- ਸਿੱਖ ਪੰਥ ਕਰੇ ਮੰਨੂਵਾਦੀਆ, 84 ਵਾਲਿਆਂ ਅਤੇ ਬੇਅਦਬੀ ਦਲ ਨਾਲੋਂ ਤੋੜ ਵਿਛੋੜਾ- ਖਾਲੜਾ ਮਿਸ਼ਨ ਆਰਗੇਨਾਈਜੇਸ਼ਨ
ਅੰਮ੍ਰਿਤਸਰ, 10 ਦਸੰਬਰ 2020 - ਅੱਜ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਤੇ ਪੰਜਾਬੀ ਮਨੁੱਖੀ ਅਧਿਕਾਰ ਸੰਘਠਨ ਅਤੇ ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਨੇ ਕੋਮਾਂਤਰੀ ਮਨੁੱਖੀ ਅਧਿਕਾਰ ਦਿਵਸ ਦੇ ਮੌਕੇ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁੱਖ ਕਿਸਾਨ ਸੰਘਰਸ਼ ਤੇ ਪੰਥ ਪੰਜਾਬ ਦੀ ਚੜ੍ਹਦੀਕਲਾ ਲਈ ਅਰਦਾਸ ਕੀਤੀ ਗਈ। ਇਸ ਮੌਕੇ ਤੇ ਜੱਥੇਬੰਦੀਆਂ ਵੱਲੋਂ ਅਰਦਾਸ ਬੇਨਤੀ ਕਰਦਿਆਂ ਕਿਹਾ ਕਿ ਵਾਹਿਗੁਰੂ ਕਿਸਾਨ ਸੰਘਰਸ਼ ਨੂੰ ਸਫਲਤਾ ਬਖਸ਼ੇ ਅਤੇ ਸਮੇਂ ਦੇ ਹਾਕਮਾਂ ਨੂੰ ਸੁਮਤ ਬਖਸੇ। ਉਹ ਅੰਬਾਨੀਆਂ, ਅਡਾਨੀਆਂ ਦੀ ਗੁਲਾਮੀ ਤੋਂ ਬਾਹਰ ਆ ਕੇ ਹੰਕਾਰ ਮੱਕਾਰ ਛੱਡ ਖੇਤੀ ਕਾਨੁੰਨਾਂ ਨੂੰ ਰੱਦ ਕਰਨ। ਜੱਥੇਬੰਦੀਆਂ ਨੇ ਕਿਹਾ ਕਿ 1947 ਤੋਂ ਬਾਅਦ ਮੰਨੂਵਾਦੀਆਂ ਦੁਆਰਾ ਅਪਣਾਇਆ ਝੂਠੇ ਵਿਕਾਸ ਤੇ ਝੂਠੇ ਇਨਸਾਫ ਦਾ ਮਾਡਲ ਪੂਰੀ ਤਰ੍ਹਾਂ ਬੇਨਕਾਬ ਹੋ ਚੁੱਕਾ ਹੈ।
ਅੱਜ ਦਿੱਲੀ ਵਿਖੇ ਲੱਖਾਂ ਕਿਸਾਨ ਸੜਕਾਂ ਤੇ ਆ ਕੇ ਆਪਣੀ ਹੋਂਦ ਦੀ ਲੜਾਈ ਲੜ ਰਹੇ ਹਨ ਤੇ ਦੂਜੇ ਬੰਨੇ ਦੇਸ਼ ਦੇ ਸਭ ਤੋਂ ਵੱਡੇ ਮਲਕ ਭਾਗੋ ਨੇ ਸਰਕਾਰ ਦੀ ਮੇਹਰਬਾਨੀ ਨਾਲ ਪਾਪੀ ਕਾਰਨਾਮਿਆਂ ਰਾਂਹੀ 2015 ਵਿੱਚ 18.5 ਅਰਬ ਡਾਲਰ ਦੀ ਜਾਇਦਾਦ 5 ਸਾਲਾਂ ਵਿੱਚ 88.7 ਡਾਲਰ ਕਰ ਲਈ ਹੈ ਭਾਵ ਮੁਕੇਸ਼ ਅੰਬਾਨੀ ਦੀ ਜਾਇਦਾਦ 5 ਸਾਲਾਂ ਵਿੱਚ 5 ਗੁਣਾ ਵਧ ਕੇ 6.58 ਲੱਖ ਕਰੋੜ ਰੁਪਏ ਦੀ ਹੋ ਗਈ ਹੈ। ਮੰਨੂਵਾਦੀਆਂ ਦੀ ਟੋਲੀ ਰੋਜ ਕਿਸਾਨਾਂ ਦੀ ਆਮਦਨ ਦੋਗੁਣੀ ਕਰਨ ਦਾ ਪਿਛਲੇ 6 ਸਾਲਾਂ ਤੋਂ ਰਾਗ ਅਲਾਪ ਰਹੀ ਹੈ ਪਰ ਆਮਦਨ ਦੋਗੁਣੀ ਤਾਂ ਕੀ ਕਰਨੀ ਸੀ ਸਰਕਾਰ ਕਿਸਾਨਾਂ ਕੋਲੋਂ ਗੁਜਾਰੇ ਜੋਗੀ ਜਮੀਨ ਖੋਹਣ ਪੈ ਗਈ ਹੈ। ਉਨ੍ਹਾਂ ਕਿਹਾ ਕਿ ਮੋਜੂਦਾ ਮਾਡਲ ਧਾਰਮਿਕ ਦੁਸ਼ਮਣੀਆਂ ਕੱਢਦਾ ਹੈ ਜਿਸ ਕਾਰਨ ਸ੍ਰੀ ਦਰਬਾਰ ਸਾਹਿਬ ਤੇ ਫੌਜਾਂ ਚਾੜ ਕੇ ਤੋਪਾਂ, ਟੈਕਾਂ ਨਾਲ ਹਮਲਾ ਕਰਕੇ ਹਜਾਰਾਂ ਸਿੱਖਾਂ ਨੂੰ ਸ਼ਹੀਦ ਕੀਤਾ ਜਾਂਦਾ ਹੈ, ਪੰਜਾਬ ਦੀ ਧਰਤੀ ਹਜਾਰਾਂ ਕਿਸਾਨਾਂ ਗਰੀਬਾਂ ਦੇ ਪੁੱਤਰਾਂ ਨੂੰ ਝੂਠੇ ਮੁਕਾਬਲਿਆਂ ਵਿੱਚ ਸ਼ਹੀਦ ਕਰਕੇ ਰੰਗੀ ਜਾਂਦੀ ਹੈ ਪਰ ਕੋਈ ਪੁੱਛ ਪੜਤਾਲ ਨਹੀ ਹੁੰਦੀ ਹੈ।
ਜਵਾਨੀ ਜੇਲ੍ਹਾਂ ਵਿੱਚ ਰੁਲ ਕੇ ਬੁੱਢੀ ਹੋ ਜਾਂਦੀ ਹੈ ਪਰ ਕੋਈ ਅਪੀਲ-ਦਲੀਲ ਨਹੀਂ ਚੱਲਦੀ। ਸੁਪਰੀਮ ਕੋਰਟ ਦੇ ਨੱਕ ਹੇਠ ਭਾਂਵੇ ਹਜਾਰਾਂ ਸਿੱਖ ਦਿਨ ਦਿਹਾੜੇ ਨਵੰਬਰ 1984 ਵਿੱਚ ਗਲਾਂ ਵਿੱਚ ਟਾਇਰ ਪਾ ਕੇ ਸਾੜੇ ਜਾਣ ਕੋਈ ਨੋਟਿਸ ਨਹੀਂ ਲਿਆ ਜਾਂਦਾ ਭਾਂਵੇ ਲੱਖਾਂ ਕਿਸਾਨ ਲਗਤਾਰ ਠੰਡੀਆਂ ਰਾਤਾਂ ਵਿੱਚ ਆਪਣੇ ਪਰਿਵਾਰਾਂ ਨਾਲ ਦਿੱਲੀ ਦੀਆਂ ਸੜਕਾਂ ਤੇ ਰੁਲਣ ਅਤੇ ਸਰਕਾਰ ਕੋਲੋਂ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕਰਨ ਸੁਪਰੀਮ ਕੋਰਟ ਫਿਰ ਵੀ ਸਰਕਾਰ ਦੇ ਗੈਰ ਸੰਵਿਧਾਨਿਕ ਕਦਮ ਦਾ ਨੋਟਿਸ ਨਹੀ ਲੈਂਦੀ। ਜੱਥੇਬੰਦੀਆਂ ਨੇ ਮੰਗ ਕੀਤੀ ਕਿ ਸਰਕਾਰ ਖੇਤੀ ਕਾਨੂੰਨ ਰੱਦ ਕਰਕੇ ਅੰਬਾਨੀਆਂ, ਅਡਾਨੀਆਂ ਵਰਗਿਆਂ ਦੀਆਂ ਜਾਇਦਾਦਾਂ ਜੋ ਪਾਪਾਂ ਨਾਲ ਬਣੀਆਂ ਹਨ ਜਬਤ ਕਰਕੇ ਕਿਸਾਨਾਂ ਗਰੀਬਾਂ ਦੇ ਸਮੁੱਚੇ ਕਰਜੇ ਤੇ ਲੀਕ ਫੇਰੇ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਜਿੰਨ੍ਹਾਂ ਪੰਥ ਅਤੇ ਪੰਜਾਬ ਦੀ ਤਬਾਹੀ ਕੀਤੀ ਉਨ੍ਹਾਂ ਸਾਰਿਆਂ 84 ਵਾਲਿਆਂ, ਮੰਨੂਵਾਦੀਆਂ ਅਤੇ ਬੇਅਦਬੀ ਦਲ ਨੇ ਰਲ ਕੇ ਗੁਰੂ ਨਾਨਕ ਸਾਹਿਬ ਦਾ 550ਵਾਂ ਪ੍ਰਕਾਸ਼ ਦਿਹਾੜਾ ਮਨਾਇਆ ਪਰ ਕੋਈ ਸਿੱਖਿਆ ਨਹੀ ਲਈ। ਗੁਰੂ ਨਾਨਕ ਸਾਹਿਬ ਨੇ ਸੱਜਣ ਠੱਗ ਵਰਗੇ ਸੁਧਾਰ ਦਿੱਤੇ ਪਰ ਸਾਡੇ ਰਾਜਨੀਤਿਕ ਸੱਜਣ ਠੱਗਾਂ ਨਾਲੋਂ ਵੀ ਵੱਧ ਸਿਆਣੇ ਹਨ। ਇੱਕ ਬੰਨੇ ਕਿਸਾਨ ਗਰੀਬ ਭਾਈ ਲਾਲੋ ਦੇ ਵਾਰਿਸ ਆਪਣੀ ਹੋਂਦ ਦੀ ਲੜਾਈ ਲੜ ਰਹੇ ਹਨ ਦੂਜੇ ਬੰਨੇ ਮਲਕ ਭਾਗੋਆਂ ਦੇ ਜੋਟੀਦਾਰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400ਸਾਲਾਂ ਪ੍ਰਕਾਸ਼ ਪੁਰਬ ਰਲ ਕੇ ਮਨਾਉਣ ਦੀਆਂ ਤਿਆਰੀਆਂ ਵਿੱਚ ਹਨ।
ਪ੍ਰਧਾਨ ਮੰਤਰੀ ਵੱਲੋਂ ਇਸ ਕੰਮ ਲਈ ਬਣਾਈ ਕਮੇਟੀ ਵਿੱਚ ਮੰਨੂਵਾਦੀਏ, ਕਾਂਗਰਸ ਅਤੇ ਬਾਦਲਕੇ ਸ਼ਾਮਲ ਹਨ। ਇਸ ਸਮੇਂ ਚੱਲ ਰਿਹਾ ਸੰਘਰਸ਼ ਗੁਰੂ ਤੇਗ ਬਹਾਦਰ ਸਾਹਿਬ ਦੇ ਵਾਰਸਾਂ ਦਾ ਔਰੰਗਜੇਬ ਦੇ ਵਾਰਸਾਂ ਵਿਚਕਾਰ ਹੈ ਅਤੇ ਭਾਈ ਲਾਲੋ ਦੇ ਵਾਰਸਾਂ ਦਾ ਮਲਕ ਭਾਗੋਆਂ ਖਿਲਾਫ ਹੈ। ਉਨ੍ਹਾਂ ਕਿਹਾ ਕਿ ਸਿੱਖ ਪੰਥ ਨੂੰ ਮੰਨੂਵਾਦੀਆਂ, 84 ਵਾਲਿਆਂ ਅਤੇ ਬੇਅਦਬੀ ਦਲ ਨਾਲੋਂ ਤੋੜ ਵਿਛੋੜਾ ਕਰਨਾ ਚਾਹੀਦਾ ਹੈ ਅਤੇ ਇਸ ਸੰਬੰਧੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਣਾ ਚਾਹੀਦਾ ਹੈ। ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਮੰਨਿਆ ਹੈ ਕਿ ਹੁਣ ਕਰਤਾਰਪੁਰ ਸਾਹਿਬ ਵਾਲਾ ਮਾਡਲ ਹੀ ਦੇਸ਼-ਦੁਨੀਆਂ ਦੀ ਮਨੁੱਖਤਾਂ ਨੂੰ ਬਚਾ ਸਕਦਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਬੀਬੀ ਪਰਮਜੀਤ ਕੌਰ ਖਾਲੜਾ, ਐਡ. ਜਗਦੀਪ ਸਿੰਘ ਰੰਧਾਵਾ, ਕ੍ਰਿਪਾਲ ਸਿੰਘ ਰੰਧਾਵਾ, ਬਾਬਾ ਦਰਸ਼ਨ ਸਿੰਘ ਨੇ ਵਿਚਾਰ ਸਾਂਝੇ ਕੀਤੇ। ਹਾਜਰੀ ਭਰਨ ਵਾਲਿਆਂ ਵਿੱਚ ਸਤਵਿੰਦਰ ਸਿੰਘ ਪਲਾਸੌਰ, ਵਿਰਸਾ ਸਿੰਘ ਬਹਿਲਾਂ, ਹਰਮਨਦੀਪ ਸਿੰਘ ਸਰਹਾਲੀ, ਦਲੇਰ ਸਿੰਘ ਪੰਨੂ, ਦਲਬੀਰ ਸਿੰਘ ਭੀਲੋਵਾਲ, ਹਰਦਿਆਲ ਸਿੰਘ ਘਰਿਆਲਾ, ਗੁਰਜੀਤ ਸਿੰਘ ਤਰਸਿੱਕਾ, ਸਿਮਰਨਜੀਤ ਸਿੰਘ ਤਰਸਿੱਕਾ, ਪ੍ਰਵੀਨ ਕੁਮਾਰ, ਬਲਕਾਰ ਸਿੰਘ ਟਾਂਡਾ, ਬਲਜੀਤ ਸਿੰਘ ਬਿੱਟੂ, ਗੁਰਜੀਤ ਸਿੰਘ, ਗੋਪਾਲ ਸਿੰਘ, ਕਾਬਲ ਸਿੰਘ ਜੋਧਪੁਰ, ਸੰਤੋਖ ਸਿੰਘ ਕੰਡਿਆਲਾ, ਡਾ. ਕਾਬਲ ਸਿੰਘ, ਸਤਵੰਤ ਸਿੰਘ ਮਾਣਕ, ਕੁਲਦੀਪ ਸਿੰਘ ਅਤੇ ਜਸਬੀਰ ਕੌਰ ਕਿਲੀ ਬੋਦਲਾਂ ਆਦਿ ਨੇ ਹਾਜਰੀ ਭਰੀ।