਆ ਹੈ। ਅੱਜ 70ਵੇਂ ਦਿਨ ਮਾਨਸਾ ਵਿੱਚ ਲੱਗੇ ਪੱਕੇ ਧਰਨ ’ਚ ਪ੍ਰਦਰਸ਼ਨ ਹੋਇਆ, ਉਸ ’ਚ ਇਕੱਲੀ ਖੁਸ਼ਪਿੰਦਰ ਹੀ ਨਹੀਂ, ਦਰਜਨਾਂ ਕੁੜੀਆਂ ਕੁੱਦਣ ਲਈ ਤਿਆਰ ਹੋਈਆਂ ਹਨ ਜਿਹਨਾਂ ਨੂੰ ਖੇਤੀ ਤਬਾਹ ਹੋਣ ਦੇ ਖ਼ੌਫ ਨੇ ਝੰਜੋੜਿਆ ਹੈ। ਖੁਸ਼ਪਿੰਦਰ ਚੌਹਾਨ ਮਾਨਸਾ ਜਿਲੇ ਦੇ ਸੀਪੀਆਈ ਆਗੂ ਕਰਿਸ਼ਨ ਚੌਹਾਨ ਦੀ ਬੇਟੀ ਤੇ ਏਆਈਵਾਈਐਫ ਦੀ ਆਗੂ ਹੈ।
ਅੱਜ ਦੇ ਕਿਸਾਨ ਮੋਰਚੇ ਦੌਰਾਨ ਖੁਸ਼ਪਿੰਦਰ ਚੌਹਾਨ ਨੇ ਜ਼ੋਰਦਾਰ ਅਪੀਲ ਕਰਦਿਆਂ ਕਿਹਾ ਕਿ ਇਹ ਅੰਦੋਲਨ ਕੇਵਲ ਕਿਸਾਨੀ ਦਾ ਨਹੀਂ ਹੈ ਸਗੋਂ ਦੁਨੀਆਂ ਵਿੱਚ ਅੰਨ ਖਾਣ ਵਾਲੇ ਸਾਰੇ ਲੋਕਾਂ ਦਾ ਹੈ। ਉਹਨਾਂ ਆਖਿਆ ਕਿ ਆਪਣੀ ਅਣਖ ਇੱਜ਼ਤ ਅਤੇ ਰੋਟੀ ਨੂੰ ਬਚਾਉਣ ਲਈ ਅੰਬਾਨੀਆਂ ਅਡਾਨੀਆਂ ਦੀ ਗੋਡਣੀ ਲਵਾ ਕੇ ਹੀ ਦਮ ਲਿਆ ਜਾਏਗਾ। ਉਹਨਾਂ ਨੌਜਵਾਨ ਲੜਕੇ ਲੜਕੀਆਂ ਨੂੰ ਅਪੀਲ ਕੀਤੀ ਕਿ ਇਸ ਸੰਘਰਸ਼ ਵਿੱਚ ਪੂਰੀ ਤਰਾਂ ਸ਼ਮੂਲੀਅਤ ਕਰਕੇ ਇਸ ਅੰਦੋਲਨ ਨੂੰ ਜਿੱਤ ਤੱਕ ਲਿਆਂਦਾ ਜਾਵੇ ਤਾਂ ਜੋ ਭਵਿੱਖ ’ਚ ਕੋਈ ਵੀ ਮੋਦੀ ਪੈਲੀਆਂ ਵੱਲ ਕੈਰੀ ਅੱਖ ਨਾਂ ਝਾਕ ਸਕੇ।
ਉੱਧਰ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਧਰਨਾ ਲਗਾਤਾਰ 70ਵੇਂ ਦਿਨ ਵਿੱਚ ਧਰਨਾਕਾਰੀਆਂ ਦੇ ਹੌਸਲੇ ਅਤੇ ਜ਼ਜਬਾਤਾਂ ਨਾਲ ਜਾਰੀ ਰਿਹਾ ਅਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਤੱਕ ਸੰਘਰਸ਼ ਨੂੰ ਜਾਰੀ ਰੱਖਣ ਦਾ ਅਹਿਦ ਲਿਆ । ਕਿਸਾਨ ਜਥੇਬੰਦੀਆਂ ਅਤੇ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦਿੱਲੀ ਵਿਖੇ ਮੋਦੀ ਅਤੇ ਅਮਿਤ ਸ਼ਾਹ ਦੀਆਂ ਚੂਲਾਂ ਹਲਾਉਣ ਲਈ ਕਰੋ ਜਾਂ ਮਰੋ ਦੀ ਨੀਤੀ ਤਹਿਤ ਅੰਦੋਲਨ ਪੂਰੀਆਂ ਸਿਖਰਾਂ ਵੱਲ ਜਾ ਰਿਹਾ ਹੈ ।
ਉਹਨਾਂ ਕਿਹਾ ਕਿ ਪੂਰੀ ਦੁਨੀਆਂ ਦੀਆਂ ਨਜ਼ਰਾਂ ਕਿਸਾਨ ਜਥੇਬੰਦੀਆਂ ਦੀ ਲੀਡਰਸ਼ਿਪ ’ਤੇ ਲੱਗੀਆਂ ਹੋਈਆਂ ਹਨ ਕਿਉਂਕਿ ਮੋਦੀ ਸਰਕਾਰ ਦਾ ਮੰਤਰੀ ਮੰਡਲ ਅੰਦੋਲਨ ਨੂੰ ਤਾਰਪੀਡੋ ਕਰਨ ਲਈ ਤਰਾਂ ਤਰਾਂ ਦੇ ਪੱਤੇ ਚੱਲ ਰਿਹਾ ਹੈ । ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵਾਰ ਵਾਰ ਮੀਟਿੰਗਾਂ ਕਰਕੇ ਧਰਨਾਕਾਰੀਆਂ ਨੂੰ ਨਿਰਾਸ਼ ਕਰਨਾ ਚਾਹੁੰਦੀ ਹੈ ਪਰੰਤੂ ਜਥੇਬੰਦੀਆਂ ਦੇ ਆਗੂ ਅਤੇ ਕਾਰਕੁੰਨ ਅਟਲ ਅਤੇ ਦਿ੍ਰੜ ਇਰਾਦੇ ਨਾਲ ਫੈਸਲਾ ਕਰਕੇ ਚੱਲੇ ਹਨ ਕਿ ਕਾਲੇ ਕਾਨੂੰਨਾਂ ਨੂੰ ਮੁੱਢ ਤੋਂ ਰੱਦ ਕਰਵਾਉਣ ਲਈ ਸੰਘਰਸ਼ ਨੂੰ ਜਾਰੀ ਰੱਖਿਆ ਜਾਵੇਗਾ।
ਅੱਜ ਦੇ ਧਰਨੇ ਨੂੰ ਕੁੱਲ ਹਿੰਦ ਕਿਸਾਨ ਸਭਾ ਦੇ ਸਾਥੀ ਕਿ੍ਰਸ਼ਨ ਚੌਹਾਨ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਭਜਨ ਸਿੰਘ ਘੁੰਮਣ, ਬੀਕੇਯੂ ਡਕੌਂਦਾ ਦੇ ਮੱਖਣ ਉਡਤ, ਬਹੁਜਨ ਕ੍ਰਾਂਤੀ ਮੋਰਚਾ ਦੇ ਸੁਰਿੰਦਰ ਮਾਨਸਾ, ਜਮਹੂਰੀ ਕਿਸਾਨ ਸਭਾ ਦੇ ਮੇਜਰ ਸਿੰਘ ਦੂਲੋਵਾਲ, ਉਘੇ ਕਹਾਣੀਕਾਰ ਅਤੇ ਸਮਾਜ ਸੇਵੀ ਜ਼ਸਵੀਰ ਢੰਡ ਅਤੇ ਸੀਤਾ ਰਾਮ ਆਦਿ ਆਗੂਆਂ ਨੇ ਸੰਬੋਧਨ ਕੀਤਾ। ਸਟੇਜ਼ ਸੰਚਾਲਨ ਸਾਥੀ ਰਤਨ ਭੋਲਾ ਵੱਲੋਂ ਕੀਤਾ ਗਿਆ।