ਨਵਾਂਸ਼ਹਿਰ 24 ਮਾਰਚ 2021 - ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਆਨਜ਼(ਇਫਟੂ) ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਗਏ ਬੰਦ ਦੇ ਸੱਦੇ 'ਤੇ 26 ਮਾਰਚ ਦੇ ਬੰਦ ਦਾ ਭਰਵਾਂ ਸਮਰਥਨ ਕਰੇਗੀ।ਜਾਣਕਾਰੀ ਦਿੰਦਿਆਂ ਇਫਟੂ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ ਅਤੇ ਪ੍ਰੈੱਸ ਸਕੱਤਰ ਜਸਬੀਰ ਦੀਪ ਨੇ ਦੱਸਿਆ ਕਿ ਉਹਨਾਂ ਦੀ ਜਥੇਬੰਦੀ ਦੀ ਕੌਮੀ ਕਮੇਟੀ ਨੇ ਇਸ ਬੰਦ ਦਾ ਦੇਸ਼ ਭਰ ਵਿਚ ਸਮਰਥਨ ਕਰਨ ਦਾ ਫੈਸਲਾ ਕੀਤਾ ਹੈ।ਕਿਉਂਕਿ ਮੋਦੀ ਸਰਕਾਰ ਦੇ ਤਿੰਨ ਖੇਤੀ ਕਾਨੂੰਨ ਜਿੰਨੇ ਕਿਸਾਨਾਂ ਦੀ ਤਬਾਹੀ ਵਾਲੇ ਹਨ ਉੰਨੇ ਹੀ ਮਜਦੂਰ ਵਰਗ ਲਈ ਘਾਤਕ ਹਨ।
ਉਹਨਾਂ ਕਿਹਾ ਕਿ ਮੋਦੀ ਸਰਕਾਰ ਨੇ ਮਜਦੂਰਾਂ ਦੇ ਪੱਖੀ ਸਾਰੇ ਕਾਨੂੰਨ ਖਤਮ ਕਰਕੇ ਉਹਨਾਂ ਦੀ ਥਾਂ ਮਜਦੂਰ ਵਿਰੋਧੀ ਚਾਰ ਲੇਬਰ ਕੋਡ ਲੈ ਆਂਦੇ ਹਨ।ਉਹਨਾਂ ਕਿਹਾ ਕਿ 26 ਮਾਰਚ ਨੂੰ ਭੱਠਾ ਵਰਕਰਜ਼ ਯੂਨੀਅਨ, ਰੇਹੜੀ ਵਰਕਰਜ਼ ਯੂਨੀਅਨ, ਪ੍ਰਵਾਸੀ ਮਜਦੂਰ ਯੂਨੀਅਨ, ਉਸਾਰੀ ਮਿਸਤਰੀ ਮਜਦੂਰ ਯੂਨੀਅਨ ਦੇਸ਼ ਵਿਆਪੀ ਇਸ ਬੰਦ ਵਿਚ ਸ਼ਾਮਲ ਹੋਣਗੀਆਂ।