ਅਸ਼ੋਕ ਵਰਮਾ
ਮਾਨਸਾ, 1 ਨਵੰਬਰ 2020 - ਕਿਸਾਨ ਅੰਦੋਲਨ ਵਿੱਚ ਸ਼ਹੀਦ ਹੋਈ ਮਾਤਾ ਤੇਜ ਕੌਰ ਨਾਲ ਸਬੰਧਤ ਮੰਗਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਮੁਆਵਜ਼ੇ ਲਈ ਤਿੱਖੇ ਕੀਤੇ ਜਾ ਰਹੇ ਸੰਘਰਸ਼ ਅੱਗੇ ਝੁਕਦਿਆਂ ਪ੍ਰਸ਼ਾਸਨ ਨੇ ਮਾਤਾ ਦੇ ਪ੍ਰੀਵਾਰ ਨੂੰ ਤਿੰਨ ਲੱਖ ਰੁਪਏ ਦਾ ਚੈਕ ਅਤੇ ਦੋ ਲੱਖ ਨਕਦ ਸੌਂਪ ਦਿੱਤਾ ਹੈ। ਬਾਕੀ ਪੰਜ ਲੱਖ ਦਾ ਚੈਕ ਸ਼ਰਧਾਂਜਲੀ ਸਮਾਗਮ ਮੌਕੇ ਦਿੱਤਾ ਜਾਏਗਾ ਅਤੇ ਪ੍ਰਸ਼ਾਸਨ ਵੱਲੋਂ ਕਰਜ਼ਾ ਮੁਆਫੀ, ਇੱਕ ਜੀਅ ਨੂੰ ਸਰਕਾਰੀ ਨੌਕਰੀ ਦੇਣ ਦੀ ਸਿਫਾਰਿਸ਼ ਕੀਤੀ ਜਾਵੇਗੀ। ਕਿਸਾਨ ਲੰਘੀ 13 ਅਕਤੂਬਰ ਤੋਂ ਡਿਪਟੀ ਕਮਿਸ਼ਨਰ ਮਾਨਸਾ ਦੇ ਦਫਤਰ ਦੇ ਮੇਨ ਗੇਟ ਦਾ ਘਿਰਾਓ ਕਰੀ ਬੈਠੇ ਸਨ । ਪ੍ਰਸ਼ਾਸ਼ਨ ਨਾਲ ਅੱਜ ਸਮਝੌਤਾ ਹੋ ਜਾਣ ਕਾਰਨ ਕਿਸਾਨਾਂ ਦਾ ਸੰਘਰਸ਼ ਜੇਤੂ ਹੋ ਨਿਬੜਿਆ ਹੈ।
ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਕੱਲ ਰਾਤ ਐਸ.ਐਸ.ਪੀ. ਮਾਨਸਾ ਨਾਲ ਮੀਟਿੰਗ ਹੋਈ ਸੀ ਜਿਸ ਵਿੱਚ ਉਹਨਾਂ ਤੋਂ ਇਲਾਵਾ ਇੰਦਰਜੀਤ ਸਿੰਘ ਝੱਬਰ, ਮਹਿੰਦਰ ਸਿੰਘ ਰੋਮਾਣਾ, ਮਾਤਾ ਤੇਜ ਕੌਰ ਦੇ ਬੇਟੇ ਬਾਬੂ ਸਿੰਘ ਅਤੇ ਮਿੱਠੂ ਸਿੰਘ ਸ਼ਾਮਲ ਸਨ ਜਦੋਂਕਿ ਪੁਲਿਸ ਵੱਲੋਂ ਡੀ.ਐਸ.ਪੀ. ਗੁਰਮੀਤ ਸਿੰਘ ਨੇ ਸ਼ਮੂਲੀਅਤ ਕੀਤੀ ਸੀ। ਇਸ ਮੌਕੇ ਵਿੱਚ ਤੈਅ ਕੀਤਾ ਗਿਆ ਕਿ ਪਰਿਵਾਰ ਨੂੰ 10 ਲੱਖ ਰੁਪਇਆ ਮੁਆਵਜ਼ਾ ਦਿੱਤਾ ਜਾਵੇਗਾ ਜਿਸ ਚੋਂ 5 ਲੱਖ ਰੁਪਏ ਤੁਰੰਤ ਅਤੇ 5 ਲੱਖ ਨਕਦ ਰਾਸ਼ੀ ਦੇ ਰੂਪ ਵਿੱਚ ਭੋਗ ਸਮਾਗਮ ਤੇ ਦਿੱਤੇ ਜਾਣਗੇ । ਅੱਜ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਅੱਗੇ ਲੱਗੇ ਧਰਨੇ ਦੌਰਾਨ ਡੀ.ਐਸ.ਪੀ. ਗੁਰਮੀਤ ਸਿੰਘ ਅਤੇ ਨਾਇਬ ਤਹਿਸੀਲਦਾਰ ਬਲਵਿੰਦਰ ਸਿੰਘ ਨੇ ਮਾਤਾ ਦੇ ਬੇਟੇ ਮਿੱਠੂ ਸਿੰਘ ਨੂੰ ਇਕੱਠ ਵਿੱਚ 3 ਲੱਖ ਰੁਪਏ ਦਾ ਚੈੱਕ ਅਤੇ ਦੋ ਲੱਖ ਰੁਪਏ ਨਕਦ ਸੌਂਪ ਦਿੱਤੇ ਗਏ ਹਨ।
ਉਹਨਾਂ ਦੱਸਿਆ ਕਿ ਕਰਜਾ ਮੁਆਫੀ ਅਤੇ ਨੌਕਰੀ ਦੀ ਕੀਤੀ ਗਈ ਸਿਫਾਰਸ਼ ਦੀ ਲਿਖਤੀ ਕਾਪੀ ਦੇ ਦਿੱਤੀ ਗਈ। ਜਿਕਰਯੋਗ ਹੈ ਕਿ ਮਾਤਾ ਤੇਜ ਕੌਰ 9 ਅਕਤੂਬਰ ਨੂੰ ਬੁਢਲਾਡਾ ਰੇਲਵੇ ਸਟੇਸ਼ਨ ਤੇ ਧਰਨੇ ਦੌਰਾਨ ਪੈਰ ਤਿਲਕਣ ਕਾਰਨ ਰੇਲਵੇ ਲਾਇਨ ਤੇ ਡਿੱਗ ਪਈ ਸੀ ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ । ਮਾਤਾ ਦੀ ਦੇਹ ਉਸੇ ਦਿਨ ਤੋਂ ਬੁਢਲਾਡਾ ਦੇ ਸਰਕਾਰੀ ਹਸਪਤਾਲ ਵਿੱਚ ਰੱਖੀ ਹੋਈ ਹੈ। ਉਹਨਾਂ ਦੱਸਿਆ ਕਿ ਮੰਗਾਂ ਨੂੰ ਲੈ ਕੇ 13 ਅਕਤੂਬਰ ਤੋਂ ਡੀ.ਸੀ. ਦਫਤਰ ਦਾ ਘਿਰਾਓ ਅਤੇ ਰਿਹਾਇਸ਼ ਅੱਗੇ ਧਰਨਾ ਦਿੱਤਾ ਜਾ ਰਿਹਾ ਸੀ ਜੋ ਅੱਜ ਸਮਝੌਤੇ ਤੋਂ ਬਾਅਦ ਖਤਮ ਕਰ ਦਿੱਤਾ ਗਿਆ। ਇਸ ਮੌਕੇ ਮਹਿੰਦਰ ਸਿੰਘ ਰੋਮਾਣਾ, ਇੰਦਰਜੀਤ ਸਿੰਘ ਝੱਬਰ, ਜਗਦੇਵ ਸਿੰਘ ਭੈਣੀ ਬਾਘਾ, ਬੱਲਮ ਸਿੰਘ ਫਫੜੇ, ਜਗਸੀਰ ਸਿੰਘ ਕਾਲਾ ਜਵਾਹਰਕੇ ਨੇ ਸੰਬੋਧਨ ਕੀਤਾ।