ਮਾਨਸਾ / ਦਿੱਲੀ 11 ਦਸੰਬਰ 2020 - ਜਿਥੇ ਦੇਸ਼ ਅੰਦਰ ਖੇਤੀ ਮਾਰੂ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਚੱਲ ਰਹੇ ਦੇਸ਼ ਵਿਆਪੀ ਅੰਦੋਲਨ 'ਚ ਹਰ ਵਰਗ ਡਟਿਆ ਹੋਇਆ ਹੈ ਉੱਥੇ ਮਾਨਸਾ ਬਾਰ ਐਸੋਸੀਏਸ਼ਨ ਦੀਆਂ ਮੈਂਬਰ ਵਕੀਲ ਕੁੜੀਆਂ ਵੀ ਇਸ ਅੰਦੋਲਨ 'ਚ ਆਪਣਾ ਯੋਗਦਾਨ ਪਾ ਰਹੀਆਂ ਹਨ ਅਤੇ ਕਿਸਾਨਾਂ ਲਈ ਲੰਗਰ ਤਿਆਰ ਕਰਕੇ ਆਪਣਾ ਯੋਗਦਾਨ ਪਾ ਰਹੀਆਂ ਹਨ।
ਸੀਨੀਅਰ ਬਾਰ ਮੈਂਬਰ ਐਡਵੋਕੇਟ ਬਲਵੀਰ ਕੌਰ ਸਿੱਧੂ ਮਾਨਸਾ ਦੀ ਅਗਵਾਈ 'ਚ ਪਿੰਡ ਖਿਆਲਾ ਦੀ ਐਡਵੋਕੇਟ ਰਾਜਵਿੰਦਰ ਕੌਰ ਤੇ ਸਮਾਓ ਦੀ ਹਰਸਿਮਰਨ ਕੌਰ ਪਿਛਲੇ ਕਈ ਦਿਨਾਂ ਤੋਂ ਦਿੱਲੀ ਮੋਰਚੇ ਵਿੱਚ ਡਟੀਆਂ ਹੋਈਆਂ ਹਨ। ਮੱਧ ਵਰਗ ਨਾਲ ਸੰਬੰਧਿਤ ਇਹ ਕੁੜੀਆਂ ਆਪਣੀ ਐਸੋ ਆਰਾਮ ਦੀ ਜਿੰਦਗੀ ਤਿਆਗ ਕੇ ਕਿਸੇ ਹੋਟਲ 'ਚ ਰਹਿਣ ਦੀ ਬਾਜਾਏ ਮਾਨਸਾ ਜ਼ਿਲ੍ਹੇ ਦੀਆਂ ਔਰਤਾਂ ਨਾਲ ਬਹਾਦਰਗੜ ਦੇ ਨਵੇਂ ਬੱਸ ਸਟੈਂਡ ਵਿੱਚ ਰਹਿ ਰਹੀਆਂ ਹਨ ਅਤੇ ਬੱਸ ਸਟੈਂਡ ਵਿੱਚ ਹੇਠਾਂ ਹੀ ਆਸਣ ਲਾਏ ਹੋਏ ਹਨ।
ਐਡਵੋਕੇਟ ਬਲਵੀਰ ਕੌਰ ਜੋ ਆਪਣੇ ਬੱਚਿਆਂ ਅਤੇ ਪਤੀ ਨਾਲ ਇਸ ਸ਼ੰਘਰਸ਼ 'ਚ ਸ਼ਾਮਲ ਹੈ ਅਤੇ ਬੀ.ਕੇ.ਯੂ. ਡਕੌਂਦਾ ਦੀ ਆਗੂ ਹੈ ਉਹ ਕਦੇ ਸਟੇਜ ਤੇ ਕਿਸਾਨਾਂ ਨੂੰ ਸੰਬੋਧਨ ਕਰਦੀ ਹੈ ਜਿਸ ਨੂੰ ਕਿਸਾਨ ਬੜੇ ਧਿਆਨ ਨਾਲ ਸੁਣਦੇ ਹਨ ਅਤੇ ਫਿਰ ਉਹ ਸਟੇਜ ਤੋਂ ਫਰੀ ਹੋਕੇ ਆਪਣੀਆਂ ਐਡਵੋਕੇਟ ਸਾਥੀਆਂ ਅਤੇ ਬਾਕੀ ਔਰਤਾਂ ਨਾਲ ਮੋਰਚੇ 'ਚ ਡਟੇ ਕਿਸਾਨਾਂ ਲਈ ਲੰਗਰ ਦੀ ਸੇਵਾ ਕਰਦੀਆਂ ਹਨ।
ਇਹਨਾਂ ਵਕੀਲ ਕੁੜੀਆਂ ਦਾ ਕਹਿਣਾ ਹੈ ਕਿ ਉਹ ਆਪਣੀਆਂ ਜ਼ਮੀਨਾਂ ਕਾਰਪੋਰੇਟ ਘਰਾਂਣਿਆਂ ਤੋਂ ਬਚਾਉਣ ਲਈ ਸੰਘਰਸ਼ ਕਰ ਰਹੇ ਆਪਣੇ ਮਾਪਿਆਂ ਅਤੇ ਭਰਾਵਾਂ ਨਾਲ ਡਟ ਕੇ ਖੜੀਆਂ ਹਨ ਕਿਉਂਕਿ ਉਹ ਵੀ ਕਿਸਾਨਾਂ ਦੀਆਂ ਧੀਆਂ ਹਨ। ਜਦ ਉਹਨਾਂ ਦੇ ਮਾਪੇ ਮੋਦੀ ਸਰਕਾਰ ਤੇ ਕਾਰਪੋਰੇਟ ਘਰਾਨਿਆਂ ਖ਼ਿਲਾਫ਼ ਦਿੱਲੀ ਦੀਆਂ ਸੜਕਾਂ ਤੇ ਠੰਡੀਆਂ ਰਾਤਾਂ ਕੱਟਣ ਲਈ ਮਜਬੂਰ ਹਨ ਤਾਂ ਉਹ ਕਿਵੇਂ ਪਿੱਛੇ ਰਹਿ ਸਕਦੀਆਂ ਹਨ। ਉਹਨਾਂ ਕਿਹਾ ਕਿ ਉਹਨਾਂ ਨੂੰ ਦਿੱਲੀ ਵਿਖੇ ਉਹਨਾਂ ਦਾ ਚਾਚੇ ਮਾਮੇ ਤਾਏ ਸਾਰੇ ਮਿਲ ਰਹੇ ਹਨ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਐਡਵੋਕੇਟ ਬਲਕਰਨ ਸਿੰਘ ਬੱਲੀ ਜੋ ਬੁਢਲਾਡਾ ਬਾਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਵੀ ਹਨ ਨੇ ਕਿਹਾ ਕਿ ਇਹ ਸੰਘਰਸ਼ ਸਿਰਫ ਕਿਸਾਨਾਂ ਦਾ ਹੀ ਸੰਘਰਸ਼ ਨਹੀਂ ਸਗੋਂ ਹਰ ਤਬਕੇ ਦਾ ਸੰਘਰਸ਼ ਹੈ। ਇਹਨਾਂ ਕਾਨੂੰਨਾਂ ਨਾਲ ਸਮਾਜ ਦੇ ਹਰ ਵਰਗ ਨੇ ਪ੍ਰਭਾਵਿਤ ਹੋਣਾ ਹੈ ਇਸ ਲਈ ਦੇਸ਼ ਤੇ ਪੰਜਾਬ ਦਾ ਭਲਾ ਚਹੁੰਣ ਵਾਲੇ ਹਰ ਵਰਗ ਦੇ ਵਿਅਕਤੀ ਇਸ ਅੰਦੋਲਨ ਪਰਿਵਾਰਾਂ ਸਮੇਤ ਸ਼ਾਮਲ ਹੋਣਾ ਚਾਹੀਦਾ ਹੈ।