ਅਸ਼ੋਕ ਵਰਮਾ
ਚੰਡੀਗੜ੍ਹ, 17 ਨਵੰਬਰ 2020 - ਬਜ਼ੁਰਗ ਹਰਦਿਆਲ ਸਿੰਘ ਲਈ ਜ਼ਿੰਦਗੀ ਦਾ ਆਖਰੀ ਪਹਿਰ ਸੌਖਾ ਨਹੀਂ ਹੈ। ਉਹ ਹੁਣ ਪੰਜਾਬ ਦੇ ਪੁੱਤਾਂ ਪੋਤਿਆਂ ਲਈ ਲੜ ਰਿਹਾ ਹੈ ਤਾਂ ਜੋ ਜੱਦੀ ਪੁਸ਼ਤੀ ਪੈਲੀਆਂ ਦਾ ਵਾਲ ਵਿੰਗਾ ਨਾਂ ਕੀਤਾ ਜਾ ਸਕੇ। ਪਿੰਡ ਚੱਕ ਤਾਰੇ ਵਾਲਾ ਦਾ ਬਜ਼ੁਰਗ ਹਰਦਿਆਲ ਸਿੰਘ ਘਾਲੀ ਦੀ ਉਮਰ 76 ਸਾਲ ਹੈ ਜੋ ਨਵੇਂ ਖੇਤੀ ਕਾਨੂੰਨਾਂ ਖਿਲਾਫ ਲੱਗੇ ਮੋਰਚੇ ਤੇ ਡਟਿਆ ਹੋਇਆ ਹੈ। ਮੋਦੀ ਸਰਕਾਰ ਵੱਲੋਂ ਲਿਆਂਦੇ ਨਵੇਂ ਖੇਤੀ ਕਾਨੂੰਨਾਂ ਖਿਲਾਫ ਸੈਂਕੜੇ ਬਿਰਧਾਂ ਨੇ ਘਰ ਬਾਰ ਤਿਆਗ ਦਿੱਤਾ ਹੈ। ਇਹ ਬਜ਼ੁਰਗ ਆਖਦਾ ਹੈ ਕਿ ਨੇ ਅੱਜ ਖ਼ਾਮੋਸ਼ ਰਹੇ ਤਾਂ ਭਲਕੇ ਬੋਲਣ ਜੋਗੇ ਨਹੀਂ ਰਹਿ ਜਾਣਾ ਹੈ। ‘ਵਕਤ ਖੜੇ ਹੋਣ ਦਾ ਤੇ ਇੱਕਜੁੱਟ ਹੋ ਕੇ ਆਵਾਜ਼ ਉਠਾਉਣ ਦਾ ਹੈ ਕਿਉਂਕਿ ਪੂਰੇ ਪੰਜਾਬ ਦੀ ਜਵਾਨੀ ਖੇਤੀ ਕਾਨੂੰਨਾਂ ਖਿਲਾਫ ਸੜਕਾਂ ’ਤੇ ਕੂਕ ਰਹੀ ਹੈ। ਉਹਨਾਂ ਆਖਿਆ ਕਿ ਉਹ ਮਰਦੇ ਦਮ ਤੱਕ ਲੜਾਈ ਲੜਨਗੇ ਅਤੇ ਜਿੱਤ ਹਾਸਲ ਕਰਕੇ ਹੀ ਸਾਹ ਲਿਆ ਜਾਏਗਾ।
ਭਾਰਤੀ ਕਿਸਾਨ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਦਰਜਨਾਂ ਦੀ ਗਿਣਤੀ ’ਚ ਇਹਨਾਂ ‘ਵੱਡੀ ਉਮਰ ਦੇ ਨੌਜਵਾਨਾਂ’ ਨੇ ਕਿਹਾ ‘ਅਸੀਂ ਤਾਂ ਕੱਢ ਲਈ,ਹੁਣ ਪੋਤਿਆਂ ਦੀ ਸੁੱਖ ਮੰਗਦੇ ਹਾਂ’। ਇਹਨਾਂ ਦਿਨਾਂ ’ਚ 26-27 ਨਵੰਬਰ ਦੇ ਦਿੱਲੀ ਚੱਲੋ ਪ੍ਰੋਗਰਾਮ ਲਈ ਲਾਮਬੰਦੀ ਮੁਹਿੰਮ ਚੱਲ ਰਹੀ ਹੈ। ਇਹ ਲੋਕ ਦਿਨ ਚੜਦਿਆਂ ਹੀ ਘਰੋਂ ਨਿੱਕਲ ਪੈਂਦੇ ਹਨ ਅਤੇ ਰਾਤ ਤੱਕ ਕਿਸਾਨਾਂ ਮਜਦੂਰਾਂ ਤੇ ਹੋਰ ਵਰਗਾਂ ਨੂੰ ਪ੍ਰੇਰਿਤ ਕਰਨ ਦਾ ਸਿਲਸਿਲਾ ਜਾਰੀ ਰਹਿੰਦਾ ਹੈ। ਬਜ਼ੁਰਗ ਗੁਰਮੇਲ ਸਿੰਘ(71) ਇਹਨਾਂ ਚੋਂ ਇੱਕ ਹੈ ਜੋ ਦਿਨ ਰਾਤ ਮੋਰਚੇ ’ਚ ਡਟਿਆ ਹੋਇਆ ਹੈ। ਉਸਨੇ ਕਿਹਾ ਕਿ ਕਾਰਪੋਰੇਟ ਘਰਾਣਿਆਂ ਦੀਆਂ ਤਿਜੌਰੀਆਂ ਭਰਨ ਲਈ ਹਕੂਮਤ ਨੇ ਦੇਸ਼ ਦੀ ਵੰਨ-ਸੁਵੰਨਤਾ ਅਤੇ ਲੋਕ ਰਾਜ ਨੂੰ ਅੱਜ ਵੱਡੇ ਖ਼ਤਰੇ ਵਿਚ ਪਾ ਦਿੱਤਾ ਹੈ। ਇਸ ਦੇ ਬਚਾਅ ਲਈ ਜ਼ਿੰਦਗੀ-ਮੌਤ ਦੀ ਲੜਾਈ ਲੜਨੀ ਪਵੇਗੀ ਜੋ ਹੁਣ ਸ਼ੁਰੂ ਹੋ ਗਈ ਹੈ। ਉਸ ਨੇ ਭਾਵੁਕਤਾ ’ਚ ਆਖਿਆ ਕਿ ਖੇਤੀ ਕਾਨੂੰਨਾਂ ਦੇ ਸੇਕ ਤੋਂ ਬੱਚਿਆਂ ਨੂੰ ਬਚਾਉਣ ਲਈ ਸੜਕਾਂ ਤੇ ਬੈਠੇ ਹਾਂ।
ਇਸੇ ਕਾਫਲੇ ’ਚ ਉਮਰ ਦੇ 73ਵੇਂ ਸਾਲ ’ਚ ਪੁੱਜ ਚੁੱਕੇ ਉਪਦੇਸ਼ ਸਿੰਘ ਦਾ ਨਾਮ ਵੀ ਬੋਲਦਾ ਹੈ। ਸਧਾਰਨ ਪੇਂਡੂ ਘਰ ਦਾ ਬਜ਼ੁਰਗ ਜਜਬੇ ਨਾਲ ਆਖਦਾ ਹੈ ‘ਜੇ ਜੀਣਾ ਹੈ ਤਾਂ ਹੁਣ ਲੜਨਾ ਹੀ ਪੈਣਾ ਹੈ। ਉਸ ਦਾ ਤਰਕ ਸੀ ਕਿ ਖੇਤੀ ਕਾਨੂੰਨ ਲਾਗੂ ਹੋ ਗਏ ਤਾਂ ਜਮੀਨਾਂ ਖੁੱਸਣਗੀਆਂ। ਇਹੋ ਹੱਲਾ ਉਹਨਾਂ ਦੇ ਬੱਚਿਆਂ ਨੂੰ ਕਿਸਾਨਾਂ ਤੋਂ ਗੁਲਾਮ ਬਣਾ ਦੇਵੇਗਾ। ਉਹਨਾਂ ਕਿਹਾ ਕਿ ਕੌਮੀ ਹਕੂਮਤ ਨੇ ਉਸ ਕਿਸਾਨੀ ਦੀ ਮੂਲ ਭਾਵਨਾਂ ’ਤੇ ਸੱਟ ਮਾਰੀ ਹੈ ਜਿਸ ਨੇ ਮੁਲਕ ਦੇ ਭੜੋਲੇ ਉਛਲਣ ਲਾ ਦਿੱਤੇ ਸਨ। ਕਾਰਪੋਰੇਟੀ ਹੱਲਿਆਂ ਤੋਂ ਪਹਿਲਾਂ ਉਹ ਖੇਤੀ ਕਾਨੂੰਨਾਂ ਦਾ ਰੋਗ ਸਦਾ ਲਈ ਕੱਟਣਾ ਚਾਹੁੰਦੇ ਹਾਂ। ਕਿਸਾਨ ਅਮਰੀਕ ਸਿੰਘ (69) ਨੇ ਆਖਿਆ ਕਿ ਉਹਨਾਂ ਪੰਜਾਬੀਆਂ ਨੇ ਅੰਗਰੇਜਾਂ ਦਾ ਜੁਲਮ ਅਤੇ ਵੰਡ ਦਾ ਸੰਤਾਪ ਝੱਲਿਆ ਪਰ ਭਾਣਾ ਮੰਨ ਲਿਆ । ਉਸ ਨੇ ਕਿਹਾ ਕਿ ਹੁਣ ਜਿੰਦਗੀ ਦੇ ਆਖਰੀ ਮੋੜ ਤੇ ਆਪਣੀ ਹੀ ਸਰਕਾਰ ਹੱਥੋਂ ਧੱਕੇ ਨਾਲ ਮੜੇ ਜਾ ਰਹੇ ਖੇਤੀ ਕਾਨੂੰਨਾਂ ਦੀ ਬਦੌਲਤ ਫਿਰ ਉਜਾੜਿਆ ਜਾ ਰਿਹਾ ਹੈ।
ਬਜ਼ੁਰਗ ਕਿਸਾਨ ਨਿਰੰਜਣ ਸਿੰਘ ਨੇ ਕਿਹਾ ਕਿ ਹੁਣ ਕਾਫਲੇ ਤੁਰ ਪਏ ਹਨ। ਉਹਨਾਂ ਮੋਦੀ ਸਰਕਾਰ ਨੂੰ ਸੁਨੇਹਾਂ ਲਾਇਆ ‘ ਸਾਡੀ ਉਮਰ ਨੂੰ ਕਿਤੇ ਮਜਬੂਰੀ ਨਾ ਸਮਝਣਾ, ਅਸੀਂ ਮਹਾਨ ਗਦਰੀ ਬਾਬਿਆਂ ਦੇ ਵਾਰਿਸ ਹਾਂ’। ਸਾਨੂੰ ਤਾਂ ਗੁੜ੍ਹਤੀ ਹੀ ‘ਨਿਸਚੇ ਕਰ ਜੀਤ ਕਰੋ’ ਦੀ ਦਿੱਤੀ ਗਈ ਹੈ। ਉਸ ਨੇ ਆਖਿਆ ਕਿ ‘ਭਵਿੱਖ ਤੇ ਹੋਂਦ ਲਈ ਲੜਾਈ ਲੜਾਂਗੇ।’ ਕਈ ਬਜ਼ੁਰਗ ਅਜਿਹੇ ਵੀ ਹਨ ਜੋ ਪਹਿਲੀ ਦਫਾ ਲੋਕ ਘੋਲਾਂ ’ਚ ਉੱਤਰੇ ਹਨ ਪਰ ਉਹਨਾਂ ਦੇ ਹੌਂਸਲੇ ਬੁਲੰਦ ਹਨ। ਪੋਤਿਆਂ ਦੋਹਤਿਆਂ ਨੂੰ ਖਿਡਾਉਣ ਦੇ ਸਮੇਂ ਦੌਰਾਨ ਅਜਿਹੇ ਸੈਂਕੜੇ ਬਜ਼ੁਰਗਾਂ ਨੂੰ ਮੋਦੀ ਸਰਕਾਰ ਨੇ ਸੰਘਰਸ਼ ਦੇ ਪਿੜ ਵਿੱਚ ਪੁਹੰਚਾ ਦਿੱਤਾ ਹੈ। ਇਕੱਲੇ ਪੁਰਸ਼ ਹੀ ਨਹੀਂ ਧਰਨਿਆਂ ’ਚ ਪੁੱਜਦੀਆਂ ਵੱਡੀ ਉਮਰ ਦੀਆਂ ਬੀਬੀਆਂ ਕੇਂਦਰੀ ਹਕੂਮਤ ਦੀਆਂ ਕਿਸਾਨ ਮਾਰੂ ਨੀਤੀਆਂ ਦੀ ਗਵਾਹੀ ਭਰਦੀਆਂ ਹਨ। ਕਿਸਾਨ ਆਖਦੇ ਹਨ ਕਿ ਡੇਢ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ ਪੰਜਾਬ ਦੇ ਲੱਖਾਂ ਲੋਕਾਂ ਨੂੰ ਸੜਕਾਂ ਤੇ ਉਤਰਿਆਂ ਪਰ ਹਕੂਮਤਾਂ ਦੀ ਅੱਖ ਚੋਂ ਹੰਝੂ ਵੀ ਨਹੀਂ ਕਿਰੇ ਹਨ।
ਵੇਲੇ ਵਿਚਾਰੇ ਮੋਦੀ ਸਰਕਾਰ: ਬਹਿਰਾਮਕੇ
ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਜਰਨਲ ਸਕੱਤਰ ਬਲਵੰਤ ਸਿੰਘ ਬਹਿਰਾਮਕੇ ਦਾ ਕਹਿਣਾ ਸੀ ਕਿ ਦਿੱਲੀ ਚੱਲੋ ਪ੍ਰੋਗਰਾਮ ਹੁਣ ਖੇਤਾਂ ਦੀ ਜੰਗ ਦਾ ਮੋਰਚਾ ਬਣ ਗਿਆ ਹੈ। ਉਹਨਾਂ ਕਿਹਾ ਕਿ ਕਿਸਾਨ ਮੋਦੀ ਸਰਕਾਰ ਹੱਥੋਂ ਹਾਰਨ ਦੀ ਥਾਂ ਦੋ ਦੋ ਹੱਥ ਕਰਨ ਲਈ ਤਿਆਰ ਹੋ ਗਏ ਹਨ। ਉਹਨਾਂ ਆਖਿਆ ਕਿ ਜਿੰਦਗੀ ਦੇ ਇਸ ਪੜਾਅ ਤੇ ਪੁੱਜ ਚੁੱਕੇ ਕਿਸਾਨਾਂ ਨੂੰ ਨਾਂ ਤਾਂ ਗਰਮੀ ਰੋਕ ਸਕੀ ਹੈ ਤੇ ਨਾਂ ਹਾ ਬਾਰਸ਼ ਅਤੇ ਠੰਢ। ਕਿਸਾਨ ਆਗੂ ਨੇ ਕਿਹਾ ਕਿ ਦੇਸ਼ ਦੇ ਹਾਕਮਾਂ ਨੂੰ ਚਾਨਣ ਪਸੰਦ ਨਹੀਂ ਹੈ ਤਾਹੀਓਂ ਉਹਨਾਂ ਨੇ ਹਰ ਨੀਤੀ ਦੀਵੇ ਬੁਝਾਉਣ ਵਾਲੀ ਬਣਾਈ ਹੈ। ਉਹਨਾਂ ਆਖਿਆ ਕਿ ਮੋਦੀ ਸਰਕਾਰ ਦੀਆਂ ਚਾਲਾਂ ਲੋਕ ਰੋਹ ਨੂੰ ਹੋਰ ਪ੍ਰਚੰਡ ਕਰ ਰਹੀਆਂ ਹਨ। ਬਹਿਰਮਕੇ ਨੇ ਕਿਹਾ ਕਿ ਕਿਸਾਨੀ ਤਾਂ ਹੁਣ ਨਿੱਤਰ ਪਈ ਹੈ ਜਿਸ ਕਰਕੇ ਹਕੂਮਤ ਨੂੰ ਵੇਲਾ ਵਿਚਾਰਨਾ ਚਾਹੀਦਾ ਹੈ।