ਅਸ਼ੋਕ ਵਰਮਾ
ਬਰਨਾਲਾ, 23 ਮਾਰਚ 2021 - ਕੌਮੀ ਮੁਕਤੀ ਲਹਿਰ ਦੇ ਮਹਾਨ ਨਾਇਕ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦਾ ਸ਼ਹੀਦੀ ਦਿਹਾੜਾ ਅੱਜ ਸਾਮਰਾਜ ਵਿਰੋਧੀ ਦਿਵਸ ਵਜੋਂ ਦਿੱਲੀ ਦੇ ਟਿੱਕਰੀ,ਸਿੰਘੂ ਅਤੇ ਗਾਜੀਪੁਰ ਬਾਰਡਰਾਂ ਸਮੇਤ ਪੰਜਾਬ ਅੰਦਰ ਸੈਂਕੜੇ ਥਾਵਾਂ ਤੇ ਚੱਲ ਰਹੇ ਮੋਰਚਿਆਂ ’ਤੇ ਪੂਰੇ ਇਨਕਲਾਬੀ ਜੋਸ਼ ਖਰੋਸ਼ ਨਾਲ ਮਨਾਇਆ ਗਿਆ। ਇਸ ਸਮੇਂ ਇਨਕਲਾਬੀ ਕੇਂਦਰ,ਪੰਜਾਬ ਦੀ ਆਗੂ ਟੀਮ ਨੇ ਤਕਰੀਬਨ ਚਾਰ ਮਹੀਨੇ ਤੋਂ ਜੂਝ ਰਹੇ ਸੰਘਰਸ਼ਸ਼ੀਲ ਕਿਸਾਨ ਕਾਫਲਿਆਂ ਨਾਲ ਜਮਾਤੀ ਸਾਂਝ ਪਾਉਂਦਿਆਂ ਦੋ ਦਿਨ ਦਰਜਣ ਦੇ ਕਰੀਬ ਟੀਮਾਂ ਬਣਾਕੇ ਪੂਰੇ ਯੋਜਨਾਬੱਧ ਢੰਗ ਨਾਲ "ਇਨਕਲਾਬ ਦੇ ਰਾਹ`ਤੇ ਅੱਗੇ ਵਧੋ``ਵੀਹ ਹਾਜਰ ਦੀ ਗਿਣਤੀ ਵਿੱਚ ਜਾਰੀ ਕੀਤਾ ਲੀਫਲੈੱਟ ਵੰਡਿਆ ਅਤੇ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਸੰਘਰਸ਼ ਨੂੰ ਤੇਜ ਕਰਨ ਦਾ ਸੱਦਾ ਦਿੱਤਾ ।
ਟੀਮ ਵਿੱਚ ਸਾਮਿਲ ਆਗੂਆਂ ਜਗਜੀਤ ਲਹਿਰਾਮੁਹੱਬਤ, ਜਸਵੰਤ ਜੀਰਖ, ਡਾ.ਰਜਿੰਦਰ, ਰਮੇਸ਼ ਰਾਮਪੁਰਾ, ਹਰਸ਼ਾ ਸਿੰਘ, ਹਰਚਰਨ ਚੰਨਾ, ਹਰਚਰਨ ਚਹਿਲ, ਕੁਲਵੀਰ ਔਲਖ, ਗੁਰਜੰਟ ਸਿੰਘ, ਜਗਮੀਤ,ਹਰਪ੍ਰੀਤ, ਨਛੱਤਰ ਸਿੰਘ ਦੀਵਾਨਾ, ਪ੍ਰਿਤਪਾਲ ਮੰਡੀਕਲਾਂ, ਸਤਨਾਮ ਸਿੰਘ, ਵਿਨੋਦ, ਗੱਲਰ ਚੌਹਾਨ ਆਦਿ ਆਗੂਆਂ ਦੱਸਿਆ ਕਿ ਟਰਾਲੀਆਂ ਵਿੱਚ ਬੈਠੇ ਕਿਸਾਨਾਂ ਨਾਲ ਲੀਫਲੈੱਟ ਦੇ ਨਾਲ-ਨਾਲ ਇਨਕਲਾਬੀ ਪੇਪਰ ‘ਲਾਲ ਪਰਚਮ’ ਵੀ ਵੰਡਿਆ ਅਤੇ ਖੇਤੀ ਸੰਕਟ ਸਬੰਧੀ ਸੰਖੇਪ ਚਰਚਾਵਾਂ ਵੀ ਕੀਤੀਆਂ।ਲਾਲ ਪਰਚਮ ਵਿੱਚ ਖੇਤੀ ਸਬੰਧੀ ਛਪੇ ਵਿਸ਼ੇਸ਼ ਲੇਖਾਂ, ਸ਼ਹੀਦ ਭਗਤ ਸਿੰਘ ਦੇ ਬੌਧਿਕ ਪੱਖ, ਨੌਜਵਾਨ ਕਾਰਕੁਨਾਂ ਦੇ ਨਾਂ ਖਤ, ਅਛੂਤ ਦਾ ਸਵਾਲ ਜਿਹੇ ਗੰਭੀਰ ਵਿਸ਼ੇ ਚਰਚਾ ਅਧੀਨ ਆਏ।
ਆਗੂਆਂ ਦੱਸਿਆ ਕਿ ਜਿਸ ਸਾਮਰਾਜ ਦਾ ਮੁਕੰਮਲ ਖਾਤਮਾ ਕਰਕੇ ‘ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖਤਮ ਕਰਨ’ ਵਾਲੀ ਆਜਦੀ ਸ਼ਹੀਦ ਭਗਤ ਸਿੰਘ ਚਾਹੁੰਦਾ ਸੀ, 1947 ਵਿੱਚ ਸਤਾ ਬਦਲੀ ਦਾ ਉਸ ਨਾਲ ਕੋਈ ਲਾਗਾ ਨਹੀਂ ਹੈ। ਸਗੋਂ ਸ਼ਹੀਦ ਭਗਤ ਸਿੰਘ ਦੇ ਅਧੂਰੇ ਸੁਪਨੇ ਅਜਾਦੀ, ਬਰਾਬਰੀ,ਭਾਈਚਾਰਾ ਵਾਲੀ ਅਜਾਦੀ ਲਈ ਲੜ੍ਹਨਾ ਹੀ ਹੋਵੇਗਾ।ਅੱਜ ਦਾ ਖੇਤੀ ਸੰਕਟ ਵੀ ਸਾਮਰਾਜੀ ਸੰਸਥਾਵਾਂ ਵਿਸ਼ਵ ਵਪਾਰ ਸੰਸਥਾ,ਕੌਮਾਂਤਰੀ ਮੁਦਰਾ ਫੰਡ,ਸੰਸਾਰ ਬੈਂਕ ਦੀ ਨੀਤੀਆਂ ਨੂੰ ਲਾਗੂ ਕਰ ਰਹੇ ਦਲਾਲ ਭਾਰਤੀ ਹਾਕਮਾਂ ਦੀ ਸੁਪਰ ਅਮੀਰਾਂ(ਅਡਾਨੀਆਂ-ਅੰਬਾਨੀਆਂ) ਨੂੰ ਅੰਨ੍ਹੇ ਮੁਨਾਫੇ ਬਖਸ਼ਣ ਦੀ ਨੀਤੀ ਦਾ ਹੀ ਸਿੱਟਾ ਹੈ। ਬਹੁਤ ਸਾਰੇ ਕਿਸਾਨਾਂ ਲਾਲ ਪਰਚਮ ਹਾਸਲ ਕਰਕੇ ਵਾਅਦਾ ਕੀਤਾ ਕਿ ਉਹ ਦਰਜ ਲਿਖਤਾਂ ਦਾ ਗੰਭੀਰਤਾ ਨਾਲ ਅਧਿਐਨ ਕਰਨਗੇ