ਨਵੀਂ ਦਿੱਲੀ, 10 ਦਸੰਬਰ 2020 - ਕੇਂਦਰ ਦੀ ਮੋਦੀ ਸਰਕਾਰ ਚਾਹੇ ਆਪਣੇ ਸਟੈਂਡ ਤੋ ਪਿੱਛੇ ਨਹੀ ਹਟ ਰਹੀ ਪ੍ਰੰਤੂ ਉਸ ਲਈ ਕਿਸਾਨ ਅੰਦੋਲਨ ਦਿਨੋ ਦਿਨ ਬਿਪਤਾ ਖੜੀ ਕਰ ਰਿਹਾ ਹੈ ਸਿੰਘੂ ਅਤੇ ਟੀਕਰੀ ਬਾਰਡਰ ਤੇ ਕਿਸਾਨਾ ਦੇ ਟਰੈਕਟਰ ਟਰਾਲੀਆ ਦੀਆਂ ਲਾਈਨਾ ਰੋਜਾਨਾ ਇੱਕ ਕਿਲੋਮੀਟਰ ਤੱਕ ਲੰਬੀਆਂ ਹੋ ਰਹੀਆਂ ਹਨ।
ਸੰਯੁਕਤ ਮੋਰਚੇ ਦੇ ਆਗੂ ਨਿਰਭੈ ਸਿੰਘ ਢੁੱਡੀਕੇ ਨਾਲ ਜਦੋ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਇਹ ਅੰਦੋਲਨ ਜਥੇਬੰਦੀਆਂ ਦਾ ਅੰਦੋਲਨ ਨਾ ਹੋ ਕੇ ਜਨ ਅੰਦੋਲਨ ਵਿੱਚ ਤਬਦੀਲ ਹੋ ਗਿਆ ਹੈ। ਸਿੰਘੂ ਬਾਰਡਰ ਤੇ ਹਰ ਰੋਜ 700 ਤੋ ਲੈ ਕੇ ਅੱਠ ਸੌ ਤੱਕ ਵਹੀਕਲ ਵਧ ਰਹੇ ਹਨ। ਇਸੇ ਤਰਾਂ ਟੀਕਰੀ ਬਾਰਡਰ ਤੇ 3 ਸੌ ਤੋ ਲੈ ਕੇ 4 ਸੌ ਤੱਕ ਵਹੀਕਲ ਰੋਜਾਨਾ ਆ ਰਹੇ ਹਨ। ਟੀਕਰੀ ਤੋਂ ਰੋਹਤਕ ਵੱਲ ਜਾਦੀ ਸੜਕ ਤੋ ਇਲਾਵਾ ਬਹਾਦਰਗੜ ਵਾਲੀ ਸੜਕ ਵੀ ਪੂਰੀ ਭਰ ਗਈ ਹੈ। ਜੇਕਰ ਦੋ ਵਹੀਕਲ ਵਾਪਿਸ ਜਾਦੇ ਹਨ ਤਾ ਦਸ ਆ ਰਹੇ ਹਨ ਨੇੜ੍ਲੀਆ ਲਿੰਕ ਸੜਕਾ ਸਮੇਤ ਖੁੱਲੀਆ ਗਲੀਆ ਵਿੱਚ ਵਹੀਕਲ ਖੜੇ ਹਨ।
ਲੋਕ ਪਿੰਡਾ ਤੋ ਤੁਰਨ ਲੱਗੇ ਗੁਰੂ ਘਰਾਂ ਚੋ ਇਹ ਅਰਦਾਸ ਕਰਕੇ ਚੱਲ ਰਹੇ ਹਨ ਕਿ ਕਾਨੂੰਨ ਵਾਪਸੀ ਤੋ ਬਿਨਾਂ ਉਹ ਘਰਾਂ ਨੂੰ ਵਾਪਿਸ ਨਹੀ ਆਉਣਗੇ। ਇਸੇ ਕਾਰਨ ਵੀ ਲੋਕਾਂ ਦੀ ਵਾਪਸੀ ਘੱਟ ਅਤੇ ਦਿੱਲੀ ਵੱਲੋ ਆਮਦ ਜਿਆਦਾ ਹੋ ਰਹੀ ਹੈ। ਲੋਕਾਂ ਵਿੱਚ ਭਾਵਨਾ ਹੈ ਕਿ ਜੇਕਰ ਇਹ ਕਾਨੂੰਨ ਵਾਪਿਸ ਨਾ ਹੋਏ ਤਾਂ ਜਮੀਨਾਂ ਕਿਸੇ ਹਾਲਤ ਵਿੱਚ ਸਾਡੇ ਕੋਲ ਨਹੀ ਰਹਿਣਗੀਆਂ ਉਨ੍ਹਾਂ ਨੂੰ ਆਪਣੇ ਪੁੱਤ ਪੋਤਰਿਆ ਦਾ ਭਵਿੱਖ ਕਾਲਾ ਨਜ਼ਰ ਆਉਦਾ ਹੈ। ਉਕਤ ਆਗੂ ਨੇ ਕਿਹਾ ਕਿ ਕਿਰਤੀ ਕਿਸਾਨ ਯੂਨੀਅਨ ਸਮੇਤ ਲਗਪਗ ਸਾਰੀਆਂ ਜਥੇਬੰਦੀਆਂ ਨੇ ਦੋ ਦੋ ਟੀਮਾਂ ਬਣਾਈਆ ਹਨ ਜਿਨ੍ਹਾਂ ਵਿੱਚੋ ਇੱਕ ਮੋਰਚੇ ਵਿੱਚ ਰਹਿ ਰਹੀ ਹੈ ਅਤੇ ਦੂਸਰੀ ਪਿੰਡਾਂ ਚ ਲਗਾਤਾਰ ਤਿਆਰੀਆਂ ਕਰ ਰਹੀ ਹੈ।
ਲੋਕਾਂ ਨੇ ਆਪਣੇ ਜਰੂਰੀ ਰੁਝੇਵੇ ਜਿਵੇ ਵਿਆਹ ਸ਼ਾਦੀਆਂ ਦੀਆਂ ਤਰੀਕਾ ਤਬਦੀਲ ਕਰ ਦਿੱਤੀਆਂ ਨੇ ਕਿਉਕਿ ਜਿਆਦਾਤਰ ਰਿਸ਼ਤੇਦਾਰ ਦਿੱਲੀ ਗਏ ਹੋਏ ਹਨ ਜਾਂ ਜਾ ਰਹੇ ਹਨ ਇਸਲਈ ਉਹ ਵਿਆਹ ਸ਼ਾਦੀਆ ਚ ਸ਼ਾਮਿਲ ਹੋਣ ਦੀ ਅਸਮਰੱਥਾ ਪ੍ਰਗਟ ਕਰ ਰਹੇ ਹਨ। ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਕਿ ਜੇਕਰ ਇਹ ਕਾਨੂੰਨ ਵਾਪਿਸ ਨਾ ਲਏ ਅਤੇ ਲੋਕ ਰੋਹ ਨੂੰ ਸਹੀ ਤਰੀਕੇ ਨਾਲ ਨਾ ਅੰਗਿਆ ਤਾ ਇਹ ਅੰਦੋਲਨ ਮੋਦੀ ਸਰਕਾਰ ਨੂੰ ਸੱਤਾ ਤੋਂ ਲਾਭੇ ਕਰਨ ਵੱਲ ਵੀ ਜਾ ਸਕਦਾ ਹੈ।