ਅਸ਼ੋਕ ਵਰਮਾ
ਬਠਿੰਡਾ, 15 ਅਕਤੂਬਰ 2020 - ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਅਤੇ ਆਗੂਆਂ ਨੇ ਅੱਜ ਮੋਦੀ ਸਰਕਾਰ ਦੇ ਮੰਤਰੀਆਂ ਦਾ ਵਿਰੋਧ ਕਰਨ ਦੇ ਸੱਦੇ ਤਹਿਤ ਖੇਤੀ ਕਾਨੂੰਨਾਂ ਦੇ ਮਾਮਲੇ ਤੇ ਵਰਚੂਅਲ ਪ੍ਰੈਸ ਕਾਨਫਰੰਸ ਕਰ ਰਹੀ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਦਾ ਕਾਲੇ ਝੰਡਿਆਂ ਨਾਲ ਵਿਰੋਧ ਜਤਾਇਆ। ਆਪ ਆਗੂਆਂ ਨੇ ਜੋਰਦਾਰ ਨਾਅਰੇਬਾਜੀ ਦੌਰਾਨ ਕਾਲੇ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ। ਆਗੂਆਂ ਨੇ ਸਮਿਰਤੀ ਇਰਾਨੀ ਗੋ ਬੈਕ ਅਤੇ ਕਿਸਾਨ ਸੰਘਰਸ਼ ਜਿੰਦਾਬਾਦ ਦੇ ਨਾਅਰੇ ਲਾਏ। ਸੁਰੱਖਿਆ ਦੇ ਭਾਰੀ ਪ੍ਰਬੰਧਾਂ ਕਾਰਨ ਆਮ ਆਦਮੀ ਪਾਰਟੀ ਦੇ ਵਲੰਟੀਅਰ ਪ੍ਰੈਸ ਕਾਨਫਰੰਸ ਵਾਲੇ ਹੋਟਲ ਦੇ ਬਿਲਕੁਲ ਨਜ਼ਦੀਕ ਤਾਂ ਨਾ ਪੁੱਜ ਸਕੇ ਪਰ ਥੋੜੀ ਦੂਰੀ ਤੇ ਆਪਣਾ ਵਿਰੋਧ ਦਰਜ ਕਰਵਾਉਣ ’ਚ ਸਫਲ ਰਹੇ ਅਤੇ ਕੇਂਦਰੀ ਮੰਤਰੀਆਂ ਵੱਲੋਂ ਕੀਤੀ ਪ੍ਰੈੱਸ ਕਾਨਫਰੰਸ ਨੂੰ ਆੜ੍ਹਤੀਆਂ ਅਤੇ ਕਿਸਾਨਾਂ ਨਾਲ ਗੱਲਬਾਤ ਕਰਨ ਦਾ ਡਰਾਮਾ ਕਰਾਰ ਦਿੱਤਾ।
ਇਸ ਮੌਕੇ ਨਵਦੀਪ ਜੀਦਾ, ਅਨਿਲ ਠਾਕੁਰ, ਅਤੇ ਅਮਿ੍ਰਤ ਲਾਲ ਅਗਰਵਾਲ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨ ਵਿਰੋਧੀ ਹੈ ਜਿਸ ਦੀਆਂ ਮਾੜੀਆਂ ਨੀਤੀਆਂ ਨਾਲ ਅੱਜ ਦੇਸ਼ ਦੀ ਅਰਥ ਵਿਵਸਥਾ ਖਤਮ ਹੋ ਗਈ ਅਤੇ ਪੰਜਾਬ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਆਮ ਲੋਕਾਂ ਤੇ ਮਹਿੰਗਾਈ ਦੀ ਮਾਰ ਪੈ ਰਹੀ ਹੈ, ਪਰ ਇਸ ਪਾਸੇ ਭਾਰਤ ਸਰਕਾਰ ਦਾ ਕੋਈ ਧਿਆਨ ਨਹੀਂ ਹੈ। ਉਨ੍ਹਾਂ ਆਖਿਆ ਕਿ ਆਮ ਕਿਸਾਨ ਬਿੱਲਾਂ ਦੇ ਵਿਰੋਧ ਵਿੱਚ ਸੜਕਾਂ ਤੇ ਬੈਠਾ ਹੈ, ਜਿਸ ਨਾਲ ਸਰਕਾਰ ਗੱਲਬਾਤ ਨਹੀਂ ਕਰ ਰਹੀ, ਪ੍ਰੰਤੂ ਹੋਟਲਾਂ ਵਿੱਚ ਸੁਰੱਖਿਆ ਪ੍ਰਬੰਧਾਂ ਤਹਿਤ ਆਪਣੇ ਚਹੇਤਿਆਂ ਅਤੇ ਭਾਜਪਾ ਵਰਕਰਾਂ ਦੀ ਹਾਜਰੀ ’ਚ ਪ੍ਰੈਸ ਕਾਨਫਰੰਸ ਕਰਕੇ ਇਸ ਨੂੰ ਕਿਸਾਨਾਂ- ਆੜ੍ਹਤੀਆਂ ਨਾਲ ਮੀਟਿੰਗਾਂ ਦਾ ਰੂਪ ਦਿੱਤਾ ਜਾ ਰਿਹਾ ਹੈ। ਇਸ ਮੌਕੇ ਮਹਿੰਦਰ ਸਿੰਘ ਫੁੱਲੋਮਿਠੀ, ਪਰਦੀਪ ਮਿੱਤਲ ਅਤੇ ਸੰਜੀਵ ਜਿੰਦਲ ਆਦਿ ਵਰਕਰ ਵੀ ਹਾਜਰ ਸਨ।