ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 15 ਅਕਤੂਬਰ 2020 - ਜ਼ਿਲ੍ਹੇ ਦੇ ਪਿੰਡ ਮਹਾਂਬੱਧਰ ਵਿਖੇ ਅੱਜ ਸਵੇਰੇ ਵੇਲੇ ਉਸ ਸਮੇਂ ਸਥਿਤੀ ਤਨਾਅਪੂਰਨ ਬਣ ਗਈ, ਜਦੋਂਕਿ ਜਲਾਲਾਬਾਦ ਦੇ ਪਿੰਡ ਚੱਕ ਜਾਨੀਸਰ ਜਾ ਰਹੇ ਭਾਜਪਾ ਦੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਦੇ ਕਾਫਲੇ ਨੂੰ ਕਿਸਾਨ ਜਥੇਬੰਦੀਆਂ ਨੇ ਅਚਾਨਕ ਘੇਰ ਲਿਆ। ਇਸ ਮੌਕੇ ਸਥਿਤੀ ਪੂਰੀ ਤਨਾਅਪੂਰਨ ਬਣ ਗਈ, ਪਰ ਪੁਲਸ ਨੇ ਜਲਦੀ ਹੀ ਵਿਜੇ ਸਾਂਪਲਾ ਸਮੇਤ ਭਾਜਪਾਈਆਂ ਨੂੰ ਹਿਰਾਸਤ ਵਿੱਚ ਲੈ ਕੇ ਫਰੀਦਕੋਟ ਪੁਲਿਸ ਦੇ ਸਪੁਰਦ ਕਰ ਦਿੱਤਾ। ਉੱਥੇ ਹੀ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਇਸਨੂੰ ਕਾਂਗਰਸ ਦੇ ਯੂਥ ਵੱਲੋਂ ਕੀਤੀ ਗਈ ਇੱਕ ਸ਼ਰਾਰਤ ਕਰਾਰ ਦਿੱਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਭਾਜਪਾ ਦੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਆਪਣੇ ਕਾਫਲੇ ਸਮੇਤ ਜਲਾਲਾਬਾਦ ਦੇ ਪਿੰਡ ਚੱਕ ਜਾਨੀਸਰ ਵਿਖੇ ਇੱਕ ਦਲਿਤ ਲੜਕੇ ਨਾਲ ਹੋਏ ਅੱਤਿਆਚਾਰ ਦੀ ਸਾਰ ਲੈਣ ਜਾ ਰਹੇ ਸਨ, ਜਦੋਂ ਉਨ੍ਹਾਂ ਦਾ ਕਾਫ਼ਲਾ ਪਿੰਡ ਮਹਾਂਬੱਧਰ ਪੁੱਜਾ ਤਾਂ ਅੱਗੇ ਕਿਸਾਨ ਜਥੇਬੰਦੀਆਂ ਨੇ ਅਚਾਨਕ ਕਾਫ਼ਲੇ ਨੂੰ ਘੇਰ ਲਿਆ। ਇਸੇ ਦੌਰਾਨ ਵਿਜੇ ਸਾਂਪਲਾ ਸਮੇਤ ਭਾਜਪਾਈਆਂ ਨੇ ਵੀ ਸੜਕ ’ਤੇ ਹੀ ਧਰਨਾ ਲਗਾ ਦਿੱਤਾ ਤੇ ਸਥਿਤੀ ਪੂਰੀ ਤਨਾਅਪੂਰਨ ਬਣ ਗਈ। ਧਰਨੇ ਦੌਰਾਨ ਇੱਕ ਪਾਸੇ ਕਿਸਾਨ ਤਾਂ ਦੂਜੇ ਪਾਸੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਆਪਣੇ ਸਮਰਥਕਾਂ ਸਮੇਤ ਬੈਠ ਗਏ। ਕਿਸਾਨ ਖੇਤੀ ਕਾਨੂੰਨਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਖ਼ਿਲਾਫ਼ ਪ੍ਰਦਰਸ਼ਨ ਕਰਨ ਲੱਗੇ ਤਾਂ ਵਿਜੇ ਸਾਂਪਲਾ ਨੇ ਇਸਨੂੰ ਕਾਂਗਰਸੀਆਂ ਦਾ ਕੀਤਾ ਕਰਾਇਆ ਕਰਾਰ ਦਿੱਤਾ।
ਪੁਲਿਸ ਨੇ ਵਿਜੇ ਸਾਂਪਲਾ ਨੂੰ ਲਿਆ ਹਿਰਾਸਤ ’ਚ, ਫਰੀਦਕੋਟ ਪੁਲਿਸ ਦੇ ਕੀਤਾ ਸਪੁਰਦ
ਇਸ ਮੌਕੇ ਪੁੱਜੀ ਪੁਲਸ ਨੇ ਟਕਰਾਅ ਵਾਲੀ ਸਥਿਤੀ ਨੂੰ ਕੰਟਰੋਲ ਕਰਦਿਆਂ ਵਿਜੇ ਸਾਂਪਲਾ ਸਮੇਤ ਭਾਜਪਾ ਆਗੂਆਂ ਨੂੰ ਤੁਰੰਤ ਹਿਰਾਸਤ ਵਿੱਚ ਲੈ ਲਿਆ ਤੇ ਅੱਗੇ ਫਰੀਦਕੋਟ ਪੁਲਸ ਦੇ ਸਪੁਰਦ ਕਰ ਦਿੱਤਾ। ਵਿਜੇ ਸਾਂਪਲਾ ਨੂੰ ਹਿਰਾਸਤ ’ਚ ਲਏ ਜਾਣ ਮੌਕੇ ਭਾਜਪਾ ਸਮਰਥਕਾਂ ਵੱਲੋਂ ਜ਼ੋਰਦਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਤੇ ਦੇਖਦੇ ਹੀ ਦੇਖਦੇ ਪੁਲਿਸ ਨੇ ਵਿਜੇ ਸਾਂਪਲਾ ਨੂੰ ਗੱਡੀ ’ਚ ਬਿਠਾ ਕੇ ਸ੍ਰੀ ਮੁਕਤਸਰ ਸਾਹਿਬ ਰਵਾਨਾ ਹੋ ਗਈ, ਜਿੱਥੇ ਫਰੀਦਕੋਟ ਦੇ ਪੁਲਸ ਕਰਮਚਾਰੀਆਂ ਦੇ ਹਵਾਲੇ ਕਰ ਦਿੱਤਾ ਗਿਆ ਤੇ ਅਗਲੇ ਪੜਾਅ ਲਈ ਰਵਾਨਾ ਕਰ ਦਿੱਤਾ ਗਿਆ।
ਕਿਸਾਨਾਂ ਦੀ ਆੜ ’ਚ ਕਾਂਗਰਸੀਆਂ ਦਾ ਹੈ ਕਾਰਾ - ਸਾਂਪਲਾ
ਉਥੇ ਹੀ ਇਸ ਪੂਰੇ ਮਾਮਲੇ ’ਤੇ ਗੱਲਬਾਤ ਕਰਦਿਆਂ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਇਸਨੂੰ ਕਾਂਗਰਸ ਦਾ ਕੀਤਾ ਕਰਾਇਆ ਕਰਾਰ ਦਿੱਤਾ ਹੈ। ਵਿਜੇ ਸਾਂਪਲਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਪੂਰਾ ਘਟਨਾਕ੍ਰਮ ਕਾਂਗਰਸ ਦੇ ਯੂਥ ਆਗੂਆਂ ਵੱਲੋਂ ਕਿਸਾਨਾਂ ਦੀ ਆੜ ਹੇਠਾਂ ਕੀਤਾ ਗਿਆ ਹੈ। ਸਾਂਪਲਾ ਨੇ ਕਿਹਾ ਕਿ ਉਹ ਸਿਰਫ਼ ਦਲਿਤ ਲੜਕੇ ਨੂੰ ਮਿਲਣ ਜਾ ਰਹੇ ਸਨ, ਪਰ ਜਾਣਬੁੱਝ ਕੇ ਉਨ੍ਹਾਂ ਦਾ ਰਸਤਾ ਰੋਕਿਆ ਗਿਆ। ਸਾਂਪਲਾ ਨੇ ਕਿਹਾ ਕਿ ਉਹ ਦਲਿਤ ਸਮਾਜ ਨਾਲ ਖੜ੍ਹੇ ਹਨ ਤੇ ਅਜਿਹੇ ਕਿਸੇ ਵੀ ਡਰਾਵੇ ਤੋਂ ਡਰਨ ਵਾਲੇ ਨਹੀਂ। ਖ਼ਬਰ ਲਿਖੇ ਜਾਣ ਤੱਕ ਵਿਜੇ ਸਾਂਪਲਾ ਨੂੰ ਫਰੀਦਕੋਟ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਸੀ, ਜਦੋਂਕਿ ਮਹਾਂਬੱਧਰ ਵਿਖੇ ਕਿਸਾਨ ਲਗਾਤਾਰ ਨਾਅਰੇਬਾਜ਼ੀ ਕਰਨ ਵਿੱਚ ਜੁਟੇ ਹੋਏ ਸਨ।