ਰਵੀ ਜੱਖੂ
ਚੰਡੀਗੜ੍ਹ, 19 ਅਕਤੂਬਰ 2020 - ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਮੰਗਲਵਾਰ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਸੈਸ਼ਨ ਉੱਠਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੁਆਰਾ ਵਿਧਾਨ ਸਭਾ ਦੇ ਅੰਦਰ ਧਰਨਾ ਲਾ ਦਿੱਤਾ ਹੈ। ਉਨ੍ਹਾਂ ਦੀ ਮੰਗ ਹੈ ਕਿ ਕਿਸਾਨਾਂ ਦੇ ਹਿੱਤ 'ਚ ਪੇਸ਼ ਕੀਤੇ ਜਾਣ ਵਾਲੇ ਬਿੱਲ ਬਾਰੇ ਉਨ੍ਹਾਂ ਨੂੰ ਤੁਰੰਤ ਕੋਈ ਖਰੜਾ ਦਿੱਤਾ ਜਾਵੇ ਤਾਂ ਜੋ ਉਸ 'ਤੇ ਵਿਚਾਰ ਹੋ ਸਕੇ।
ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਵਿਧਾਨ ਸਭਾ ਦੇ ਅੰਦਰੋਂ ਆਪਣੀ ਫੇਸਬੁੱਕ 'ਤੇ ਲਾਈਵ ਹੋ ਕੇ ਬੋਲਦਿਆਂ ਕਿਹਾ ਕਿ ਇਸ ਸੈਸ਼ਨ ਤੋਂ ਪਹਿਲਾਂ ਦੋ ਦਿਨਾਂ ਸੈਮੀਨਾਰ ਕਰਾਇਆ ਜਾਣਾ ਚਾਹੀਦਾ ਸੀ ਜਿਸ 'ਚ ਸਾਰੇ ਸਿਆਸੀ ਨੁਮਾਇੰਦਿਆਂ ਦੇ ਨਾਲ ਨਾਲ ਕਿਸਾਨ ਜਥੇਬੰਦੀਆਂ ਅਤੇ ਖੇਤੀ ਮਾਹਿਰਾਂ ਨੂੰ ਬੁਲਾਇਆ ਜਾਣਾ ਚਾਹੀਦਾ ਸੀ, ਪਰ ਬਦਕਿਸਮਤੀ ਨਾਲ ਅਜੇ ਤੱਕ ਕੋਈ ਵੀ ਪੰਜਾਬ ਸਰਕਾਰ ਵੱਲੋਂ ਅਜਿਹਾ ਸੈਮੀਨਾਰ ਤੇ ਨਾ ਕੋਈ ਖਰੜਾ ਕਿਸੇ ਵਿਰੋਧੀ ਧਿਰਾਂ ਨੂੰ ਦਿਖਾਇਆ ਗਿਆ ਹੈ।
ਅਮਨ ਅਰੋੜਾ ਨੇ ਕਿਹਾ ਕਿ ਕਾਂਗਰਸ ਸਰਕਾਰ ਕਿਸਾਨਾਂ ਨੂੰ ਬਚਾਉਣ ਲਈ ਕੋਈ ਮਤਾ ਨਹੀਂ ਲਿਆ ਰਹੀ ਸਗੋਂ ਕਿ ਆਪਣੀ ਡੁੱਬਦੀ ਕਿਸ਼ਤੀ ਨੂੰ ਬਚਾਉਣ ਲਈ ਪੇਸ਼ ਕੀਤਾ ਜਾਣਾ ਹੈ। 'ਆਪ' ਵਿਧਾਇਕਾਂ ਨੇ ਮੰਗ ਕੀਤੀ ਕਿ ਉਨ੍ਹਾਂ ਨੂੰ ਤੁਰੰਤ ਇਸ ਬਿੱਲ ਦਾ ਖਰੜਾ ਦਿੱਤਾ ਜਾਏ।