ਮਨਿੰਦਰਜੀਤ ਸਿੱਧੂ
- ਕਿਸਾਨਾਂ ਨੂੰ ਕਿਸਾਨ ਜੱਥੇਬੰਦੀਆਂ ਖਿਲਾਫ਼ ਭੜਕਾਉਣ ਦੀ ਚਾਲ- ਜਗਜੀਤ ਸਿੰਘ ਡੱਲੇਵਾਲ
ਜੈਤੋ, 9 ਅਕਤੂਬਰ 2020 - ਖੇਤਾਂ ਨੂੰ ਜਾਣ ਵਾਲੀ ਬਿਜਲੀ ਦੀ ਸਪਲਾਈ ਘਟਾਏ ਜਾਣ ਤੇ ਅੱਜ ਕਿਸਾਨ ਜੱਥੇਬੰਦੀਆਂ ਵੱਲੋਂ ਸਥਾਨਕ ਪੀ.ਐਸ.ਪੀ.ਸੀ.ਐਲ. ਦੇ ਦਫ਼ਤਰ ਦਾ ਘਿਰਾਓ ਕੀਤਾ ਗਿਆ। ਕਿਸਾਨ ਜੱਥੇਬੰਦੀਆਂ ਦਾ ਕਹਿਣਾ ਸੀ ਕਿ ਪੀ.ਐਸ.ਪੀ.ਸੀ.ਐਲ. ਵੱਲੋਂ ਸਰਕਾਰ ਦੇ ਇਸ਼ਾਰਿਆਂ ਤੇ ਕਿਸਾਨਾਂ ਨੂੰ ਤੰਗ ਪਰੇਸ਼ਾਨ ਕਰਨ ਲਈ ਖੇਤਾਂ ਨੂੰ ਜਾਣ ਵਾਲੀ ਬਿਜਲੀ ਦੀ ਸਪਲਾਈ ਤਿੰਨ ਦਿਨਾਂ ਪਿੱਛੋਂ ਮਹਿਜ 2 ਘੰਟੇ ਕਰ ਦਿੱਤੀ ਗਈ ਹੈ। ਇਸਦਾ ਸਿੱਧਾ ਮਕਸਦ ਪੰਜਾਬ ਵਿੱਚ ਚੱਲ ਰਹੇ ਅੰਦੋਲਨਾਂ ਨੂੰ ਢਾਅ ਲਾਉਣਾ ਹੈ।
ਉਹਨਾਂ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬੇਸ਼ੱਕ ਕਾਂਗਰਸ ਪਾਰਟੀ ਦੀ ਸਰਕਾਰ ਚਲਾ ਰਿਹਾ ਹੈ ਪਰ ਅੰਦਰੋਂ ਅੰਦਰੀ ਇਹ ਸਾਰੇ ਫੈਸਲੇ ਮੋਦੀ ਨਾਲ ਰਲ ਕੇ ਕਰਦਾ ਹੈ। ਕੇਂਦਰ ਸਰਕਾਰ ਕਿਸਾਨਾਂ ਦੇ ਰੋਹ ਤੋਂ ਘਬਰਾ ਕੇ ਪੰਜਾਬ ਸਰਕਾਰ ਉੱਪਰ ਰੇਲ ਲਾਈਨਾਂ ਤੋਂ ਧਰਨੇ ਚੁਕਾਉਣ ਦਾ ਦਬਾਅ ਬਣਾ ਰਹੀ ਹੈ। ਜਿਸਦੇ ਚਲਦਿਆਂ ਕੈਪਟਨ ਅਮਰਿੰਦਰ ਸਿੰਘ ਇਹ ਬਹਾਨਾ ਲਗਾ ਰਿਹਾ ਹੈ ਕਿ ਰੇਲਾਂ ਨਾ ਚੱਲਣ ਕਰਕੇ ਕੋਲੇ ਦੀ ਕਮੀਂ ਕਾਰਨ ਬਿਜਲੀ ਦੀ ਪੈਦਾਵਾਰ ਘੱਟ ਗਈ ਹੈ, ਜਿਸਦੇ ਚਲਦਿਆਂ ਸਰਕਾਰ ਨੇ ਕਿਸਾਨਾਂ ਦੇ ਖੇਤਾਂ ਨੂੰ ਜਾਣ ਵਾਲੀ ਬਿਜਲੀ ਦੀ ਸਪਲਾਈ ਨੂੰ ਘਟਾ ਦਿੱਤਾ ਹੈ।
ਉਹਨਾਂ ਕਿਹਾ ਕਿ ਇਹ ਮਹਿਜ ਕੈਪਟਨ ਅਮਰਿੰਦਰ ਸਿੰਘ ਦਾ ਬਹਾਨਾ ਹੈ ਮੋਦੀ ਨਾਲ ਰਲ ਕੇ ਕਿਸਾਨਾਂ ਨੂੰ ਰੇਲ ਲਾਈਨਾਂ ਤੋਂ ਉਠਾਉਣ ਦਾ ਤਾਂ ਜੋ ਕੈਪਟਨ ਮੋਦੀ ਪ੍ਰਤੀ ਵਫ਼ਾਦਾਰੀ ਦਿਖਾ ਕੇ ਪੱਕਾ ਚਾਪਲੂਸ ਹੋਣ ਦਾ ਸਬੂਤ ਦੇ ਸਕੇ। ਉਹਨਾਂ ਕਿਹਾ ਕਿ ਕਿਸਾਨ ਇਹ ਸਭ ਚਾਲਾਂ ਨੂੰ ਸਮਝ ਰਹੇ ਹਨ, ਕੋਈ ਵੀ ਸਰਕਾਰ ਕਿੰਨਾਂ ਵੀ ਜ਼ੋਰ ਲਗਾ ਲਵੇ ਜਦੋਂ ਤੱਕ ਮੋਦੀ ਸਰਕਾਰ ਤਿੰਨੋਂ ਕਿਸਾਨ ਮਾਰੂ ਕਾਨੂੰਨ ਵਾਪਸ ਨਹੀਂ ਲੈਂਦੀ ਅਸੀਂ ਆਪਣਾ ਸੰਘਰਸ਼ ਇਸੇ ਤਰ੍ਹਾਂ ਹੀ ਜਾਰੀ ਰੱਖਾਂਗੇ। ਉਹਨਾਂ ਕੈਪਟਨ ਅਮਰਿੰਦਰ ਸਿੰਘ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ ਕਿਸਾਨਾਂ ਦੇ ਖੇਤਾਂ ਨੂੰ ਦਿੱਤੇ ਜਾਣ ਵਾਲੀ ਬਿਜਲੀ ਦੀ ਸਪਲਾਈ ਪੂਰੀ ਕਰਨ ਨਹੀਂ ਤਾਂ ਮਜ਼ਬੂਰੀ ਵੱਸ ਸਾਨੂੰ ਮੋਦੀ ਦੇ ਨਾਲ ਨਾਲ ਕੈਪਟਨ ਦੇ ਮਹਿਲਾਂ ਨੂੰ ਵੀ ਸਿੱਧੇ ਹੋਣ ਤੋਂ ਗੁਰੇਜ਼ ਨਹੀਂ ਕਰਨਗੇ।
ਕੀ ਕਹਿੰਦੇ ਹਨ ਐਸ.ਡੀ.ਓ. ਜੈਤੋ ?
ਐਸ.ਡੀ.ਓ. ਜੈਤੋ ਨਾਲ ਅਸੀਂ ਜਦ ਇਸ ਮੁੱਦੇ ਤੇ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਸਾਨੂੰ ਹੈੱਡ ਆਫਿਸ ਵੱਲੋਂ ਬਿਜਲੀ ਦੀ ਸਪਲਾਈ ਘੱਟ ਕਰਨ ਦੇ ਹੁਕਮ ਹਨ।
ਕਿਸਾਨਾਂ ਨੂੰ ਕਿਸਾਨ ਜੱਥੇਬੰਦੀਆਂ ਖਿਲਾਫ਼ ਭੜਕਾਉਣ ਦੀ ਚਾਲ- ਜਗਜੀਤ ਸਿੰਘ ਡੱਲੇਵਾਲ
ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦਾ ਕਹਿਣਾ ਹੈ ਕਿ ਸਰਕਾਰ ਕਿਸਾਨਾਂ ਅਤੇ ਕਿਸਾਨ ਜੱਥੇਬੰਦੀਆਂ ਵਿੱਚ ਫੁੱਟ ਪਾਉਣ ਲਈ ਇੱਕ ਚਾਲ ਖੇਡ ਰਹੀ ਹੈ। ਬਿਜਲੀ ਦੀ ਸਪਲਾਈ ਬੰਦ ਕਰਕੇ ਸਰਕਾਰ ਕਿਸਾਨਾਂ ਤੱਕ ਇਹ ਸੁਨੇਹਾ ਪਹੁੰਚਾਉਣਾਂ ਚਾਹੁੰਦੀ ਹੈ ਕਿ ਕਿਸਾਨ ਜੱਥੇਬੰਦੀਆਂ ਦੇ ਰੇਲ ਲਾਈਨ ਉੱਪਰ ਧਰਨੇ ਤੇ ਬੈਠਣ ਕਾਰਨ ਬਾਹਰੋਂ ਕੋਲੇ ਦੀ ਸਪਲਾਈ ਬੰਦ ਹੋ ਗਈ ਹੈ ਜਿਸ ਕਾਰਨ ਬਿਜਲੀ ਦੀ ਪੈਦਾਵਾਰ ਵਿੱਚ ਕਮੀਂ ਆਈ ਹੈ ਤਾਂ ਹੀ ਕਿਸਾਨਾਂ ਦੇ ਖੇਤਾਂ ਨੂੰ ਜਾਣ ਵਾਲੀ ਬਿਜਲੀ ਦੀ ਸਪਲਾਈ ਦਾ ਸਮਾਂ ਘਟਾਇਆ ਗਿਆ ਹੈ। ਪਰ ਇਸ ਗੱਲ ਵਿੱਚ ਕੋਈ ਸੱਚਾਈ ਨਹੀਂ ਸਰਕਾਰ ਨੇ ਨਿੱਜੀ ਥਰਮਲ ਪਲਾਂਟ ਕੰਪਨੀਆਂ ਨਾਲ ਸਮਝੌਤੇ ਕੀਤੇ ਹੋਏ ਹਨ ਜਿੱਥੋਂ ਉਹ ਬਿਨ੍ਹਾਂ ਬਿਜਲੀ ਲਏ ਵੀ ਕਰੋੜਾਂ ਰੁਪਏ ਬੰਦ ਪਾਏ ਥਰਮਲਾਂ ਦੇ ਭਰ ਰਹੀ ਹੈ। ਸਰਕਾਰ ਇਹਨਾਂ ਥਰਮਲ ਪਲਾਂਟਾਂ ਤੋਂ ਬਿਜਲੀ ਲੈ ਸਕਦੀ ਹੈ ਅਤੇ ਤਾਪ ਬਿਜਲੀ ਪਲਾਂਟ ਬੰਦ ਕਰ ਸਕਦੀ ਹੈ ਪਰ ਉਹ ਜਾਣ ਬੁੱਝ ਕੇ ਨਹੀਂ ਕਰ ਰਹੀ। ਉਹਨਾਂ ਕਿਹਾ ਕਿ ਸਰਕਾਰ ਕਿਸਾਨਾਂ ਦੇ ਸੰਘਰਸ਼ ਨੂੰ ਦਬਾਉਣਾਂ ਚਾਹੁੰਦੀ ਹੈ।
ਕੈਪਟਨ ਅਮਰਿੰਦਰ ਸਿੰਘ ਮੋਦੀ ਨੂੰ ਖੁਸ਼ ਕਰਨ ਲਈ ਅਜਿਹਾ ਕਰ ਰਿਹਾ ਹੈ- ਵਿਧਾਇਕ ਬਲਦੇਵ ਸਿੰਘ
ਜੈਤੋ ਹਲਕੇ ਤੋਂ ਵਿਧਾਇਕ ਬਲਦੇਵ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਬਿਜਲੀ ਦੀ ਕੋਈ ਕਮੀਂ ਨਹੀਂ ਪੰਜਾਬ ਸਰਕਾਰ ਦਾ ਮੁਖੀ ਕੈਪਟਨ ਅਮਰਿੰਦਰ ਸਿੰਘ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖੁਸ਼ ਕਰਨ ਲਈ ਕਿਸਾਨਾਂ ਨੂੰ ਤੰਗ ਪਰੇਸ਼ਾਨ ਕਰ ਰਿਹਾ ਹੈ। ਉਹਨਾਂ ਕਿਹਾ ਕਿ ਕਿਸਾਨ ਅੰਦੋਲਨ ਆਪਣੇ ਸਿਖਰ ਵੱਲ ਵੱਧ ਰਿਹਾ ਜਿਸ ਤੋਂ ਪੰਜਾਬ ਅਤੇ ਕੇਂਦਰ ਸਰਕਾਰ ਬੁਰੀ ਤਰ੍ਹਾਂ ਘਬਰਾਈਆਂ ਹੋਈਆਂ ਅਤੇ ਉਹ ਕਿਸੇ ਵੀ ਤਰੀਕੇ ਕਿਸਾਨੀ ਅੰਦੋਲਨ ਨੂੰ ਸੰਨ੍ਹ ਲਗਾਉਣ ਨੂੰ ਫਿਰਦੀਆਂ ਹਨ।