ਅਸ਼ੋਕ ਵਰਮਾ
ਮਾਨਸਾ, 5 ਨਵੰਬਰ 2020 - ਦੇਸ਼ ਦੀਆਂ ਕਿਸਾਨ ਜੱਥੇਬੰਦੀਆਂ ਦੀ ਕੌਮੀ ਤਾਲਮੇਲ ਕਮੇਟੀ ਦੇ ਸੱਦੇ ਤਹਿਤ ਮੋਦੀ ਸਰਕਾਰ ਵੱਲੋਂ ਬਣਾਏ ਕਾਰਪੋਰੇਟ ਪ੍ਸਤ ਖੇਤੀ ਕਨੂੰਨਾਂ ਦੀ ਵਾਪਸੀ ਦੀ ਮੰਗ ਨੂੰ ਲੈ ਕੇ ਅੱਜ ਪੂਰੇ ਦੇਸ਼ ਵਿਚ ਚਾਰ ਘੰਟੇ ਦੇ ਚੱਕਾ ਜਾਮ ਦੇ ਪ੍ਰੋਗਰਾਮ ਨੂੰ ਲਾਗੂ ਕਰਦਿਆਂ ਸਰਸਾ ਬਰਨਾਲਾ ਰੋਡ ਤੇ ਚੱਕਾ ਜਾਮ ਕੀਤਾ ਗਿਆ। ਰੈਲੀ ਨੂੰ ਬੀ ਕੇ ਯੂ ਲੱਖੋਵਾਲ ਨਿਰਮਲ ਸਿੰਘ ਝੰਡੂਕੇ, ਬੀਕੇਯੂ ਡਕੌਦਾ ਦੀ ਆਗੂ ਐਡਵੋਕੇਟ ਬਲਵੀਰ ਕੌਰ ,ਪੀਕੇਯੂ ਦੇ ਰੁਲਦੂ ਸਿੰਘ ਮਾਨਸਾ, ਬੀਕੇਯੂ ਕ੍ਰਾਂਤੀਕਾਰੀ ਜਲੌਰ ਸਿੰਘ ਦੂਲੋਵਾਲ, ਬੀਕੇਯੂ ਸਿੱਧੂਪੁਰ ਦੇ ਗੁਰਮੇਲ ਸਿੰਘ ਖੋਖਰ, ਕੁੱਲ ਹਿੰਦ ਕਿਸਾਨ ਸਭਾ ਕਿਰਿਸ਼ਨ ਚੌਹਾਨ, ਕੁੱਲ ਹਿੰਦ ਕਿਸਾਨ ਸਭਾ ਪੂਨਾਵਾਲ ਦੇ ਕੁਲਵਿੰਦਰ ਸਿੰਘ ਉੱਡਤ, ਕਿਰਤੀ ਕਿਸਾਨ ਯੂਨੀਅਨ ਦੇ ਭਜਨ ਸਿੰਘ ਘੁੰਮਣ ਅਤੇ ਬੀਕੇਯੂ ਮਾਨਸਾ ਦੇ ਬੋਘ ਸਿੰਘ ਮਾਨਸਾ ਨੇ ਸੰਬੋਧਨ ਕਰਦਿਆਂ ਆਖਿਆ ਕਿ ਨਰਿੰਦਰ ਮੋਦੀ ਨੇ ਬਠਿੰਡਾ ਰੈਲੀ ਵਿਚ ਕਪਾਹ ਪੱਟੀ ਦੇ ਕਿਸਾਨਾਂ ਦੀ ਤਕਦੀਰ ਬਦਲਣ ਦਾ ਵਾਅਦਾ ਕੀਤਾ ਸੀ ਪਰ ਹੁਣ ਜਮੀਨਾਂ ਖੁਹਾਉਣ ਦੇ ਰਾਹ ਪੈ ਗਿਆ ਹੈ।
'ਬੁਲਾਰਿਆਂ ਨੇ ਕਿਹਾ ਕਿ ਦੇਸ਼ ਦੇ ਕਿਸਾਨ, ਮਜਦੂਰ, ਛੋਟੇ ਵਪਾਰੀ ਤੇ ਕਾਰੋਬਾਰੀ ਮੋਦੀ ਸਰਕਾਰ ਵਲੋਂ ਸਾਡੀ ਖੇਤੀ ਅਤੇ ਪਰਚੂਨ ਖੇਤਰ ਨੂੰ ਪੂਰੀ ਤਰਾਂ ਦੇਸੀ ਤੇ ਵਿਦੇਸ਼ੀ ਕਾਰਪੋਰੇਟ ਕੰਪਨੀਆਂ ਦੇ ਹਵਾਲੇ ਕਰਨ ਲਈ ਲਏ ਜਾ ਰਹੇ ਫੈਸਲਿਆਂ ਦੇ ਖਿਲਾਫ ਇਕਜੁੱਟ ਹੋ ਕੇ ਮੈਦਾਨ ਵਿੱਚ ਨਿੱਤਰ ਰਹੇ ਹਨ।
ਉਹਨਾਂ ਕਿਹਾ ਕਿ ਕਿਸਾਨਾਂ ਦੇ ਮਿਸਾਲੀ ਸੰਘਰਸ਼ ਤੋਂ ਬੁਖਲਾਕੇ ਬਦਲਾਖੋਰੀ ਦੀ ਭਾਵਨਾ ਨਾਲ ਮੋਦੀ ਨਿੱਤ ਨਵੇਂ ਕਾਲੇ ਕਾਨੂੰਨ ਬਣਾ ਰਿਹਾ ਹੈ। ਬੁਲਾਰਿਆਂ ਨੇ ਕਿਹਾ ਕਿ ਪੂਰੇ ਦੇਸ਼ ਵਿਚ ਚੱਕਾ ਜਾਮ ਤੋਂ ਵੀ ਮੋਦੀ ਸਰਕਾਰ ਕਿਸਾਨਾਂ ਦੀ ਅਵਾਜ ਨੂੰ ਸੁਣਦੀ ਤਾਂ 26 ਅਤੇ 27 ਨਵੰਬਰ ਨੂੰ ਦਿੱਲੀ ਪਹੁੰਚ ਕੇ ਪੱਕੇ ਮੋਰਚਾ ਲਾਇਆ ਜਾਏਗਾ ਇਸ ਮੌਕੇ ਸਟੇਜ ਸਕੱਤਰ ਕਲਵਿੰਦਰ ਸਿੰਘ, ਕ੍ਰਿਸ਼ਨ ਚੌਹਾਨ ਅਤੇ ਮੈਡੀਕਲ ਪ੍ਰੈਕਟੀਸਨਰਜ ਐਸੋਸੀਏਸ਼ਨ ਦੇ ਧੰਨਾ ਮੱਲ ਗੋਇਲ ਨੇ ਕਿਹਾ ਕਿ ਕਿਸਾਨਾਂ ਦਾ ਰੋਹ ਹੁਣ ਉਬਾਲੇ ਖਾ ਰਿਹਾ ਹੈ ਇਸ ਲਈ ਮੋਦੀ ਸਰਕਾਰ ਨੇ ਦੇਖਣਾ ਹੈ ਕਿ ਮਸਲਾ ਹੱਲ ਕਰਨਾ ਜਾਂ ਟਕਰਾਅ ਦੇ ਰਾਹ ਪੈਣਾ ਹੈ।