ਰਵੀ ਜੱਖੂ
ਚੰਡੀਗੜ੍ਹ, 9 ਅਪ੍ਰੈਲ 2021 - ਕਿਸਾਨਾ ਦੇ ਖਾਤੇ ਵਿੱਚ ਫਸਲ ਦੀ ਸਿੱਧੀ ਅਦਾਇਗੀ ਦਾ ਮਸਲਾ ਹਾਲੇ ਸੁਲਝਦਾ ਨਜ਼ਰ ਨਹੀਂ ਆ ਰਿਹਾ। ਇਸ ਸੰਬੰਧੀ ਬੀਤੀ ਦਿਨੀਂ ਪੰਜਾਬ ਦੇ ਵਜੀਰਾਂ ਦੀ ਜਿਨ੍ਹਾਂ ਵਿੱਚ ਭਾਰਤ ਭੂਸ਼ਨ ਆਸ਼ੂ, ਵਿਜੇਇੰਦਰ ਸਿੰਗਲਾ, ਵਿੱਤ ਮੰਤਰੀ ਮਨਪ੍ਰੀਤ ਬਾਦਲ, ਅਤੇ ਮੰਡੀ ਬੋਰਡ ਦੇ ਚੈਅਰਮੈਨ ਲਾਲ ਸਿੰਘ ਨਾਲ ਕੇਂਦਰੀ ਮੰਤਰੀ ਪੀਊਸ ਗੋਇਲ ਨਾਲ ਹੋਈ ਮੀਟਿੰਗ ਵਿੱਚ ਵੀ ਕੋਈ ਸਿੱਟਾ ਨਹੀਂ ਨਿਕਲਿਆ।
ਅੱਜ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਵਿਜੇ ਕਾਲੜਾ ਦੀ ਸੀ.ਐਮ ਪੰਜਾਬ ਕੈਪਟਨ ਅਮਰਿੰਦਰ ਸਿੰਘ ਨਾਲ ਹੋਈ ਮੀਟਿੰਗ ਵੀ ਫ਼ਿਲਹਾਲ ਦੀ ਘੜੀ ਕਿਸੇ ਦਰ-ਪੱਤਣ ਲੱਗਦੀ ਨਜ਼ਰ ਨਹੀਂ ਆਈ। ਜਿਸਦੇ ਚੱਲ ਦਿਆਂ ਸੂਬੇ ਦੇ ਆੜ੍ਹਤੀਆਂ ਵੱਲੋ 10 ਅਪ੍ਰੈਲ ਨੂੰ ਹੜਤਾਲ਼ ਕੀਤੀ ਜਾਵੇਗੀ।
ਇਸ ਸੰਬੰਧੀ ਵਿਜੇ ਕਾਲੜਾ ਨੇ ਦੱਸਿਆ ਕਿ ਸੀ.ਐਮ ਪੰਜਾਬ ਨਾਲ ਮੀਟਿੰਗ ਜ਼ਰੂਰ ਹੋਈ ਪਰ ਹਾਲੇ ਕੋਈ ਹੱਲ ਨਹੀਂ ਨਿਕਲਿਆ ਅਤੇ ਉਹ ਭਲਕੇ ਹੜਤਾਲ਼ ਕਰਣਗੇ। ਪਰ ਫ਼ਿਲਹਾਲ ਇਸ ਸੰਬੰਧੀ ਸ਼ਾਮ ਨੂੰ ਉਹ ਆਪਣੇ ਸਾਥੀਆਂ ਨਾਲ ਮੀਟਿੰਗ ਕਰਨਗੇ। ਖ਼ਬਰ ਲਿਖੇ ਜਾਣ ਤੱਕ ਕੈਪਟਨ ਅਮਰਿੰਦਰ ਦੀ ਇਸ ਸੰਬੰਧੀ ਪੰਜਾਬ ਦੇ ਵਜ਼ੀਰਾਂ ਨਾਲ ਮੀਟਿੰਗ ਜਾਰੀ ਸੀ ।
ਜਿਕਰਯੋਗ ਹੈ ਕਿ 10 ਅਪ੍ਰੈਲ ਨੂੰ ਸੂਬੇ ਅੰਦਰ ਕਣਕ ਦੀ ਖਰੀਦ ਸ਼ੁਰੂ ਹੋ ਰਹੀ ਹੈ ਅਤੇ ਇਸੇ ਦਿਨ ਆੜ੍ਹਤੀਆਂ ਵੱਲੋ ਹੜਤਾਲ਼ ਦਾ ਸੱਦਾ ਦਿੱਤਾ ਗਿਆ।