ਅਸ਼ੋਕ ਵਰਮਾ
ਬਠਿੰਡਾ, 5 ਨਵੰਬਰ 2020 - ਭਾਈ ਘਨੱਈਆ ਚੌਂਕ ਬਠਿੰਡਾ ’ਚ ਸੜਕ ਜਾਮ ਕਰੀ ਬੈਠੇ ਕਿਸਾਨਾਂ ਅਤੇ ਆਮ ਆਦਮੀ ਪਾਰਟੀ ਬਠਿੰਡਾ ਦੇ ਆਗੂਆਂ ਵਿਚਕਾਰ ਝੜਪ ਹੋ ਗਈ। ਸਥਿਤੀ ਨੂੰ ਦੇਖਦਿਆਂ ਇਲਾਕੇ ’ਚ ਭਾਰੀ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਤਾਂ ਜੋ ਮਾਮਲਾ ਸ਼ਾਂਤ ਕੀਤਾ ਜਾ ਸਕੇ। ਪੁਲਿਸ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਦੋਵਾਂ ਧਿਰਾਂ ਨੂੰ ਅਲੱਗ ਕਰਵਾਇਆ ਅਤੇ ਮਾਮਲਾ ਸ਼ਾਂਤ ਕਰਵਾ ਦਿੱਤਾ। ਇਸ ਮੌਕੇ ਕਿਸਾਨਾਂ ਵੱਲੋਂ ਜਬਰਦਸਤ ਨਾਅਰੇਬਾਜੀ ਵੀ ਕੀਤੀ ਗਈ। ਕਿਸਾਨਾਂ ਨੇ ਦੋਸ਼ ਲਾਏ ਕਿ ਸਿਆਸੀ ਪਾਰਟੀਆਂ ਕਿਸਾਨ ਸੰਘਰਸ਼ ਨੂੰ ਸਾਬੋਤਾਜ ਕਰਨ ’ਚ ਲੱਗੀਆਂ ਹੋਈਆਂ ਹਨ।
ਜਾਣਕਾਰੀ ਮੁਤਾਬਕ ਅੱਜ 12 ਵਜੇ ਕਿਸਾਨ ਜੱਥੇਬੰਦੀਆਂ ਵੱਲੋਂ ਚੌਂਕ ਜਾਮ ਕਰਕੇ ਆਵਾਜਾਈ ਰੋਕਣ ਦਾ ਪ੍ਰੋਗਰਾਮ ਸੀ ਜਿਸ ’ਚ ਵੱਡੀ ਗਿਣਤੀ ਕਿਸਾਨ ਅਤੇ ਆਮ ਲੋਕ ਵੀ ਸ਼ਾਮਲ ਹੋਏ ਸਨ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸਥਾਨਕ ਆਗੂ ਵੀ ਧਰਨੇ ਦੀ ਸਟੇਜ ਤੋਂ ਕੁੱਝ ਹੀ ਦੂਰੀ 'ਤੇੇ ਪਿੱਛੇ ਬੈਠੇ ਹੋਏ ਸਨ ਜਿਹਨਾਂ ਕੋਲ ਬੀਕੇਯੂ ਉਗਰਾਹਾਂ ਦੇ ਝੰਡੇ ਸਨ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਅਮਰਜੀਤ ਹਨੀ ਨੇ ਦੱਸਿਆ ਕਿ ‘ਆਪ’ ਦੇ ਜ਼ਿਲ੍ਹਾ ਪ੍ਰਧਾਨ ਅਤੇ ਉਸ ਦੇ ਸਾਥੀਆਂ ਕੋਲ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਝੰਡੇ ਸਨ ਜਦੋਂਕਿ ਉਗਰਾਹਾਂ ਧੜੇ ਦਾ ਵੱਖ ਪ੍ਰੋਗਰਾਮ ਸੀ । ਉਹਨਾਂ ਦੱਸਿਆ ਕਿ ਇਸ ਮੌਕੇ ਆਪ ਆਗੂਆਂ ਵੱਲੋਂ ਲਗਾਤਾਰ ਨਾਅਰੇਬਾਜੀ ਕੀਤੀ ਜਾ ਰਹੀ ਸੀ ਜਿਸ ਕਰਕੇ ਉਹਨਾਂ ਨੂੰ ਰੋਕਿਆ ਸੀ ਤਾਂ ਜੋ ਬੁਲਾਰਿਆਂ ਦੇ ਬੋਲਣ ਵੇਲੇ ਵਿਘਨ ਨਾ ਪਵੇ। ਉਹਨਾਂ ਦੱਸਿਆ ਕਿ ਇਸ ਮਾਮਲੇ ਨੂੰ ਲੈਕੇ ਦੋਵਾਂ ਧਿਰਾਂ ਵਿਚਕਾਰ ਕਾਫੀ ਤਲਖ ਕਲਾਮੀ ਹੋ ਗਈ ਜਿਸ ਨੂੰ ਬਾਅਦ ’ਚ ਖਤਮ ਕਰਵਾ ਦਿੱਤਾ ਗਿਆ ਸੀ।
ਇਸ ਮੌਕੇ ਹਰਮੀਤ ਸਿੰਘ ਨਾਮ ਦੇ ਇੱਕ ਵਿਅਕਤੀ ਨੇ ਦੱਸਿਆ ਕਿ ਉਹ ਆਮ ਕਿਸਾਨ ਦੀ ਤਰਾਂ ਧਰਨੇ ’ਚ ਸ਼ਾਮਲ ਹੋਏ ਸਨ। ਉਹਨਾਂ ਕੋਲ ਪਾਰਟੀ ਦਾ ਕੋਈ ਝੰਡਾ ਨਹੀਂ ਸੀ ਤੇ ਨਾਂ ਹੀ ਉਹਨਾਂ ਨੇ ਕੋਈ ਪਾਰਟੀ ਦਾ ਕੋਈ ਨਾਅਰਾ ਲਾਇਆ ਸੀ। ਉਹਨਾਂ ਆਖਿਆ ਕਿ ਕੁੱਝ ਘੜੰਮ ਚੌਧਰੀਆਂ ਨੇ ਉਹਨਾਂ ਨੂੰ ਧੱਕੇ ਮਾਰੇ ਸਨ। ਉਹਨਾਂ ਕਿਸਾਨ ਧਰਨੇ ਦੇ ਬਰਾਬਰ ਕਾਰਵਾਈ ਚਲਾਉਣ ਦੇ ਦੋਸ਼ਾਂ ਨੂੰ ਨਿਰਮੂਲ ਦੱਸਿਆ। ਦੱਸਣਯੋਗ ਹੈ ਕਿ ਨਵੇਂ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਕਰ ਰਹੀਆਂ ਜੱਥੇਬੰਦੀਆਂ ਦੀ ਜਿੱਥੇ ਕਿਸਾਨ ਸੰਘਰਸ਼ ਨੂੰ ਲੈਕੇ ਘੱਟੋ ਘੱਟ ਸਾਂਝੇ ਪ੍ਰੋਗਰਾਮ ਤੇ ਸਹਿਮਤੀ ਬਣੀ ਸੀ ਉੱਥੇ ਹੀ ਇਹ ਵੀ ਤੈਅ ਹੋਇਆ ਸੀ ਕਿ ਧਰਨੇ ਦੀ ਸਟੇਜ਼ ਤੋਂ ਕਿਸੇ ਵੀ ਸਿਆਸੀ ਆਗੂ ਨੂੰ ਸੰਬੋਧਨ ਕਰਨ ਨਹੀਂ ਦਿੱਤਾ ਜਾਏਗਾ। ਪਤਾ ਲੱਗਿਆ ਹੈ ਕਿ ਕਿਸਾਨ ਧਿਰਾਂ ਨੇ ਬੁਲਾਰਿਆਂ ਦੇ ਵਿਚਾਰ ਸੁਣਨ ਲਈ ਕਿਸੇ ਨੂੰ ਵੀ ਆਮ ਕਿਸਾਨ ਵਜੋਂ ਧਰਨਾ ਪੰਡਾਲ ’ਚ ਬੈਠਣ ਦੀ ਮਨਾਹੀ ਨਹੀਂ ਕੀਤੀ ਸੀ।
ਸਿਆਸੀ ਆਗੂਆਂ ਨੂੰ ਮਨਾਹੀ - ਕਿਸਾਨ ਆਗੂ
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਭਾਈਰੂਪਾ ਦਾ ਕਹਿਣਾ ਸੀ ਕਿ ਅਸਲ ’ਚ ਕਿਸਾਨ ਇਕੱਠਾਂ ’ਚ ਸਿਆਸੀ ਆਗੂਆਂ ਨੂੰ ਵੋਟਾਂ ਨਜ਼ਰ ਆਉਂਦੀਆਂ ਹਨ। ਉਹਨਾਂ ਆਖਿਆ ਕਿ ਸਿਆਸੀ ਲੋਕਾਂ ਦਾ ਹੁਣ ਤੱਕ ਦਾ ਵਤੀਰਾ ਪੜਚੋਲਣ ਉਪਰੰਤ ਰਾਜਨੀਤਕ ਆਗੂਆਂ ਨੂੰ ਪਾਸੇ ਰੱਖਿਆ ਜਾ ਰਿਹਾ ਹੈ। ਉਹਨਾਂ ਆਖਿਆ ਕਿ ਜੇ ਸਿਆਸੀ ਆਗੂ ਅਜਿਹਾ ਕਰਨਗੇ ਤਾਂ ਉਹਨਾਂ ਨੂੰ ਸਬਕ ਸਿਖਾਇਆ ਜਾਏਗਾ।
ਕਿਸਾਨ ਯੂਨੀਅਨ ਦੇ ਝੰਡੇ ਤੇ ਸਵਾਲ ਉੱਠੇ
ਆਮ ਆਦਮੀ ਪਾਰਟੀ ਦੇ ਕਿਸੇ ਸੀਨੀਅਰ ਲੀਡਰ ਕੋਲ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦਾ ਝੰਡਾ ਹੋਣਾ ਕਈ ਸਵਾਲ ਖੜੇ ਕਰਦਾ ਹੈ। ਰੌਚਕ ਤੱਥ ਹੈ ਕਿ ਸਾਰੀਆਂ ਹੀ ਕਿਸਾਨ ਜੱਥੇਬੰਦੀਆਂ ਦੇ ਆਪੋ ਆਪਣੇ ਝੰਡੇ ਹਨ। ਅੱਜ ਵੀ ਉਗਰਾਹਾਂ ਧੜੇ ਵੱਲੋਂ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਤਹਿਤ ਆਪਣੇ ਪੱਧਰ ਤੇ ਪੰਜ ਥਾਵਾਂ ਤੇ ਸੜਕਾਂ ਜਾਮ ਕੀਤੀਆਂ ਸਨ ਜਿਸ ’ਚ ਯੂਨੀਅਨ ਦੇ ਕਾਰਕੁੰਨ ਝੰਡਿਆਂ ਸਮੇਤ ਸ਼ਾਮਲ ਹੋਏ ਸਨ ਅਤੇ ਹੋਰ ਥਾਂ ਤੇ ਜੱਥੇਬੰਦੀ ਨਾਲ ਸਬੰਧਤ ਕੋਈ ਵੀ ਕਿਸਾਨ ਨਹੀਂ ਗਿਆ। ਬੀਕੇਯੂ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਸੀ ਕਿ ਕਿਸੇ ਜੱਥੇਬੰਦੀ ਦੇ ਝੰਡੇ ਦੀ ਦੁਰਵਰਤੋਂ ਕਰਨਾ ਮਾੜੀ ਗੱਲ ਹੈ। ਉਹਨਾਂ ਆਖਿਆ ਕਿ ਅਸਲ ’ਚ ਉਹਨਾਂ ਨੂੰ ਆਪਣਾ ਵੱਖਰਾ ਪ੍ਰੋਗਰਾਮ ਕਰਨਾ ਚਾਹੀਦਾ ਹੈ।
ਪਾਰਟੀ ਆਗੂਆਂ ਨਾਲ ਤਲਖਕਲਾਮੀ ਕੀਤੀ:ਜੀਦਾ
ਉੱਧਰ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨਵਦੀਪ ਸਿੰਘ ਜੀਦਾ ਦਾ ਕਹਿਣਾ ਸੀ ਕਿ ਉਹ ‘ਆਪ’ ਅਤੇ ਵਕੀਲ ਭਾਈਚਾਰੇ ਦੀ ਤਰਫ਼ੋਂ ਕਿਸਾਨਾਂ ਦੇ ਸੰਘਰਸ਼ ਨੂੰ ਹਮਾਇਤ ਦੇਣ ਲਈ ਆਏ ਸਨ। ਉਹਨਾਂ ਆਖਿਆ ਕਿ ਉਹਨਾਂ ਨੇ ਮੰਚ ਤੋਂ ਬੋਲਣ ਦਾ ਸਮਾਂ ਨਹੀਂ ਮੰਗਿਆ ਹੈ। ਉਹਨਾਂ ਆਖਿਆ ਕਿ ਕੁੱਝ ਲੋਕਾਂ ਨੇ ਉਹਨਾਂ ਦੀ ਪਾਰਟੀ ਦੇ ਇੱਕ ਆਗੂ ਨਾਲ ਕਾਫੀ ਤਲਖਕਲਾਮੀ ਕੀਤੀ ਗਈ ਹੈ। ਉਹਨਾਂ ਆਖਿਆ ਕਿ ਮਸਲਾ ਐਨਾ ਵੱਡਾ ਨਹੀਂ ਸੀ ਜਿੰਨਾਂ ਬਣਾ ਦਿੱਤਾ ਹੈ। ਉਹਨਾਂ ਦੱਸਿਆ ਕਿ ਮਸਲਾ ਹੁਣ ਖਤਮ ਹੋ ਗਿਆ ਹੈ। ਉਹਨਾਂ ਆਖਿਆ ਕਿ ਝੰਡੇ ਓੱਥੇ ਹੀ ਪਏ ਸਨ ਜਿਹਨਾਂ ਚੋਂ ਇੱਕ ਉਹਨਾਂ ਨੂੰ ਫੜਾ ਦਿੱਤਾ ਗਿਆ ਸੀ।