ਅਸ਼ੋਕ ਵਰਮਾ
ਚੰਡੀਗੜ੍ਹ, 2 ਅਕਤੂਬਰ 2020 - ਕੇਂਦਰ ਸਰਕਾਰ ਵਲੋਂ ਲਿਆਂਦੇ ਖੇਤੀ ਵਿਰੋਧੀ ਕਾਨੂੰਨਾਂ ਖਿਲਾਫ ਅੱਜ ਵੀ ਜੱਥੇਬੰਦੀਆਂ ਰੇਲ ਪਟੜੀਆਂ ਤੇ ਡਟੀਆਂ ਰਹੀਆਂ। ਅੱਜ ਦੇ ਧਰਨੇ ਨੂੰ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ, ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ, ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਦੇ ਸੂਬਾ ਕਨਵੀਨਰ ਭੁਪਿੰਦਰ ਸਿੰਘ ਲੌਂਗੋਵਾਲ, ਬੀਕੇਯੂ ਡਕੌਂਦਾ ਦੇ ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ, ਕੁੱਲ ਹਿੰਦ ਕਿਸਾਨ ਸਭਾ (ਅਜੇ ਭਵਨ )ਦੇ ਸੂਬਾ ਸਕੱਤਰ ਮੇਜਰ ਸਿੰਘ ਪੁੰਨਾਂਵਾਲ,ਜਮਹੂਰੀ ਕਿਸਾਨ ਸਭਾ ਦੇ ਸੂਬਾ ਆਗੂ ਮਾਸਟਰ ਹਰਦੇਵ ਸਿੰਘ ਘਨੌਰੀ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲਾ ਪ੍ਰਧਾਨ ਅਤਬਾਰ ਸਿੰਘ ਬਾਦਸ਼ਾਹਪੁਰ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਿਲਾ ਕਨਵੀਨਰ ਜਗਸੀਰ ਨਮੋਲ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਬਟੜਿਆਣਾ, ਬੀਕੇਯੂ ਸਿੱਧੂਪੁਰ ਦੇ ਜ਼ਿਲਾ ਪ੍ਰਧਾਨ ਸੁਰਜੀਤ ਸਿੰਘ ਫਤਿਹਗੜ ਨੇ ਸੰਬੋਧਨ ਕੀਤਾ।
ਕਿਸਾਨ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਨੀਤੀਆਂ ਨੂੰ ਦੇਖਦਿਆਂ ਕਿਸਾਨਾਂ ਕੋਲ ਕੋਈ ਚਾਰਾ ਹੀ ਨਹੀਂ ਬਚਿਆ ਹੈ। ਉਨਾਂ ਕਿਹਾ ਕਿ ਜੇ ਕਾਨੂੰਨ ਲਾਗੂ ਹੋਏ ਤਾਂ ਸਰਕਾਰ ਮੰਡੀਕਰਨ ਚੋਂ ਤੇ ਕਿਸਾਨ ਖੇਤਾਂ ਚੋਂ ਬਾਹਰ ਹੋ ਜਾਣਗੇ ਅਤੇ ਜਮੀਨਾਂ ਦੀ ਮਲਕੀਅਤ ਕੰਪਨੀਆਂ ਦੀ ਬਣ ਜਾਏਗੀ।ਇਸੇ ਤਰਾਂ ਹੀ ਬਿਜਲੀ ਬਿੱਲ 2020ਦੇ ਲਾਗੂ ਹੋਣ ਨਾਲ ਬਿਜਲੀ ਦਾ ਸਾਰਾ ਪ੍ਰਬੰਧ ਸੂਬਿਆਂ ਤੋਂ ਖੋਹ ਕੇ ਕੇਂਦਰ ਦੇ ਹੱਥੀਂ ਚਲਾ ਜਾਏਗਾ ਜੋਕਿ ਖੇਤੀ ਲਈ ਮੁਫਤ ਬਿਜਲੀ, ਦਲਿਤਾਂ ਨੂੰ ਯੂਨਿਟਾਂ ਦੀ ਮੁਆਫੀ ਅਤੇ ਖਪਤਕਾਰਾਂ ਲਈ ਲੁੱਟ ਦੇ ਰਾਹ ਖੋਲੇਗਾ। ਇਸ ਮੌਕੇ ਕਿਸਾ ਆਗੂਆਂ ਨੂੰ ਇਨ੍ਹਾਂ ਫੈਸਲਿਆਂ ਨੂੰ ਸੂਬਿਆਂ ਦੇ ਹੱਕਾਂ ਤੇ ਡਾਕਾ ਦੱਸਦਿਆਂ ਕਾਲੇ ਖੇਤੀ ਕਾਨੂੰਨਾਂ ਦੀ ਵਾਪਸੀ ਤੱਕ ਅੰਦੋਲਨ ਜਾਰੀ ਰੱਖਣ ਦਾ ਐਲਾਨ ਕੀਤਾ ।
ਕਿਸਾਨ ਆਗੂਆਂ ਨੇ ਸੁਖਬੀਰ ਬਾਦਲ ਦੀ ਅਗਵਾਈ ਹੇਠ ਅਕਾਲੀ ਦਲ ਅਤੇ ਰਾਹੁਲ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਵੱਲੋਂ ਕਿਸਾਨਾਂ ਦੇ ਹੱਕ ਚ ਸੰਘਰਸ਼ ਕਰਨ ਨੂੰ ਪਾਖੰਡ ਤੇ ਸਿਆਸੀ ਪਾਰਟੀਆਂ ਦੀ ਇਸ ਕਾਰਵਾਈ ਨੂੰ ਕਿਸਾਨਾਂ ਦੀ ਲੜਾਈ ਲਈ ਢਾਹ ਲਾਉ ਕਰਾਰ ਦਿੱਤਾ ਅਤੇ ਕਿਸਾਨਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ । ਇਸ ਮੌਕੇ ਯੂਪੀ ਦੇ ਹਾਥਰਸ ਵਿੱਚ ਗੈਂਗਰੇਪ ਤੋਂ ਬਾਅਦ ਕਤਲ ਕੀਤੀ ਮਜ਼ਦੂਰ ਦੀ ਧੀ ਲਈ ਵੀ ਇਨਸਾਫ਼ ਦੀ ਮੰਗ ਅਤੇ ਯੋਗੀ ਸਰਕਾਰ ਦੀ ਨਿਖੇਧੀ ਕੀਤੀ । ਅੱਜ ਦੇ ਧਰਨੇ ਨੂੰ ਭਜਨ ਸਿੰਘ ਢੱਡਰੀਆਂ ,ਭੀਮ ਸਿੰਘ ਆਲਮਪੁਰ, ਰਣ ਸਿੰਘ ਚੱਠਾ, ਗੁਰਮੀਤ ਸਿੰਘ ਕਪਿਆਲ, ਜਰਨੈਲ ਸਿੰਘ ਜਹਾਂਗੀਰ ,ਕਰਮ ਸਿੰਘ ਬਲਿਆਲ, ਬਲਵੀਰ ਜਲੂਰ ,ਸਾਬਕਾ ਮੁਲਾਜਮ ਆਗੂ ਸੁਖਦੇਵ ਸਿੰਘ ਬੜੀ,ਟਰੱਕ ਯੂਨੀਅਨ ਦੇ ਪ੍ਰਧਾਨ ਮਨਜੀਤ ਸਿੰਘ ਉਪਲੀ ਤੇ ਇੰਡੀਅਨ ਐਕਸ ਸਰਵਿਸਮੈਨ ਲੀਗ ਦੇ ਆਗੂ ਲਾਲ ਸਿੰਘ ਨੇ ਵੀ ਸੰਬੋਧਨ ਕੀਤਾ।