ਅਸ਼ੋਕ ਵਰਮਾ
ਬਰਨਾਲਾ, 27 ਮਾਰਚ 2021 - ਬਰਨਾਲਾ ਵਿਖੇ ਕੈਪਟਨ ਸਰਕਾਰ ਵੱਲੋਂ ਜਾਰੀ ‘ਨਵਾਂ ਨਰੋਆ ਪੰਜਾਬ’ ਪ੍ਰੋਗਰਾਮ ਖਿਲਾਫ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਨ ਲਈ ਆਏ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਪ੍ਰਵੀਨ ਬਾਂਸਲ ਆਦਿ ਨੂੰ ਨਵੇਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੇ ਬੰਦੀ ਬਣਾ ਲਿਆ। ਲੰਮਾਂ ਸਮਾਂ ਚੱਲੇ ਕਿਸਾਨਾਂ ਦੇ ਵਿਰੋਧ ਤੋਂ ਬਾਅਦ ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਪ੍ਰਵੀਨ ਬਾਂਸਲ ਬਾਹਰ ਆਏ ਕਿਸਾਨਾਂ ਦਾ ਪੱਖ ਕੇਂਦਰ ਸਰਕਾਰ ਕੋਲ ਰੱਖਣ ਦੇ ਵਾਅਦੇ ਨਾਲ ਬੰਦ ਖੁਲਾਸੀ ਕਰਵਾਈ।ਇਸ ਮੌਕੇ ਸੂਬਾ ਕਮੇਟੀ ਮੈਂਬਰ ਦਰਸ਼ਨ ਸਿੰਘ ਨੈਣੇਵਾਲੀਆ, ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਸ਼ੰਟੀ, ਸਾਬਕਾ ਜ਼ਿਲ੍ਹਾ ਪ੍ਰਧਾਨ ਗੁਰਮੀਤ ਹੰਡਿਆਇਆ ਅਤੇ ਜਿਲ੍ਹਾ ਇੰਚਾਰਜ਼ ਵਿਜੈ ਸਿੰਗਲਾ ਆਦਿ ਹਾਜ਼ਰ ਸਨ। ਹਾਲਾਂਕਿ ਹੱਥਾਂ ਪੈਰਾਂ ’ਚ ਆਏ ਭਾਰੀ ਤਾਮ ਝਾਮ ਨਾਲ ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀਆਂ ਨੇ ਕਿਸਾਨ ਆਗੂਆਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਆਗੂ ਟੱਸ ਤੋਂ ਮੱਸ ਨਹੀਂ ਹੋਏ।
ਪਤਾ ਲੱਗਿਆ ਹੈ ਕਿ ਇਸ ਮੌਕੇ ਰੈਸਟ ਹਾਊਸ ਚੋਂ ਬਾਰ ਬਾਰ ਬਾਹਰ ਆ ਰਹੇ ਸਾਦੇ ਕੱਪੜਿਆਂ ’ਚ ਇੱਕ ਪੁਲਿਸ ਅਫਸਰ ਨੂੰ ਕਿਸਾਨਾਂ ਨੇ ਘੇਰ ਲਿਆ। ਉਸ ਨੂੰ ਭਾਜਪਾ ਲੀਡਰ ਸਮਝ ਕੇ ਭੁਗਤ ਸੁਆਰਨ ਦੀ ਚਰਚਾ ਚੱਲਣ ਉਪਰੰਤ ਪੁਲਿਸ ਮੁਲਾਜਮਾਂ ਨੇ ਕਾਫੀ ਮੁਸ਼ੱਕਤ ਪਿੱਛੋਂ ਉਸ ਨੂੰ ਛੁਡਾਇਆ। ਭੜਕੇ ਕਿਸਾਨਾਂ ਨੇ ਉਸ ਨੂੰ ਵਰਦੀ ਪਹਿਨ ਤੇ ਆਉਣ ਦੀ ਨਸੀਹਤ ਵੀ ਦਿੱਤੀ।ਭਾਜਪਾ ਆਗੂ ਨੇ ਬਾਹਰ ਕੱਢਣ ਲਈ ਪੁਲਿਸ ਕੋਲ ਗੁਹਾਰ ਲਾਈ ਪਰ ਅਫਸਰਾਂ ਨੇ ਮਨ੍ਹਾਂ ਕਰ ਦਿੱਤਾ ਜਿਸ ਤੋਂ ਬਾਅਦ ਉਨ੍ਹਾਂ ਬੈਠਣ ’ਚ ਹੀ ਭਲਾਈ ਸਮਝੀ। ਖਬਰ ਲਿਖੇ ਜਾਣ ਤੱਕ ਭਾਜਪਾ ਆਗੂ ਰੈਸਟ ਹਾਊਸ ਵਿਚ ਹੀ ਬੰਦ ਸਨ ਜਦੋਂਕਿ ਕਿਸਾਨ ਧਰਨਾ ਦੇ ਰਹੇ ਸਨ।ਵਿਖਾਵਾਕਾਰੀ ਕਿਸਾਨਾਂ ਦੀ ਅਗਵਾਈ ਸੰਯੁਕਤ ਮੋਰਚੇ ਤਹਿਤ ਸੰਘਰਸ਼ ਕਰਨ ਵਾਲੀਆਂ ਜੱਥੇਬੰਦੀਆਂ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਕੀਤੀ।
ਜਾਣਕਾਰੀ ਅਨੁਸਾਰ ਭਾਰਤੀ ਜੰਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਪ੍ਰਵੀਨ ਬਾਂਸਲ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਨ ਲਈ ਬਰਨਾਲਾ ਦੇ ਰੈਸਟ ਹਾਊਸ ਦੀ ਚੋਣ ਕੀਤੀ ਸੀ ਜਿਸ ਨੂੰ ਉਨ੍ਹਾਂ ਸੁਰੱਖਿਆ ਦੇ ਪੱਖ ਤੋਂ ਸਹੀ ਸਮਝਿਆ ਸੀ। ਇਸ ਪ੍ਰੋਗਰਾਮ ਦੀ ਕਿਸਾਨ ਜੱਥੇਬੰਦੀਆਂ ਨੂੰ ਸੂਹ ਲੱਗ ਗਈ ਅਤੇ ਕਿਸਾਨ,ਮਜਦੂਰ ਅਤੇ ਔਰਤਾਂ ਟਰੈਕਟਰਾਂ ਟਰਾਲੀਆਂ ਰਾਹੀਂ ਰੈਸਟ ਹਾਊਸ ਅੱਗੇ ਪੁੱਜ ਗਏ ਅਤੇ ਧਰਨਾ ਲਾ ਦਿੱਤਾ। ਅਜੇ ਪ੍ਰਵੀਨ ਬਾਂਸਲ ਪੱਤਰਕਾਰਾਂ ਅੱਗੇ ਆਪਣਾ ਪੱਖ ਰੱਖਣ ਹੀ ਲੱਗੇ ਸਨ ਕਿ ਕਿਸਾਨਾਂ ਦੇ ਮੋਦੀ ਸਰਕਾਰ ਅਤੇ ਭਾਜਪਾ ਖਿਲਾਫ ਨਾਅਰਿਆਂ ਨੇ ਰੰਗ ’ਚ ਭੰਗ ਪਾ ਦਿੱਤਾ। ਕਿਸਾਨਾਂ ਨੇ ਭਾਜਪਾ ਆਗੂਆਂ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਜਿਸ ਦੌਰਾਨ ਇੱਕ ਵਾਰ ਅਜਿਹਾ ਮਹੌਲ ਬਣ ਗਿਆ ਕਿ ਕਿਸੇ ਨੂੰ ਕੁੱਝ ਸੁਣਾਈ ਨਹੀਂ ਦੇ ਰਿਹਾ ਸੀ।
ਕਿਸਾਨ ਆਗੂ ਬਲਵੰਤ ਸਿੰਘ ਉੱਪਲੀ, ਬਾਬੂ ਸਿੰਘ ਖੁੱਡੀ ਕਲਾਂ, ਚਮਕੌਰ ਸਿੰਘ ਨੈਣੇਵਾਲ, ਰੂਪ ਸਿੰਘ ਛੰਨਾਂ,ਬਲੌਰ ਸਿੰਘ, ਜਗਸੀਰ ਸਿੰਘ ਸੀਰਾ, ਖੁਸ਼ੀਆ ਸਿੰਘ, ਗੁਰਨਾਮ ਸਿੰਘ, ਕਰਨੈਲ ਸਿੰਘ ਗਾਂਧੀ, ਮੇਲਾ ਸਿੰਘ ਕੱਟੂ ਅਤੇ ਮਨਜੀਤ ਰਾਜ ਨੇ ਧਰਨਾਕਾਰੀ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਸਾਨਾਂ ਦੇ ਮਾਮਲੇ ’ਚ ਮੋਦੀ ਅਤੇ ਕੈਪਟਨ ਸਰਕਾਰ ਨੂੰ ਇੱਕੋ ਥਾਲੀ ਦੇ ਚੱਟੇ ਵੱਟੇ ਦੱਸਿਆ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਲਿਆਂਦੇ ਤਿੰਨੇ ਖੇਤੀ ਕਾਨੂੰਨ ਕਿਸਾਨਾਂ ਦੀ ਮੌਤ ਦੇ ਵਾਰੰਟ ਹਨ, ਜਿਨ੍ਹਾਂ ਨੂੰ ਲਿਆਕੇ ਪੰਜਾਬ ਦੇ ਕਿਸਾਨਾਂ ਨਾਲ ਗ਼ੱਦਾਰੀ ਕੀਤੀ ਗਿਆ ਹੈ ਜਿਸ ਦਾ ਖਾਮਿਆਜਾ ਬੀਜੇਪੀ ਨੂੰ ਭੁਗਤਣਾ ਪਵੇਗਾ। ਉਨ੍ਹਾਂ ਆਖਿਆ ਕਿ ਕਾਨੂੰਨਾਂ ਕਾਰਨ ਫਸਲਾਂ ਦੀ ਸਰਕਾਰੀ ਖਰੀਦ ਬੰਦ ਹੋ ਜਾਵੇਗੀ, ਮੰਡੀਕਰਨ ਸਿਸਟਮ ਤੋੜ ਦਿੱਤਾ ਜਾਵੇਗਾ।
ਉਨ੍ਹਾਂ ਆਖਿਆ ਕਿ ਇਸ ਨਾਲ ਅਨਾਜ ਅਤੇ ਸਬਜ਼ੀ ਮੰਡੀਆਂ ਵਿਚ ਕੰਮ ਕਰਦੇ ਮਜ਼ਦੂਰਾਂ, ਅਨਾਜ ਤੇ ਸਬਜੀਆਂ ਮੰਡੀਆਂ ਵਿਚ ਲਿਆਉਣ ਅਤੇ ਲਿਜਾਣ ਵਾਲੇ ਟਰੱਕ, ਟਰੈਕਟਰ ਅਤੇ ਹੋਰ ਛੋਟੀਆਂ ਗੱਡੀਆਂ ਵਾਲਿਆਂ ਦੇ ਰੁਜ਼ਗਾਰ ਨੂੰ ਸੱਟ ਵੱਜੇਗੀ। ਉਨ੍ਹਾਂ ਕਿਹਾ ਕਿ ਸਭ ਕੁੱਝ ਕਾਰਪੋਰੇਟ ਕੰਪਨੀਆਂ ਹਵਾਲੇ ਕਰਨ ਨਾਲ ਫਸਲਾਂ ਦਾ ਪੂਰਾ ਮੁੱਲ ਨਹੀਂ ਮਿਲਣਾ, ਜਿਸ ਕਾਰਨ ਕਿਸਾਨ ਖੇਤੀ ਛੱਡਣ ਲਈ ਮਜਬੂਰ ਅਤੇ ਧਨਾਢਾਂ ਦੇ ਗੁਲਾਮ ਬਣ ਜਾਣਗੇ। ਕਿਸਾਨਾਂ ਨੇ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਮੋਦੀ ਸਰਕਾਰ ਕਾਲੇ ਖੇਤੀ ਕਾਨੂੰਨ ਰੱਦ, ਬਿਜਲੀ ਸੋਧ ਬਿੱਲ 2020 ਵਾਪਿਸ ਅਤੇ ਐਮ ਐਸ ਪੀ ਦੀ ਸੰਵਿਧਾਨਕ ਗਰੰਟੀ ਵਾਲਾ ਕਾਨੂੰਨ ਲਾਗੂ ਨਹੀਂ ਕਰਦੀ ਉਦੋਂ ਤੱਕ ਪੰਜਾਬ ਦੀ ਧਰਤੀ ਤੇ ਬੀਜੇਪੀ ਦਾ ਵਿਰੋਧ ਜਾਰੀ ਰੱਖਿਆ ਜਾਏਗਾ।
ਜਬਰ ਕਰਕੇ ਲੰਘਾ ਸਕਦੀ ਪੁਲਿਸ:ਨੈਣੇਵਾਲ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਚਮਕੌਰ ਸਿੰਘ ਨੈਣੇਵਾਲ ਦਾ ਕਹਿਣਾ ਸੀ ਕਿ ਪੁਲਿਸ ਅਧਿਕਾਰੀਆਂ ਨੇ ਭਾਜਪਾ ਆਗੂਆਂ ਨੂੰ ਮੁੱਖ ਗੇਟ ਰਾਹੀਂ ਲੰਘਾਉਣ ਦੀ ਸਹਿਮਤੀ ਮੰਗ ਸੀ ਜਿਸ ਨੂੰ ਰੱਦ ਕਰ ਦਿੱਤਾ ਗਿਆ। ਉਨ੍ਹਾਂ ਆਖਿਆ ਕਿ ਪੁਲਿਸ ਅÎਕਾਰੀ ਭਾਜਪਾ ਲੀਡਰਾਂ ਨੂੰ ਪੁਲਿਸ ਮੁਲਾਜਮਾਂ ਦੀ ਚੇਨ ਬਣਾ ਕੇ ਬਾਹਰ ਕੱਢਣ ਦੇ ਰੌਂਅ ’ਚ ਦਿਖਾਈ ਦੇ ਰਹੇ ਹਨ ਜਿਸ ਦਾ ਡੱਟਵਾਂ ਵਿਰੋਧ ਕੀਤਾ ਜਾਹੇਗਾ। ਉਨ੍ਹਾਂ ਆਖਿਆ ਕਿ ਪੁਲਿਸ ਕੋਲ ਕਿਸਾਨਾਂ ਤੇ ਲਾਠੀਚਾਰਜ ਕਰਨ,ਪਾਣੀ ਦੀਆਂ ਬੁਛਾੜਾਂ ਮਾਰਨ, ਮੁਕੱਦਮਾ ਦਰਜ ਕਰਨ ਅਤੇ ਗ੍ਰਿਫਤਾਰੀਆਂ ਆਦਿ ਦੇ ਬਦਲ ਹਨ ਜਿਸ ਨੂੰ ਅਧਿਕਾਰੀ ਵਰਤ ਸਕਦੇ ਹਨ ਪਰ ਉਹ ਆਪਣੇ ਸਾਹਮਣਿਓਂ ਕਿਸੇ ਨੂੰ ਲੰਘਣ ਨਹੀਂ ਦੇਣਗੇ।
ਐਸ ਐਸ ਪੀ ਬਰਨਾਲਾ ਨੇ ਫੋਨ ਕੱਟਿਆ
ਅੱਜ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਪ੍ਰਵੀਨ ਬਾਂਸਲ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਬੰਦੀ ਬਨਾਉਣ ਦੇ ਮਾਮਲੇ ’ਚ ਬਰਨਾਲਾ ਪੁਲਿਸ ਵੱਲੋਂ ਕਿਸੇ ਖਿਲਾਫ ਕਾਰਵਾਈ ਕਰਨ ਸਬੰਧੀ ਪੁਲਿਸ ਦਾ ਪੱਖ ਜਾਟਣ ਵਾਸਤੇ ਸੰਪਰਕ ਕਰਨ ਤੇ ਐਸ ਐਸ ਪੀ ਬਰਨਾਲਾ ਸੰਦੀਪ ਗੋਇਲ ਨੇ ਫੋਨ ਕੱਟ ਦਿੱਤਾ।