ਅਸ਼ੋਕ ਵਰਮਾ
ਬਠਿੰਡਾ, 3 ਨਵੰਬਰ 2020 : ਕੇਂਦਰ ਸਰਕਾਰ ਦੁਆਰਾ ਬਣਾਏ ਖੇਤੀ ਕਾਨੂੰਨ ਤੇ ਬਿਜਲੀ ਸੋਧ ਬਿੱਲ 2020 ਨੂੰ ਰੱਦ ਕਰਾਉਣ ਲਈ ਕਿਸਾਨ ਜਥੇਬੰਦੀਆਂ ਵੱਲੋਂ 5 ਨਵੰਬਰ ਨੂੰ ਦੇਸ਼ ਵਿਆਪੀ ਚੱਕਾ ਜਾਮ ਦੇ ਸੱਦੇ ਤਹਿਤ ਪੰਜਾਬ ’ਚ ਲਾਏ ਜਾ ਰਹੇ ਜਾਮਾਂ ਵਿੱਚ ਪੰਜਾਬ ਖੇਤ ਮਜਦੂਰ ਯੂਨੀਅਨ ਵੀ ਸ਼ਮੂਲੀਅਤ ਕਰੇਗੀ ਜਿਸ ਲਈ ਖੇਤ ਮਜਦੂਰ ਪ੍ਰੀਵਾਰਾਂ ’ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਹਨਾਂ ਪ੍ਰੋਗਰਾਮਾਂ ’ਚ ਵੱਡੀ ਗਿਣਤੀ ਮਜਦੂਰ ,ਉਹਨਾਂ ਦੇ ਪ੍ਰੀਵਾਰਾਂ ਦੀਆਂ ਔਰਤਾਂ ਬੱਚਿਆਂ ਸਮੇਤ ਪੁੱਜਣਗੀਆਂ।
ਯੂਨੀਅਨ ਦੇ ਪ੍ਰਧਾਨ ਜੋਰਾ ਸਿੰਘ ਨਸਰਾਲੀ ਤੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ ਖੇਤੀ ਕਾਨੂੰਨ ਤੇ ਬਿਜਲੀ ਸੋਧ ਬਿੱਲ ਖੇਤ ਮਜਦੂਰਾਂ ਦੇ ਰੁਜਗਾਰ ਖਤਮ ਕਰਨ, ਜਨਤਕ ਵੰਡ ਪ੍ਰਣਾਲੀ ਰਾਹੀਂ ਮਿਲਦੇ ਰਾਸ਼ਾਨ ਦਾ ਭੋਗ ਪਾਉਣ ਅਤੇ ਮਜਦੂਰ ਘਰਾਂ ਚੋਂ ਬਿਜਲੀ ਦੇ ਲਾਟੂ ਗੁੰਮ ਕਰਨ ਦਾ ਸਾਧਨ ਬਣਨਗੇ। ਉਹਨਾਂ ਆਖਿਆ ਕਿ ਉਹਨਾਂ ਦੀ ਜਥੇਬੰਦੀ ਦੀ ਪਹਿਲ ਕਦਮੀ ਨਾਲ ਪੰਜਾਬ ਦੇ ਵੱਖ-ਵੱਖ ਜਿਿਲਆਂ ਚ ਕਿਸਾਨ ਘੋਲ ਦੀ ਹਮਾਇਤ ਚ ਵੱਖ-ਵੱਖ ਯੂਨੀਅਨਾਂ ‘ਤੇ ਅਧਾਰਿਤ ਜਥੇਬੰਦ ਕੀਤੀਆਂ ਗਈਆਂ ਸਮਰਥਨ ਕਮੇਟੀਆਂ ਵੀ ਇਸ ਜਾਮ ‘ਚ ਹੋਣਗੀਆਂ। ਉਹਨਾਂ ਕੇਂਦਰ ਸਰਕਾਰ ਵੱਲੋਂ ਲੋਕ ਵਿਰੋਧੀ ਕਾਲੇ ਕਾਨੂੰਨਾਂ ਖਿਲਾਫ ਸੰਘਰਸ਼ ਦੇ ਮੋਰਚੇ ਤੇ ਡਟੇ ਪੰਜਾਬ ਦੇ ਕਿਸਾਨਾਂ ਅਤੇ ਉਹਨਾਂ ਦੀ ਹਮਾਇਤ ਚ ਉੱਤਰੇ ਪੰਜਾਬ ਵਾਸੀਆਂ ਨੂੰ ਬਦਲਾ ਲਊ ਭਾਵਨਾ ਤਹਿਤ ਸਬਕ ਸਿਖਾਉਣ ਦੇ ਖੋਰੀ ਇਰਾਦੇ ਨਾਲ ਪੰਜਾਬ ਦੀ ਨਾਕੇਬੰਦੀ ਕਰਨ ਲਈ ਚੁੱਕੇ ਕਦਮਾਂ ਦੀ ਨਿਖੇਧੀ ਕੀਤੀ।