ਅਸ਼ੋਕ ਵਰਮਾ
- ਪਿੰਡਾਂ ਸ਼ਹਿਰਾਂ ’ਚ ਲਾਏ ਮੋਦੀ ਤੇ ਕਾਰਪੋਰੇਟਾਂ ਦੇ ਪੁਤਲਿਆਂ ਨੂੰ ਲਾਂਬੂ
- 5 ਨਵੰਬਰ ਨੂੰ ਦੇਸ਼ ਭਰ ਦਾ ਚੱਕਾ ਜਾਮ
ਚੰਡੀਗੜ੍ਹ, 25 ਅਕਤੂਬਰ 2020 - ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ 5 ਨਵੰਬਰ ਨੂੰ ਕਿਸਾਨ ਜਥੇਬੰਦੀਆਂ ਦੇ ਦੇਸ਼ ਵਿਆਪੀ ਚੱਕਾ ਜਾਮ ਦੀ ਸਫਲਤਾ 'ਚ ਬੀਕੇਯੂ ਏਕਤਾ ਉਗਰਾਹਾਂ ਆਪਣਾ ਯੋਗਦਾਨ ਪਾਵੇਗੀ ਅਤੇ ਅਗਲੇ ਦੇਸ਼ ਵਿਆਪੀ ਐਕਸ਼ਨ ਦੀ ਰੂਪ-ਰੇਖਾ ਉਲੀਕਣ ਮੁਲਕ ਦੀਆਂ 250 ਦੇ ਕਰੀਬ ਕਿਸਾਨ ਜਥੇਬੰਦੀਆਂ ਵਲੋਂ 27 ਅਕਤੂਬਰ ਨੂੰ ਦਿੱਲੀ 'ਚ ਕੀਤੀ ਜਾ ਰਹੀ ਮੀਟਿੰਗ ਦੌਰਾਨ ਦਰਸ਼ਕ ਵਜੋਂ ਸ਼ਮੂਲੀਅਤ ਕਰੇਗੀ। ਕਿਸਾਨ ਆਗੂਆਂ ਪ੍ਰਾਈਵੇਟ ਥਰਮਲਾਂ ਨਾਲ ਕੀਤੇ ਸਮਝੌਤੇ ਰੱਦ ਕਰਾਉਣ ਤੇ ਸਰਕਾਰੀ ਥਰਮਲ ਚਲਾਉਣ ਖਾਤਰ ਕੈਪਟਨ ਸਰਕਾਰ ਤੇ ਦਬਾਅ ਪਾਉਣ ਲਈ ਬਣਾਂਵਾਲੀ ਤੇ ਰਾਜਪੁਰਾ ਥਰਮਲਾ ਦੀਆਂ ਲਾਈਨਾਂ ਤੇ ਦਿੱਤੇ ਧਰਨੇ ਜਾਰੀ ਰੱਖਣ ਦਾ ਐਲਾਨ ਕੀਤਾ ਹੈ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੱਦੇ ‘ਤੇ ਕਿਸਾਨ ਤੇ ਲੋਕ ਵਿਰੋਧੀ ਖੇਤੀ ਕਾਨੂੰਨਾਂ ਖਿਲਾਫ ਅੱਜ ਦੁਸਹਿਰੇ ਦੇ ਮੌਕੇ ਕਾਰਪੋਰੇਟਰਾਂ, ਸਾਮਰਾਜੀਆਂ ਤੇ ਨਰਿੰਦਰ ਮੋਦੀ ਦੀ ਤਿੱਕੜੀ ਦੇ ਦਿਓ ਕੱਦ ਪੁਤਲੇ ਫੂਕਣ ਸਮੇਂ ਪੰਜਾਬ ਦੇ ਕਿਸਾਨਾਂ ਖੇਤ ਮਜ਼ਦੂਰਾਂ, ਔਰਤਾਂ, ਅਧਿਆਪਕਾਂ, ਬਿਜਲੀ ਕਾਮਿਆਂ, ਨੌਜਵਾਨਾਂ, ਰੰਗਕਰਮੀਆਂ, ਸਾਹਿਤਕਾਰਾਂ, ਕਲਾਕਾਰਾਂ, ਤਰਕਸ਼ੀਲਾਂ, ਸ਼ਹਿਰੀ ਲੋਕਾਂ ਤੇ ਮੁਸਲਿਮ ਭਾਈਚਾਰੇ ਤੋਂ ਇਲਾਵਾ ਹਰਿਆਣਾ ਤੇ ਰਾਜਸਥਾਨ ਦੇ ਕਿਸਾਨਾਂ ਮਜ਼ਦੂਰਾਂ ਸਮੇਤ ਦੋ ਲੱਖ ਦੇ ਕਰੀਬ ਲੋਕਾਂ ਨੇ ਸ਼ਮੂਲੀਅਤ ਕੀਤੀ। ਇਸ ਜਥੇਬੰਦੀ ਦੇ ਸੱਦੇ ‘ਤੇ ਅੱਜ ਬਠਿੰਡਾ, ਸੰਗਰੂਰ, ਮਾਨਸਾ, ਬਰਨਾਲਾ, ਮੋਗਾ, ਪਟਿਆਲਾ, ਸ੍ਰੀ ਮੁਕਤਸਰ ਸਾਹਿਬ, ਫਰੀਦਕੋਟ, ਅੰਮ੍ਰਿਤਸਰ, ਗੁਰਦਾਸਪੁਰ, ਜਲੰਧਰ, ਲੁਧਿਆਣਾ, ਫਿਰੋਜ਼ਪੁਰ ਤੇ ਫਾਜ਼ਲਿਕਾ ਦੇ ਸ਼ਹਿਰੀ ਕੇਂਦਰਾਂ ਚ ਕੀਤੇ ਗਏ। ਇਸੇ ਦੌਰਾਨ ਪੰਜਾਬ, ਹਰਿਆਣਾ ਤੇ ਰਾਜਸਥਾਨ ਦੀ ਹੱਦ ‘ਤੇ ਪੈਂਦੀ ਮੰਡੀ ਕਿੱਲਿਆਂਵਾਲੀ (ਡੱਬਵਾਲੀ) ਵਿਖੇ ਇਸ ਤਿੱਕੜੀ ਦੇ ਪੁਤਲੇ ਫੂਕ ਕੇ ਦੁਸਹਿਰਾ ਮਨਾਇਆ ਗਿਆ ਲਾਮਿਸਾਲ ਇਕੱਠ ਅੰਤਰਰਾਜੀ ਏਕਤਾ ਦਾ ਪ੍ਰਤੀਕ ਹੋ ਨਿੱਬੜਿਆ। ਅੱਜ ਦੇ ਪ੍ਰਦਰਸ਼ਨ ਦੌਰਾਨ ਸੰਗਰੂਰ ਜ਼ਿਲ੍ਹੇ 'ਚ ਮਲੇਰਕੋਟਲਾ ਵਿੱਚ ਮੁਸਲਿਮ ਭਾਈਚਾਰੇ ਦੇ ਹਜ਼ਾਰਾਂ ਮਰਦ ਔਰਤ ਵੀ ਸ਼ਾਮਲ ਹੋਏ।
ਇਹਨਾਂ ਇਕੱਠਾਂ ਨੂੰ ਸੰਬੋਧਨ ਕਰਦਿਆਂ ਬੀ.ਕੇ.ਯੂ.( ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ,ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ, ਝੰਡਾ ਸਿੰਘ ਜੇਠੂਕੇ,ਹਰਿੰਦਰ ਕੌਰ ਬਿੰਦੂ, ਸ਼ਿੰਗਾਰਾ ਸਿੰਘ ਮਾਨ ਤੋਂ ਇਲਾਵਾ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ,ਡੀ.ਟੀ.ਐਫ.ਦੇ ਸੂਬਾ ਪ੍ਰਧਾਨ ਦਿਗਵਿਜੇ ਪਾਲ ਸਰਮਾ,ਜਮਾਤੇ ਇਸਲਾਮੀ ਪੰਜਾਬ ਹਰਿਆਣਾ ਦੇ ਪ੍ਰਧਾਨ ਅਬਦੁੱਲ ਸਕੂਰ ,ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ, ਵਿਦਿਆਰਥੀ ਆਗੂ ਹੁਸ਼ਿਆਰ ਸਿੰਘ, ਹਰਿਆਣਾ ਦੇ ਕਿਸਾਨ ਆਗੂ, ਰਾਜਸਥਾਨ ਚੋਂ ਆਏ ਕਿਸਾਨ ਆਗੂ ਕੁਲਵਿੰਦਰ ਸਿੰਘ ਹਰੀਪੁਰਾ ਤੇ ਅਨਮੋਲ ਸਿੰਘ ਦੇਸੂ ਯੋਧਾ ਨੇ ਵੀ ਸੰਬੋਧਨ ਕੀਤਾ। ਉਗਰਾਹਾਂ ਤੇ ਕੋਕਰੀ ਕਲਾਂ ਨੇ ਐਲਾਨ ਕੀਤਾ ਕਿ ਉਹ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਕੇ ਹੀ ਸਾਹ ਲੈਣਗੇ। ਉਹਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਿਸਾਨੀ ਘੋਲ ਨੂੰ ਕਦੇ ਵਿਰੋਧੀ ਸਿਆਸੀ ਪਾਰਟੀਆਂ ਤੇ ਕਦੇ ਵਿਚੋਲਿਆਂ ਦਾ ਸੰਘਰਸ਼ ਦੱਸਣ ਵਾਲੀ ਬਿਆਨਬਾਜ਼ੀ ਨੂੰ ਘਟੀਆ,ਹੋਛੀ ਤੇ ਗੈਰ ਜਿੰਮੇਵਾਰ ਕਰਾਰ ਦਿੰਦਿਆਂ ਆਖਿਆ ਕਿ ਪ੍ਰਧਾਨ ਮੰਤਰੀ ਦੀਆਂ ਅੱਖਾਂ ਚ ਉੱਤਰਿਆ ਕਾਰਪੋਰੇਟੀ ਮੋਤੀਆ ਉਹਨਾਂ ਨੂੰ ਕਿਸਾਨ ਦਿਸਣ ਹੀ ਨਹੀਂ ਦੇ ਰਿਹਾ।
ਉਹਨਾਂ ਆਖਿਆ ਕਿ ਪ੍ਰਧਾਨ ਮੰਤਰੀ ਤੇ ਭਾਜਪਾ ਸਰਕਾਰ ਦੇਸ ਦੀ ਰੀੜ੍ਹ ਹੱਡੀ ਖੇਤੀ ਖੇਤਰ ਨੂੰ ਅਡਾਨੀਆ,ਅੰਬਾਨੀਆ ਅਤੇ ਮੈਨਸੈਟੋ,ਬਾਇਰ ਤੇ ਕਾਰਗਿਲ ਵਰਗੀਆਂ ਵਿਦੇਸ਼ੀ ਤੇ ਧੜਵੈਲ ਕੰਪਨੀਆਂ ਹਵਾਲੇ ਕਰਕੇ ਕਿਸਾਨੀ ਨੂੰ ਉਜਾੜਨ ਤੇ ਤੁਲੀ ਹੋਈ ਹੈ। ਉਹਨਾਂ ਆਖਿਆ ਕਿ ਮੋਦੀ ਹਕੂਮਤ ਵਲੋਂ ਪਾਸ ਕੀਤੇ ਖੇਤੀ ਵਿਰੋਧੀ ਕਾਨੂੰਨ ਕਿਸਾਨਾਂ ਦੀ ਮੌਤ ਦੇ ਵਾਰੰਟ ਹੋਣ ਦੇ ਨਾਲ ਨਾਲ-ਨਾਲ ਜਨਤਕ ਵੰਡ ਪ੍ਰਣਾਲੀ ਦਾ ਭੋਗ ਪਾਉਣ ਰਾਹੀਂ ਪੇਂਡੂ ਤੇ ਸ਼ਹਿਰੀ ਗਰੀਬਾਂ ਨੂੰ ਭੁੱਖਮਰੀ ਦੇ ਜਬਾੜਿਆਂ ਚ ਤੁੰਨਣ ਵਾਲੇ ਹਨ। ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਦੋਸ਼ ਲਾਇਆ ਕਿ ਭਾਜਪਾ ਸਰਕਾਰ ਅਡਾਨੀਆ ਅੰਬਾਨੀਆ ਤੇ ਸਾਮਰਾਜੀਆਂ ਦੇ ਮੋਟੇ ਮੁਨਾਫਿਆਂ ਦੀ ਗਰੰਟੀ ਖਾਤਰ ਮੁਲਕ ਦੇ ਸਭ ਅਮੀਰ ਕੁਦਰਤੀ ਸ੍ਰੋਤ ਉਹਨਾਂ ਹਵਾਲੇ ਕਰਕੇ ਦੇਸ਼ ਦੇ ਸਮੂਹ ਲੋਕਾਂ ਨਾਲ ਧ੍ਰੋਹ ਕਮਾ ਰਹੀ ਹੈ। ਉਹਨਾਂ ਆਖਿਆ ਕਿ ਮੋਦੀ ਸਰਕਾਰ ਦੇ ਇਹਨਾਂ ਕਾਨੂੰਨਾਂ ਸਦਕਾ ਦੁਕਾਨਦਾਰਾਂ, ਵਪਾਰੀਆਂ ,ਛੋਟੇ ਕਾਰੋਬਾਰੀਆਂ, ਆੜਤੀਆਂ ਤੇ ਮੁਲਾਜਮਾਂ ਦੇ ਉੱਪਰ ਪੈਣ ਵਾਲੇ ਮਾਰੂ ਅਸਰਾਂ ਦੀ ਬਦੌਲਤ ਹੀ ਅੱਜ ਹਰ ਵਰਗ ਦੇ ਲੋਕਾਂ ਵੱਲੋਂ ਕਿਸਾਨ ਘੋਲ ਨੂੰ ਜਬਰਦਸਤ ਹੁੰਗਾਰਾ ਮਿਲਿਆ ਹੈ।
ਕਿਸਾਨ ਆਗੂਆਂ ਨੇ ਕਿਸਾਨਾਂ ਮਜ਼ਦੂਰਾਂ ਤੇ ਦੇਸ਼ ਦੇ ਹਕੀਕੀ ਵਿਕਾਸ ਲਈ ਤਿੰਨੇ ਖੇਤੀ ਕਾਨੂੰਨ ਤੇ ਬਿਜਲੀ ਸੋਧ ਬਿੱਲ 2020 ਰੱਦ ਕਰਕੇ ਸਰਵਜਨਕ ਜਨਤਕ ਵੰਡ ਪ੍ਰਣਾਲੀ ਨੂੰ ਮਜਬੂਤ ਕਰਨ, ਫਸਲਾਂ ਦੀ ਸਵਾਮੀਨਾਥਨ ਫਾਰਮੂਲੇ ਤਹਿਤ ਸਰਕਾਰੀ ਖਰੀਦ ਦੀ ਗਰੰਟੀ ਕਰਨ, ਖੇਤੀ ਜਿਣਸਾਂ ਦੇ ਵਪਾਰ ਚ ਬਹੁਕੌਮੀ ਕੰਪਨੀਆਂ ਨੂੰ ਦਿੱਤੀ ਖੁੱਲ੍ਹ ਰੱਦ ਕਰਨ ਅਤੇ ਪ੍ਰਚੂਨ ਖੇਤਰ 'ਚ ਕੰਪਨੀਆਂ ਦਾ ਦਾਖਲਾ ਬੰਦ ਕਰਨ ਵਰਗੇ ਕਦਮ ਚੁੱਕਣ ਦੀ ਲੋੜ ਤੇ ਜੋਰ ਦਿੱਤਾ। ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ 5 ਨਵੰਬਰ ਨੂੰ ਕਿਸਾਨ ਜਥੇਬੰਦੀਆਂ ਦੇ ਦੇਸ਼ ਵਿਆਪੀ ਚੱਕਾ ਜਾਮ ਦੀ ਸਫਲਤਾ 'ਚ ਬੀਕੇਯੂ ਏਕਤਾ ਉਗਰਾਹਾਂ ਆਪਣਾ ਯੋਗਦਾਨ ਪਾਵੇਗੀ ਅਤੇ ਅਗਲੇ ਦੇਸ਼ ਵਿਆਪੀ ਐਕਸ਼ਨ ਦੀ ਰੂਪ-ਰੇਖਾ ਉਲੀਕਣ ਮੁਲਕ ਦੀਆਂ 250 ਦੇ ਕਰੀਬ ਕਿਸਾਨ ਜਥੇਬੰਦੀਆਂ ਵਲੋਂ 27 ਅਕਤੂਬਰ ਨੂੰ ਦਿੱਲੀ 'ਚ ਕੀਤੀ ਜਾ ਰਹੀ ਮੀਟਿੰਗ ਦੌਰਾਨ ਦਰਸ਼ਕ ਵਜੋਂ ਸ਼ਮੂਲੀਅਤ ਕਰੇਗੀ। ਕਿਸਾਨ ਆਗੂਆਂ ਪ੍ਰਾਈਵੇਟ ਥਰਮਲਾਂ ਨਾਲ ਕੀਤੇ ਸਮਝੌਤੇ ਰੱਦ ਕਰਾਉਣ ਤੇ ਸਰਕਾਰੀ ਥਰਮਲ ਚਲਾਉਣ ਖਾਤਰ ਕੈਪਟਨ ਸਰਕਾਰ ਤੇ ਦਬਾਅ ਪਾਉਣ ਲਈ ਬਣਾਂਵਾਲੀ ਤੇ ਰਾਜਪੁਰਾ ਥਰਮਲਾਂ ਦੀਆਂ ਲਾਈਨਾਂ 'ਤੇ ਦਿੱਤੇ ਧਰਨੇ ਜਾਰੀ ਰੱਖਣ ਦਾ ਐਲਾਨ ਕੀਤਾ।
ਅੱਜ ਦੇ ਰੋਸ ਪ੍ਰਦਰਸ਼ਨਾਂ ਨੂੰ ਹੋਰਨਾਂ ਤੋਂ ਇਲਾਵਾ ਜੋਰਾ ਸਿੰਘ ਨਸਰਾਲੀ,ਅਸ਼ਵਨੀ ਘੁੱਦਾ,ਵਰਿੰਦਰ ਸਿੰਘ ਮੋਮੀ,ਹੁਸ਼ਿਆਰ ਸਿੰਘ ਸਲੇਮਗੜ, ਡਾ.ਮਨਜਿੰਦਰ ਸਰਾਂ, ਪਰਮਜੀਤ ਕੌਰ ਪਿੱਥੋ ਤੇ ਹਰਪ੍ਰੀਤ ਕੌਰ ਜੇਠੂਕੇ ਨੇ ਵੀ ਸੰਬੋਧਨ ਕਰ ਇਸ ਮੌਕੇ ਪੰਜਾਬ ਖੇਤ ਮਜ਼ਦੂਰ ਯੂਨੀਅਨ, ਠੇਕਾ ਮੁਲਾਜ਼ਮਾਂ, ਡੀ.ਟੀ.ਐਫ,ਟੀ.ਐਸ.ਯੂ. ਵਪਾਰ ਮੰਡਲ, ਆੜਤੀਆਂ ਐਸੋਸੀਏਸ਼ਨ, ਕਰਿਆਣਾ ਮਰਚੈਂਟਸ ਐਸੋਸੀਏਸ਼ਨ,ਪੀ.ਐਸ. ਯੂ.( ਸਹੀਦ ਰੰਧਾਵਾ)ਨੌਜਵਾਨ ਭਾਰਤ ਸਭਾ, ਜਮਾਤੇ ਇਸਲਾਮੀ,ਸਮੇਤ ਦਰਜਨਾਂ ਜਨਤਕ ਜਥੇਬੰਦੀਆਂ ਤੋਂ ਇਲਾਵਾ ਰੰਗਕਰਮੀਆਂ, ਸਾਹਿਤਕਾਰਾਂ ਤੇ ਕਲਾਕਾਰਾਂ ਵੱਲੋਂ ਸਮੂਲੀਅਤ ਕੀਤੀ ਗਈ।
ਕਲਾਕਾਰਾਂ ਬਣੇ ਸੰਘਰਸ਼ ਦੇ ਹਰਕਾਰੇ:
ਪੰਜਾਬ ਲੋਕ ਸਭਿਆਚਾਰਕ ਮੰਚ ਤੇ ਹੋਰਨਾਂ ਲੋਕ ਪੱਖੀ ਨਾਟ, ਸੰਗੀਤ ਮੰਡਲੀਆਂ ਨੇ ਰਾਜ ਭਰ ਵਿੱਚ ਹੋਏ ਰੋਸ ਪ੍ਰਦਰਸ਼ਨਾਂ ਵਿੱਚ ਨਾਟਕਾਂ, ਗੀਤਾਂ ਤੇ ਐਕਸ਼ਨ ਗੀਤਾਂ ਨਾਲ ਹਾਜ਼ਰੀ ਭਰ ਕੇ ਕਲਾ ਤੇ ਕਿਰਤ ਦੇ ਰਿਸ਼ਤੇ ਨੂੰ ਉਚਿਆਇਆ। ਕਲਾਕਾਰਾਂ ਨੇ ਪ੍ਰਦਰਸਨਾਂ ਵਿੱਚ ਆਪਣੀ ਕਲਾ ਨਾਲ ਹਜਾਰਾਂ ਲੋਕਾਂ ਵਿੱਚ ਨਵਾਂ ਜੋਸ਼ ਭਰਿਆ।