ਰਾਜਵੰਤ ਸਿੰਘ
- 25 ਦੇ ਸੰਘਰਸ਼ ਲਈ ਪਿੰਡ - ਪਿੰਡ, ਸ਼ਹਿਰ - ਸ਼ਹਿਰ ਜਾ ਲੋਕਾਂ ਨੰੂ ਕੀਤਾ ਜਾਵੇਗਾ ਲਾਮਬੰਦ
ਸ੍ਰੀ ਮੁਕਤਸਰ ਸਾਹਿਬ, 22 ਸਤੰਬਰ 2020 - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪਿੰਡ ਬਾਦਲ ਵਿਖੇ 15 ਸਤੰਬਰ ਤੋਂ ਚੱਲ ਰਿਹਾ ਲਗਾਤਾਰ ਧਰਨਾ ਅੱਜ ਸਮਾਪਤ ਕਰ ਦਿੱਤਾ ਗਿਆ। ਕਿਸਾਨ ਆਗੂਆਂ ਅਨੁਸਾਰ ਅਗਲੇਰੇ ਸੰਘਰਸ਼ ਲਈ ਹੁਣ ਉਹ ਪਿੰਡ-ਪਿੰਡ ਅਤੇ ਸ਼ਹਿਰ - ਸ਼ਹਿਰ ਜਾਣਗੇ। ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀਬਾੜੀ ਨਾਲ ਸਬੰਧਿਤ ਆਰਡੀਨੈਸਾਂ ਵਿਰੁੱਧ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਪਿੰਡ ਬਾਦਲ ਵਿਖੇ ਉਹਨਾਂ ਦੀ ਰਿਹਾਇਸ ਸਾਹਮਣੇ 15 ਸਤੰਬਰ ਤੋਂ ਪੱਕਾ ਮੋਰਚਾ ਲਾ ਕੇ ਬੈਠੇ ਕਿਸਾਨਾਂ ਨੇ ਅੱਜ ਆਪਣਾ ਪੱਕਾ ਮੋਰਚਾ ਸਮਾਪਤ ਕਰ ਦਿੱਤਾ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਵਿਚ ਬੈਠੇ ਕਿਸਾਨਾਂ ਨੇ ਦੱਸਿਆ ਕਿ 15 ਸਤੰਬਰ ਤੋਂ ਲਗਾਤਾਰ ਚੱਲ ਰਿਹਾ ਇਹ ਮੋਰਚਾ ਅੱਜ ਸਮਾਪਤ ਕਰ ਦਿੱਤਾ ਗਿਆ। ਪਰ ਖੇਤੀਬਾੜੀ ਆਰਡੀਨੈਸਾਂ ਵਿਰੁੱਧ ਸੰਘਰਸ਼ ਜਾਰੀ ਰਹੇਗਾ।
25 ਸਤੰਬਰ ਦੇ ਬੰਦ ਸਬੰਧੀ ਪਿੰਡ - ਪਿੰਡ, ਸ਼ਹਿਰ - ਸ਼ਹਿਰ ਜਾ ਕੇ ਹਰ ਵਰਗ ਦੇ ਲੋਕਾਂ ਨੂੰ ਲਾਮਬੰਦ ਕੀਤਾ ਜਾਵੇਗਾ ਕਿਸਾਨਾਂ ਨੇ ਕਿਹਾ ਕਿ ਇਹ ਆਰਡੀਨੈਸ ਕਿਸੇ ਵੀ ਕੀਮਤ ਤੇ ਉਹਨਾਂ ਨੂੰ ਸਵੀਕਾਰ ਨਹੀਂ ਅਤੇ ਸੰਘਰਸ਼ ਆਉਣ ਵਾਲੇ ਦਿਨਾਂ ਵਿਚ ਹੋਰ ਤੇਜ਼ ਕੀਤਾ ਜਾਵੇਗਾ। ਇਸ ਸਬੰਧੀ ਕਿਸਾਨ ਆਗੂ ਸਿੰਗਾਰਾ ਸਿੰਘ, ਗੁਲਾਬ ਸਿੰਘ ਅਤੇ ਅਵਤਾਰ ਸਿੰਘ ਨੇ ਦੱਸਿਆ ਕਿ ਪਟਿਆਲਾ ਅਤੇ ਬਾਦਲ ਪਿੰਡ ਦੇ ਦੋਵੇ ਪੱਕੇ ਮੋਰਚਿਆਂ ਦੀ ਸਮਾਪਤੀ ਕਰ ਦਿੱਤੀ ਗਈ ਹੈ। ਕਿਉਂਕਿ ਹੁਣ ਸੰਘਰਸ਼ ਵਿਸ਼ਾਲ ਰੂਪ ਵਿਚ ਚੱਲੇਗਾ । ਉਹਨਾਂ ਕਿਹਾ ਕਿ ਕਿਸਾਨਾਂ ਦਾ ਸੰਘਰਸ਼ 24 ਤੋਂ ਹੀ ਸ਼ੁਰੂ ਹੈ। 24 ਤੋਂ 26 ਤੱਕ ਰੇਲ ਰੋਕਣ ਦਾ ਪ੍ਰੋਗਰਾਮ ਹੈ, 25 ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ। ਹੁਣ ਕਿਸਾਨਾਂ ਦਾ ਸੰਘਰਸ਼ ਵੱਡੇ ਪੱਧਰ ਤੇ ਚੱਲੇਗਾ ਅਤੇ ਆਉਣ ਵਾਲੇ ਸਮੇਂ ’ਚ ਸੰਘਰਸ਼ ਹੋਰ ਤੇਜ਼ ਹੋਵੇਗਾ।