ਅਸ਼ੋਕ ਵਰਮਾ
ਚੰਡੀਗੜ੍ਹ, 30 ਮਾਰਚ 2021: ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਕਿਲਾ ਰਾਏਪੁਰ ਸਥਿਤ ਹਿੰਦ ਟਰਮੀਨਲ ਵੱਲੋਂ ਅਡਾਨੀ ਖੁਸ਼ਕ ਬੰਦਰਗਾਹ ਦੇ ਲੋਡ੍ਹ ਕੰਟੇਨਰ ਬਾਹਰ ਕੱਢਣ ਤੇ ਖਾਲੀ ਅੰਦਰ ਲਿਆਉਣ ਦੀ ਹਾਸਲ ਹੋਈ ਰਿਪੋਰਟ ਦੀ ਤਸੱਲੀਬਖਸ ਪੜਤਾਲ ਕਰਨ ਅਤੇ ਲੋੜ ਪੈਣ ‘ਤੇ ਨਾਕੇਬੰਦੀ ਕਰਨ ਲਈ ਲਾਇਆ ਹੋਇਆ ਧਰਨਾ ਵੀ ਚੌਥੇ ਦਿਨ ਜਾਰੀ ਰਿਹਾ। ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੇਸ਼ੱਕ ਹੁਣ ਤੱਕ ਕੀਤੀ ਪੜਤਾਲ ਦੌਰਾਨ ਇੱਥੋਂ ਅਡਾਨੀ ਕੰਟੇਨਰਾਂ ਦੀ ਆਵਾਜਾਈ ਦਾ ਕੋਈ ਸਬੂਤ ਨਹੀਂ ਮਿਲਿਆ, ਪ੍ਰੰਤੂ ਸਾਰੇ ਕੰਟੇਨਰਾਂ ਦੀ ਮੁਕੰਮਲ ਛਾਣਬੀਣ ਤੱਕ ਧਰਨਾ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਆਖਿਆ ਕਿ ਜਿਸ ਤਰਾਂ ਦਾ ਵਰਤਾਰਾ ਖੇਤੀ ਕਾਨੂੰਨਾਂ ਦੇ ਮਾਮਲੇ ’ਚ ਕਾਰਪੋਰੇਟਾਂ ਦਾ ਸਾਹਮਣੇ ਆਇਆ ਹੈ ਉਸ ਨਈ ਇੰਨ੍ਹਾਂ ਨੂੰ ਨਿਸ਼ਾਨੇ ਤੇ ਰੱਖਣਾ ਲਾਜਮੀ ਹੈ।
ਉਨ੍ਹਾਂ ਦੱਸਿਆ ਕਿ ਇਸਦਾ ਮਕਸਦ ਮੋਦੀ ਹਕੂਮਤ ਦੇ ਨਾਲ ਹੀ ਅਡਾਨੀ ਅੰਬਾਨੀ ਜਿਹੀਆਂ ਦਿਓਕੱਦ ਸਾਮਰਾਜੀ ਕੰਪਨੀਆਂ ਨੂੰ ਕਿਸਾਨ ਘੋਲ਼ ਦੇ ਸਿੱਧੇ ਚੋਟ ਨਿਸ਼ਾਨੇ ‘ਤੇ ਰੱਖਣਾ ਹੈ ਜਿਵੇਂ ਕਿ ਪੰਜਾਬ ਦੇ 16 ਜਿਲਿ੍ਹਆਂ ਵਿੱਚ 42 ਥਾਂਵਾਂ ‘ਤੇ ਇਨ੍ਹਾਂ ਕੰਪਨੀਆਂ ਦੇ ਕਾਰੋਬਾਰਾਂ ਟੌਲ ਪਲਾਜ਼ਿਆਂ, ਸ਼ਾਪਿੰਗ ਮੌਲਜ਼ ਤੇ ਸੈੱਲੋ ਸਟੋਰਾਂ ਸਮੇਤ ਭਾਜਪਾ ਆਗੂਆਂ ਵਿਰੁੱਧ ਛੇ ਮਹੀਨਿਆਂ ਤੋਂ ਪੱਕੇ ਮੋਰਚੇ ਲਾਏ ਹੋਏ ਹਨ। ਉਹਨਾਂ ਦੱਸਿਆ ਕਿ 26 ਮਾਰਚ ਦੇ ਲਾ-ਮਿਸਾਲ ਭਾਰਤ ਬੰਦ ਸਮੇਂ ਹੋਏ ਠਾਠਾਂ ਮਾਰਦੇ ਇਕੱਠ ਇਸ ਦੇ ਮੂੰਹੋਂ ਬੋਲਦੇ ਸਬੂਤ ਹਨ। ਅੱਜ ਦੇ ਧਰਨਿਆਂ ਨੂੰ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ਵਿੱਚ ਸੁਦਾਗਰ ਸਿੰਘ ਘੁਡਾਣੀ, ਗੁਰਪ੍ਰੀਤ ਸਿੰਘ ਨੂਰਪੁਰਾ, ਜਨਕ ਸਿੰਘ ਭੁਟਾਲ, ਜਸਵੰਤ ਸਿੰਘ ਸੇਖੋਂ, ਜਗਤਾਰ ਸਿੰਘ ਕਾਲਾਝਾੜ, ਹਰਦੀਪ ਸਿੰਘ ਟੱਲੇਵਾਲ, ਸੁਖਜੀਤ ਸਿੰਘ ਕੋਠਾਗੁਰੂ, ਸੁਨੀਲ ਕੁਮਾਰ ਭੋਡੀਪੁਰਾ, ਸਰੋਜ ਕੁਮਾਰੀ ਦਿਆਲਪੁਰਾ, ਪਰਮਜੀਤ ਕੌਰ ਪਿੱਥੋ ਅਤੇ ਜਸਵੰਤ ਸਿੰਘ ਸੇਖੋਂ ਸਮੇਤ ਜਿਲ੍ਹਾ/ਬਲਾਕ ਪੱਧਰੇ ਸਾਰੇ ਆਗੂ ਸ਼ਾਮਲ ਸਨ।
ਬੁਲਾਰਿਆਂ ਨੇ ਮੋਦੀ ਹਕੂਮਤ ਉੱਤੇ ਅਡਾਨੀ ਅੰਬਾਨੀ ਤੇ ਹੋਰ ਸਾਮਰਾਜੀ ਕੰਪਨੀਆਂ ਪੱਖੀ ਅਤੇ ਕਿਸਾਨ ਤੇ ਲੋਕ-ਵਿਰੋਧੀ ਹੋਣ ਦਾ ਦੋਸ਼ ਲਾਇਆ ਕਿਉਂਕਿ ਕਾਲੇ ਖੇਤੀ ਕਾਨੂੰਨ, ਲੇਬਰ ਕੋਡ ਕਾਨੂੰਨ ਅਤੇ ਨਿਜੀਕਰਨ ਦੀਆਂ ਨੀਤੀਆਂ ਸਭਨਾਂ ਕਿਰਤੀਆਂ ਕਿਸਾਨਾਂ ਦੀ ਖੂਨ ਪਸੀਨੇ ਦੀ ਕਿਰਤ ਕਮਾਈ ਦੀ ਸਾਮਰਾਜੀ ਕੰਪਨੀਆਂ ਦੁਆਰਾ ਅੰਨ੍ਹੀ ਲੁੱਟ ਅਤੇ ਵਿਆਪਕ ਬੇਰੁਜਗਾਰੀ ਵੱਲ ਸੇਧਤ ਹਨ। ਬੁਲਾਰਿਆਂ ਨੇ ਤਿੰਨੇ ਕਾਲੇ ਖੇਤੀ ਕਾਨੂੰਨ, ਬਿਜਲੀ ਬਿੱਲ 2020 ਅਤੇ ਪਰਾਲ਼ੀ ਆਰਡੀਨੈਂਸ ਰੱਦ ਕਰਨ, ਸਾਰੀਆਂ ਫਸਲਾਂ ਦੇ ਲਾਭਕਾਰੀ ਐਮ ਐਸ ਪੀ ਮਿਥਣ ਤੇ ਪੂਰੇ ਦੇਸ਼ ‘ਚ ਪੂਰੀ ਖਰੀਦ ਦੀ ਗਰੰਟੀ ਵਾਲਾ ਕਾਨੂੰਨ ਬਨਾਉਣ ਅਤੇ ਸਰਵਜਨਕ ਜਨਤਕ ਵੰਡ ਪ੍ਰਣਾਲੀ ਸਾਰੇ ਗਰੀਬਾਂ ਲਈ ਪੂਰੇ ਦੇਸ਼ ‘ਚ ਲਾਗੂ ਕਰਨ, ਦਿੱਲੀ ਬਾਰਡਰਾਂ ਤੇ ਕਿਸਾਨ ਮੋਰਚਿਆਂ ਵਿੱਚ ਸ਼ਹੀਦ ਹੋਏ ਕਿਸਾਨਾਂ ਮਜਦੂਰਾਂ ਦੇ ਵਾਰਸਾਂ ਨੂੰ ਢੁੱਕਵਾਂ ਮੁਆਵਜਾ ਦੇਣ ਅਤੇ ਕਿਸਾਨਾਂ ਸਿਰ ਮੜ੍ਹੇ ਦੇਸ਼ਧ੍ਰੋਹੀ ਵਰਗੇ ਸਾਰੇ ਮੁਕੱਦਮੇ ਰੱਦ ਕਰਕੇ ਸਮੂਹ ਨਜ਼ਰਬੰਦ ਕਿਸਾਨ ਮਜਦੂਰ ਤੇ ਹਿਮਾਇਤੀ ਲੋਕ ਰਿਹਾਅ ਕੀਤੇ ਜਾਣ ਦੀ ਮੰਗ ਕੀਤੀ।
ਕਿਸਾਨ ਆਗੂਆਂ ਵੱਲੋਂ ਸਮੂਹ ਕਿਸਾਨਾਂ ਮਜਦੂਰਾਂ ਤੇ ਹੋਰ ਕਿਰਤੀਆਂ ਨੂੰ ਕਿਸਾਨ ਘੋਲ਼ ਦੇ ਦਿੱਲੀ ਬਾਰਡਰਾਂ ਸਮੇਤ ਬੁਲੰਦੀਆਂ ਛੂਹ ਰਹੇ ਸਾਰੇ ਮੋਰਚਿਆਂ ਵਿੱਚ ਵਧ ਚੜ੍ਹ ਕੇ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ। ਜੱਥੇਬੰਦੀ ਨੇ ਪੰਜਾਬ ਪੁਲਿਸ ਦੁਆਰਾ ਬੇਰੁਜਗਾਰ ਅਧਿਆਪਕਾਂ ੳੱਤੇ ਪਟਿਆਲੇ ‘ਚ ਕੀਤੇ ਗਏ ਅੰਨ੍ਹੇਵਾਹ ਲਾਠੀਚਾਰਜ ਅਤੇ ਔਰਤ ਅਧਿਆਪਕਾਂ ਦੀ ਮਰਦ ਪੁਲਿਸ ਵੱਲੋਂ ਕੀਤੀ ਗਈ ਸ਼ਰਮਨਾਕ ਖਿੱਚਧੂਹ ਦੀ ਸਖਤ ਨਿਖੇਧੀ ਕੀਤੀ ਹੈ। ਕਿਸਾਨ ਆਗੂ ਨੇ ਦੱਸਿਆ ਕਿ ਕਰੋਨਾ ਦੀ ਆੜ ‘ਚ ਸਕੂਲ ਕਾਲਜ ਬੰਦ ਕਰਨ ਵਿਰੁੱਧ ਅੱਜ ਵਿਦਿਆਰਥੀ ਜਥੇਬੰਦੀਆਂ ਵੱਲੋਂ ਕੀਤੇ ਗਏ ਰੋਸ ਪ੍ਰਦਰਸਨਾਂ ਦੀ ਹਮਾਇਤ ਸੰਕੇਤਕ ਸ਼ਮੂਲੀਅਤ ਰਾਹੀਂ ਕੀਤੀ ਗਈ। ਕਿਸਾਨ ਆਗੂ ਨੇ ਦਾਅਵਾ ਕੀਤਾ ਕਿ ਮੋਦੀ ਸਰਕਾਰ ਖਿਲਾਫ ਸੰਘਰਸ਼ ਦਿਨੋ ਦਿਨ ਤੇਜ ਹੋ ਰਿਹਾ ਹੈ ਜਿਸ ਦੀ ਮਿਸਾਲ 26 ਮਾਰਚ ਦੇ ਬੰਦ ਤੋਂ ਮਿਲਦੀ ਹੈ।