ਅਸ਼ੋਕ ਵਰਮਾ
ਬਠਿੰਡਾ, 23 ਅਕਤੂਬਰ 2020 - ਮੋਗਾ ’ਚ ਅੱਜ ਉਸ ਵੇਲੇ ਭਾਰੀ ਹੰਗਾਮਾ ਹੋ ਗਿਆ ਜਦੋਂ ਕਾਲੇ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਕਰ ਰਹੇ ਕਿਸਾਨਾਂ ਨੇ ਲੁਧਿਆਣਾ ਵੱਲੋਂ ਆਈ ਅਡਾਨੀ ਐਗਰੋ ਦੀ ਮਾਲ ਗੱਡੀ ਨੂੰ ਬੰਦੀ ਬਣਾ ਲਿਆ ਜੋ ਮੋਗਾ ਰੇਲਵੇ ਸਟੇਸ਼ਨ ਹੁੰਦੀ ਹੋਈ ਪੂਰੀ ਰਫ਼ਤਾਰ ਨਾਲ ਸੇਲੋ ਪਲਾਂਟ ਡਗਰੂ ਪੁੱਜ ਗਈ। ਰੇਲਵੇ ਸਟੇਸ਼ਨ ’ਤੇ ਲੱਗੇ ਪੱਕੇ ਮੋਰਚੇ ਦੇ ਵਰਕਰਾਂ ਨੇ ਤੁਰੰਤ ਐਕਸ਼ਨ ਲੈਂਦਿਆਂ ਮੋਟਰਸਾਈਕਲਾਂ ਅਤੇ ਟਰੈਕਟਰ ਟਰਾਲੀਆਂ ਰਾਹੀਂ ਗੱਡਾ ਦਾ ਪਿੱਛਾ ਕਰਕੇ ਅਡਾਨੀ ਐਗਰੋ ਦੀਆਂ ਰੇਲਵੇ ਲਾਈਨਾਂ ਉੱਤੇ ਜਾ ਡੇਰੇ ਲਾਏ। ਇਸ ਮੌਕੇ ਰੇਲਵੇ ਲਾਈਨਾਂ ਉੱਤੇ ਖਲੋਤੇ ਅਦਾਨੀ ਐਗਰੋ ’ਚ ਆਈ ਗੱਡੀ ਦੇ ਡੱਬਿਆਂ ਉੱਤੇ ਚੜ ਕੇ ਕਿਸਾਨਾਂ ਨੇ ਜਬਰਦਸਤ ਨਾਅਰੇਬਾਜ਼ੀ ਕੀਤੀ। ਅੱਜ ਦੇ ਐਕਸ਼ਨ ’ਚ ਵੱਡੀ ਗਿਣਤੀ ਕਿਸਾਨ ਔਰਤਾਂ ਨੇ ਕਿਸਾਨਾਂ ਦਾ ਸਾਥ ਦਿੱਤਾ ਜਿਹਨਾਂ ਆਖਿਆ ਕਿ ਸਰਕਾਰ ਦੇ ਇਸ਼ਾਰੇ ਤੇ ਧੋਖੇ ਨਾਲ ਅਡਾਨੀ ਦੀਆਂ ਗੱਡੀਆਂ ਲੰਘਾਉਣ ਦੀ ਜੋ ਸਕੀਮ ਬਣਾਈ ਹੈ ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ।
ਕਿਸਾਨ ਆਗੂਆਂ ਨੇ ਆਖਿਆ ਕਿ ਜੱਥੇਬੰਦੀਆਂ ਨੇ ਪੰਜਾਬ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਨੇ ਕੇਵਲ ਕੋਇਲਾ ਅਤੇ ਖਾਦ ਢੋਹਣ ਵਾਲੀਆਂ ਮਾਲ ਗੱਡੀਆਂ ਨੂੰ ਛੋਟ ਦਿੱਤੀ ਗਈ ਹੈ। ਇਸ ਮੌਕੇ ਕਿਸਾਨਾਂ ਨੇ ਅਨਾਜ਼ ਸਟੋਰ ਕਰਨ ਵਾਲੇ ਸੇਲੋ ਪਲਾਂਟ ਅੰਦਰ ਗਏ ਡੱਬਿਆਂ ਨੂੰ ਬੰਦੀ ਬਣਾ ਲਿਆ। ਮੌਕੇ ਤੇ ਪੁੱਜੇ ਅਧਿਕਾਰੀਆਂ ਨੇ ਕਿ ਕਿਸੇ ਵੀ ਮਾਲ ਗੱਡੀ ਦੇ ਅਦਾਨੀ ਸੈਲੋ ਵਿੱਚੋਂ ਮਾਲ ’ਚ ਨਾਂ ਜਾਣ ਸਬੰਧੀ ਵਿਸ਼ਵਾਸ ਦਿਵਾਇਆ ਤਾਂ ਜਾ ਕੇ ਕਿਸਾਨ ਸ਼ਾਂਤ ਹੋਏ। ਅਧਿਕਾਰੀਆਂ ਵੱਲੋਂ ਜੋਰ ਦੇਣ ਤੇ ਸਿਰਫ ਰੇਲ ਇੰਜਣ ਨੂੰ ਜਾਣ ਦੀ ਇਜਾਜਤ ਦਿੱਤੀ ਗਈ । ਇਸ ਮੌਕੇ ਹਾਜ਼ਰ ਕਿਸਾਨ ਆਗੂਆਂ ਸੂਰਤ ਸਿੰਘ ਧਰਮਕੋਟ, ਬਲਵੰਤ ਸਿੰਘ ਬ੍ਰਹਮਕੇ, ਸੁਖਜਿੰਦਰ ਸਿੰਘ ਖੋਸਾ, ਬਲੌਰ ਸਿੰਘ ਘੱਲਕਲਾਂ, ਸੁਖਚੈਨ ਸਿੰਘ ਰਾਮਾ, ਨਿਰੰਜਨ ਸਿੰਘ ਉਮਰੀਆਣਾ ਨੇ ਕਿਹਾ ਕਿ ਪੰਜਾਬ ਵਿੱਚ ਮਾਲ ਗੱਡੀਆਂ ਨੂੰ ਛੋਟ ਦਾ ਇਹ ਮਤਲਬ ਹਰਗਿਜ਼ ਨਹੀਂ ਕਿ ਅਦਾਨੀ ਦੇ ਮਾਲ ਡੱਬੇ ਪੰਜਾਬ ਵਿੱਚ ਛੂਕਦੇ ਫਿਰਨਗੇ।
ਉਹਨਾਂ ਕਿਹਾ ਕਿ ਸਰਕਾਰਾਂ ਨੇ ਜਿਹੜੇ ਸਟੋਰ ਬਣਾ ਕੇ ਅਦਾਨੀਆਂ ਨੂੰ ਅੰਨੀ ਕਮਾਈ ਕਰਨ ਦਾ ਰਾਹ ਖੋਲਿਆ, ਉਹ ਬੰਦ ਹੋਣਾ ਚਾਹੀਦਾ ਹੈ। ਇਸ ਮੌਕੇ ਕਿਸਾਨ ਆਗੂਆਂ ਨੇ ਰੇਲਵੇ ਦੇ ਅਧਿਕਾਰੀਆਂ ਨੂੰ ਵੀ ਸਖਤੀ ਨਾਲ ਕਿਹਾ ਕਿ ਇੱਥੇ ਅਦਾਨੀ ਸੈਲੋ ਵਿੱਚ ਕੋਈ ਮਾਲ ਗੱਡੀ ਨਾ ਲਿਆਂਦੀ ਜਾਵੇ ਨਹੀਂ ਤਾਂ ਉਹ ਕੋਈ ਸਖਤ ਫੈਸਲਾ ਲੈਣ ਲਈ ਮਜਬੂਰ ਹੋਣਗੇ ਇੱਥੇ ਮੋਰਚਾ ਲਗਾ ਕੇ ਬੈਠੇ ਕਿਸਾਨਾਂ ਨੇ ਸਮੁੱਚੇ ਪੰਜਾਬ ਵਿੱਚ ਰੇਲਵੇ ਸਟੇਸ਼ਨਾਂ ਉੱਤੇ ਬੈਠੇ ਕਿਸਾਨਾਂ ਨੂੰ ਮੁਸਤੈਦੀ ਵਰਤਣ ਲਈ ਵੀ ਆਖਿਆ ਹੈ। ਓਧਰ ਰੇਲਵੇ ਸਟੇਸ਼ਨ ਮੋਗਾ ਵਿਖੇ ਲੱਗਾ ਪੱਕਾ ਧਰਨਾ ਜਾਰੀ ਹੈ ਅਤੇ ਕਿਸਾਨਾਂ ਨੇ ਪਹਿਰਾ ਕਰੜਾ ਕਰ ਦਿੱਤਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਅੰਬਾਨੀਆਂ ਅਡਾਨੀਆਂ ਅਤੇ ਕਾਰਪੋਰੇਟ ਘਰਾਣਿਆਂ ਦੀ ਲੁੱਟ ਲਈ ਲਿਆਂਦੇ ਖੇਤੀ ਕਾਨੂੰਨ ਪੰਜਾਬ ’ਚ ਤਬਾਹੀ ਮਚਾ ਦੇਣਗੇ ਅਤੇ ਕਿਸਾਨਾਂ ਨੂੰ ਜਮੀਨਾਂ ਚੋਂ ਬਾਹਰ ਕਰਕੇ ਮੰਗਤਾ ਬਣਾ ਦਿੱਤਾ ਜਾਏਗਾ ਜੋ ਉਹਨਾਂ ਨੂੰ ਮਨਜੂਰ ਨਹੀਂ ਹੈ।
ਇਸ ਮੌਕੇ ਨਿਰਮਲ ਸਿੰਘ ਮਾਣੂੰਕੇ, ਸੁਖਵਿੰਦਰ ਸਿੰਘ ਬ੍ਰਹਮਕੇ, ਵਿੱਕੀ ਮਹੇਸ਼ਰੀ, ਅਮਰਜੀਤ ਸਿੰਘ ਸ਼ੇਰਪੁਰੀ, ਕਰਮਵੀਰ ਕੌਰ ਬੱਧਨੀ, ਅੰਗਰੇਜ਼ ਸਿੰਘ ਬ੍ਰਹਮਕੇ, ਸੁਖਜਿੰਦਰ ਮਹੇਸਰੀ, ਸੁੱਖਾ ਸਿੰਘ ਵਿਰਕ, ਬੁੱਗਰ ਸਿੰਘ ਮਾਣੂੰਕੇ, ਜਸਵੰਤ ਸਿੰਘ ਸਰਪੰਚ ਪੰਡੋਰੀ ਅਰਾਈਆਂ, ਗੁਰਬਚਨ ਸਿੰਘ ਚੰਨੂਵਾਲਾ, ਮਨਜੀਤ ਕੌਰ, ਚਰਨਜੀਤ ਕੌਰ ਮਾਣੂੰਕੇ, ਗੁਰਪ੍ਰੀਤ ਫੂਲੇਵਾਲਾ, ਡਾਕਟਰ ਬਲਦੇਵ ਸਿੰਘ ਧੂੜਕੋਟ, ਮੇਜਰ ਸਿੰਘ ਜਲਾਲਾਬਾਦ, ਕੁਲਦੀਪ ਸਿੰਘ ਭਿੰਡਰ, ਅਮਰ ਸਿੰਘ ਸਲੀਣਾ, ਲਾਭ ਸਿੰਘ ਮਾਣੂੰਕੇ, ਬੂਟਾ ਸਿੰਘ ਤਖਾਣਵੱਧ, ਰਾਮ ਸਿੰਘ ਮਾਣੂੰਕੇ ਅਤੇ ਸੁਖਜਿੰਦਰ ਮਹੇਸ਼ਰੀ ਆਦਿ ਆਗੂ ਹਾਜ਼ਰ ਸਨ।