ਅਸ਼ੋਕ ਵਰਮਾ
ਬਠਿੰਡਾ, 15 ਨਵੰਬਰ 2020 - ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਹੇਠ ਰਿਲਾਇੰਸ ਮਾਰਕੀਟ ਅੱਗੇ ਧਰਨੇ ਦੇ ਰਹੇ ਕਿਸਾਨਾਂ ਮਸਦੂਰਾਂ ਅਤੇ ਭਰਾਤਰੀ ਜੱਥੇਬੰਦੀਆ ਨੇ ਦਿਵਾਲੀ ਵਾਲੀ ਸ਼ਾਮ ਮੋਦੀ ਸਰਕਾਰ ਅਤੇ ਕਾਰਪੋਰੇਟ ਘਰਾਣਿਆਂ ਖਿਲਾਫ ਮਸ਼ਾਲ ਮਾਰਚ ਕਰਕੇ ਸਮੂਹ ਪੰਜਾਬੀਆਂ ਨੂੰ ਸੰਘਰਸ਼ ਤੇਜ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਯੂਨੀਅਨ ਦੇ ਸੀਨੀਅਰ ਕਿਸਾਨ ਆਗੂ ਜਗਸੀਰ ਸਿੰਘ ਝੁੰਬਾ ਨੇ ਨਵੇਂ ਖੇਤੀ ਕਾਨੂੰਨਾਂ ਨੂੰ ਤੁਗਲਕੀ ਫਰਮਾਨ ਕਰਾਰ ਦਿੰਦਿਆਂ ਆਖਿਆ ਕਿ ਕਿਸਾਨਾਂ ’ਚ ਪਹਿਲਾਂ ਨਾਲੋਂ ਰੋਹ ਹੋਰ ਵੀ ਵਧ ਗਿਆ ਹੈ ਜੋ ਇਹਨਾਂ ਕਾਨੂੰਨਾਂ ਨੂੰ ਰੱਦ ਕਰਨ ਤੇ ਸ਼ਾਂਤ ਹੋਣਾ ਸੰਭਵ ਹੈ ਨਹੀਂ ਤਾਂ ਸੰਘਰਸ਼ੀ ਲੋਕ ਸੜਕਾਂ ਤੇ ਬੈਠੇ ਰਹਿਣਗੇ। ਉਹਨਾਂ ਕਿਹਾ ਕਿ ਮੋਦੀ ਸਰਕਾਰ ਸਮਝ ਰਹੀ ਹੈ ਕਿਸਾਨ ਰੌਲਾ ਪਾਕੇ ਘਰਾਂ ਨੂੰ ਮੁੜ ਜਾਣਗੇ ਜਦੋਂਕਿ ਇਹ ਉਸਦਾ ਵਹਿਮ ਹੈ ਕਿਉਂਕਿ ਕਿਸਾਨਾਂ ਨੇ ਬਿਨਾਂ ਪ੍ਰਾਪਤੀ ਘਰੀਂ ਨਾਂ ਪਰਤਣ ਦਾ ਫੈਸਲਾ ਕਰ ਲਿਆ ਹੈ।
ਉਹਨਾਂ ਦੱਸਿਆ ਕਿ ਇਹਨਾਂ ਕਾਨੂੰਨਾਂ ਨਾਲ ਇਕੱਲੇ ਕਿਸਾਨ ਹੀ ਪ੍ਰਭਾਵਿਤ ਨਹੀਂ ਹੋਣਗੇ, ਬਲਕਿ ਮੰਡੀ ’ਚ ਕੰਮ ਕਰਦੇ ਮਜ਼ਦੂਰਾਂ , ਛੋਟੇ ਦੁਕਾਨਦਾਰਾਂ , ਛੋਟੇ ਵਪਾਰੀਆਂ ਅਤੇ ਮੁਲਾਜਮਾਂ ਆਦਿ ਦੇ ਰੁਜਗਾਰਾਂ ‘ਤੇ ਬੁਰਾ ਅਸਰ ਪਵੇਗਾ। ਉਹਨਾਂ ਦੱਸਿਆ ਕਿ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦਾ ਵਿਚੋਲਾ ਅਤੇ ਦਲਾਲ ਬਣ ਕੇ ਅੰਬਾਨੀ ਅਤੇ ਅਡਾਨੀ ਵਰਗੇ ਕਈ ਕਾਰਪੋਰੇਟ ਘਰਾਣਿਆਂ ਨੂੰ ਦੇਸ਼ ਦਾ ਖਜ਼ਾਨਾ ਲੁਟਾ ਰਹੀ ਹੈ ਜਿਸ ਖਿਲਾਫ ਪੰਜਾਬ ਦੇ ਹਜਾਰਾਂ ਲੋਕ ਸੰਘਰਸ਼ ਦੇ ਰਾਹ ਪਏ ਹੋਏ ਹਨ ਪਰ ਕੇਂਦਰ ਸਰਕਾਰ ਲੋਕ ਵਿਰੋਧੀ ਕਾਨੂੰਨ ਰੱਦ ਕਰਨ ਦੀ ਥਾਂ ਖੇਤੀ ਖੇਤਰ ਖਿਲਾਫ ਸਾਜਿਸ਼ਾਂ ਰਚ ਰਹੀ ਹੈ। ਉਹਨਾਂ ਕਿਹਾ ਕਿ ਕਿਸਾਨਾਂ-ਮਜਦੂਰਾਂ ਨੇ ਤਾਂ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਮੁਲਕ ਦਾ ਅਨਾਜ ਨਾਲ ਭੜੋਲਾ ਭਰਨ ਲਈ ਧਰਤੀ ਹੇਠਲਾ ਪਾਣੀ ਅਤੇ ਮਿੱਟੀ ਜ਼ਹਿਰੀਲੀ ਬਣਾ ਲਈ ਜਿਸ ਦਾ ਮੁੱਲ ਪਾਉਣ ਦੀ ਥਾਂ ਮੋਦੀ ਸਰਕਾਰ ਕਿਸਾਨਾਂ ਨੂੰ ਕਾਰਪੋਰੇਟ ਘਰਾਣਿਆਂ ਦਾ ਗੁਲਾਮ ਬਨਾਉਣ ਵੱਲ ਤੁਰ ਪਈ ਹੈ।
ਕਿਸਾਨ ਆਗੂ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਆਪਣੇ ਸੰਘਰਸ਼ ਨੂੰ ਸਹੀ ਦਿਸ਼ਾ ਵਿਚ ਲਿਜਾਣ ਲਈ ਜਮਹੂਰੀ ਢੰਗ ਨਾਲ ਚੱਲਦਿਆਂ ਸੰਘਰਸ਼ ਜਾਰੀ ਰੱਖਣਗੇ ਚਾਹੇ ਇਸ ਲਈ ਜਿੰਨੀਆਂ ਮਰਜੀ ਕੁਰਬਾਨੀਆਂ ਕਰਨੀਆਂ ਪੈਣ।ਉਹਨਾਂ ਸਰਕਾਰ ਚਿਤਾਵਨੀ ਦਿੱਤੀ ਕਿ ਖੇਤੀ ਕਾਨੂੰਨ ਰੱਦ ਹੋਣ ਤੱਕ ਕਾਰਪੋਰੇਟ ਘਰਾਣਿਆਂ ਦੇ ਘਿਰਾਓ ਜਾਰੀ ਰਹਿਣਗੇ। ਉਹਨਾਂ ਦੱਸਿਆ ਕਿ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਜੱਥੇਬਦੀ ਵੱਲੋਂ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਮੋਰਚਿਆਂ ਵਿੱਚ 16 ਨਵੰਬਰ ਨੂੰ ਸਰਦਾਰ ਕਰਤਾਰ ਸਿੰਘ ਸਰਾਭਾ ਅਤੇ ਉਸ ਦੇ ਸਾਥੀਆਂ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਵੇਗਾ ਅਤੇ 18 ਨਵੰਬਰ ਨੂੰ ਕੈਪਟਨ ਸਰਕਾਰ ਖਿਲਾਫ ਧਰਨੇ ਦੇ ਕੇ ਮੰਗ ਪੱਤਰ ਦਿੱਤੇ ਜਾਣਗੇ। ਕਿਸਾਨ ਆਗੂ ਨੇ ਮੋਰਚਿਆਂ ਦੌਰਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਉਹਨਾਂ ਦੇ ਸਾਥੀਆਂ ਦੇ ਸ਼ਹੀਦੀ ਦਿਹਾੜੇ ਸਬੰਧੀ ਪ੍ਰੋਗਰਾਮ ’ਚ ਸ਼ਾਮਲ ਹੋਕੇ ਸ਼ਹੀਦ ਨੂੰ ਸ਼ਰਧਾਂਜਲੀ ਭੇਂਟ ਕਰਨ ਤੋਂ ਇਲਾਵਾ 18 ਨਵੰਬਰ ਦੇ ਧਰਨਿਆਂ ’ਚ ਸ਼ਾਮਲ ਹੋਣ ਦਾ ਸੱਦਾ ਦਿੱਤਾ।