ਅਸ਼ੋਕ ਵਰਮਾ
ਬਠਿੰਡਾ, 22 ਨਵੰਬਰ 2020 - ਕਿਸਾਨ ਔਰਤਾਂ ਨੇ ਹੁਣ ਦਿੱਲੀ ਚੱਲੋ ਮੋਰਚੇ ਲਈ ਲਾਮਬੰਦ ਕਰਨ ਵਾਸਤੇ ਮੋਰਚਾ ਸੰਭਾਲ ਲਿਆ ਹੈ। ਪਿੰਡਾਂ ’ਚ ਕਿਸਾਨ ਪਰਿਵਾਰਾਂ ਦੀਆਂ ਔਰਤਾਂ ਦਿਨ ਚੜ੍ਹਦਿਆਂ ਹੀ ਆਪਣੀ ਮੁਹਿੰਮ ਸ਼ੁਰੂ ਕਰਦੀਆਂ ਹਨ ਅਤੇ ਦੇਰ ਸ਼ਾਮ ਤੱਕ ਸਿਲਸਿਲਾ ਜਾਰੀ ਰਹਿੰਦਾ ਹੈ। ਖੇਤੀ ਕਾਨੂੰਨਾਂ,ਬਿਜਲੀ ਸੋਧ ਬਿੱਲ 2020ਅਤੇ ਪ੍ਰਦਰਸ਼ਨ ਰੋਕਣ ਦੇ ਨਾਂਅ ਹੇਠ ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਇੱਕ ਕਰੋੜ ਰੁਪਏ ਜੁਰਮਾਨਾ ਕਰਨ ਵਾਲਾ ਆਰਡੀਨੈਂਸ ਰੱਦ ਕਰਾਉਣ ਵਰਗੀਆਂ ਮੰਗਾਂ ਨੂੰ ਲੈਕੇ ਇਹਨਾਂ ਔਰਤਾਂ ਨੇ ਚੌਂਕੇ ਚੁੱਲ੍ਹੇ ਛੱਡ ਦਿੱਤੇ ਹਨ। ਕਿਸਾਨ ਜੱਥੇਬੰਦੀਆਂ ਵੱਲੋਂ 26,27 ਨਵੰਬਰ ਨੂੰ ਦਿੱਲੀ ’ਚ ਵੱਡਾ ਰੋਸ ਪ੍ਰੋਗਰਾਮ ਸ਼ੁਰੂ ਕੀਤਾ ਜਾਣਾ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੱਦੇ ‘ਤੇ ਹੁਣ ਤੱਕ ਵੱਡੀ ਗਿਣਤੀ ਪਿੰਡਾਂ ’ਚ ਰੋਸ ਮਾਰਚ ਕੀਤਾ ਜਾ ਚੁੱਕੇ ਹਨ ਜਦੋਂਕਿ ਬਾਕੀਆਂ ’ਚ ਵਾਰੋ ਵਾਰੀ ਕਰਨ ਦੀ ਤਿਆਰੀ ਹੈ।
ਅੱਜ ਲੰਬੀ ਹਲਕੇ ਦੇ ਪਿੰਡਾਂ ਮਿਠੜੀ ਬੁੱਧਗਿਰ ਤੇ ਗੱਗੜ ਵਿਖੇ ਕਿਸਾਨ ਔਰਤਾਂ ਨੇ ਐਲਾਨ ਕੀਤਾ ਕਿ ਉਹ ਮੋਦੀ ਹਕੂਮਤ ਵੱਲੋਂ ਕਿਸਾਨਾਂ ਨੂੰ ਖੇਤੀ ਚੋਂ ਉਜਾੜ ਕੇ ਖੇਤੀ ਖੇਤਰ ਉਤੇ ਕਾਰਪੋਰੇਟ ਘਰਾਣਿਆਂ ਦਾ ਕਬਜਾ ਕਰਾਉਣ ਵਾਲੇ ਫੈਸਲਿਆਂ ਨੂੰ ਰੋਕਣ ਲਈ ਮਰਦਾਂ ਦੇ ਬਰਾਬਰ ਮੋਰਚੇ ਚ ਡਟਣਗੀਆਂ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਇਕਾਈ ਮਿਠੜੀ ਬੁੱਧਗਿਰ ਦੇ ਔਰਤ ਵਿੰਗ ਦੀ ਪ੍ਰਧਾਨ ਗੁਰਮੀਤ ਕੌਰ, ਸਕੱਤਰ ਮਲਕੀਤ ਕੌਰ ਤੇ ਮੀਤ ਪ੍ਰਧਾਨ ਗੁਰਵਿੰਦਰ ਕੌਰ ਨੇ ਆਖਿਆ ਕਿ ਸਰਕਾਰਾਂ ਦੀਆਂ ਗਲਤ ਨੀਤੀਆਂ ਸਦਕਾ ਕਰਜੇ ਤੇ ਗਰੀਬੀ ਕਾਰਨ ਕਿਸਾਨ ਤੇ ਖੇਤ ਮਜਦੂਰ ਆਏ ਦਿਨ ਖੁਦਕੁਸ਼ੀਆਂ ਕਰ ਰਹੇ ਹਨ ਪਰ ਮੋਦੀ ਸਰਕਾਰ ਉਹਨਾਂ ਦੀ ਬਾਂਹ ਫੜਨ ਦੀ ਬਜਾਏ ਕਿਸਾਨੀ ਕਿੱਤੇ ਨੂੰ ਹੀ ਉਜਾੜਨ ਤੇ ਉੱਤਰ ਆਈ ਹੈ। ਉਹਨਾਂ ਆਖਿਆ ਕਿ ਸਮੂਹ ਪੰਜਾਬੀ ਮਿਲ ਕੇ ਕੇਂਦਰ ਖਿਲਾਫ ਹੱਲਾ ਬੋਲਣ ਤਾਂ ਜੋ ਇਹ ਕਾਲੇ ਕਾਨੂੰਨ ਰੱਦ ਕਰਵਾਏ ਜਾ ਸਕਣ।
ਪਿੰਡ ਗੱਗੜ ’ਚ ਮੁਜਾਹਰੇ ਦੌਰਾਨ ਜੁੜੀਆਂ ਔਰਤਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜਸਪਾਲ ਕੌਰ, ਪਰਮਜੀਤ ਕੌਰ, ਬਲਵੀਰ ਕੌਰ ਤੇ ਨਸੀਬ ਕੌਰ ਨੇ ਕਿਹਾ ਕਿ ਮੋਦੀ ਹਕੂਮਤ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਦੀ ਬਦੌਲਤ ਕਿਸਾਨਾਂ ਦੀ ਆਰਥਿਕ ਤਬਾਹੀ ਤੋਂ ਇਲਾਵਾ ਡਿੱਪੂਆਂ ਰਾਹੀਂ ਮਿਲਣ ਵਾਲੇ ਸਸਤੇ ਅਨਾਜ ਦਾ ਭੋਗ ਪੈ ਜਾਵੇਗਾ, ਜਿਸਦਾ ਸਭ ਤੋਂ ਜਿਆਦਾ ਨੁਕਸਾਨ ਪੇਂਡੂ ਤੇ ਸ਼ਹਿਰੀ ਗਰੀਬਾਂ ਸਮੇਤ ਅਨਾਜ ਮੁੱਲ ਲੈਕੇ ਖਾਣ ਵਾਲੇ ਲੋਕਾਂ ਨੂੰ ਹੋਵੇਗਾ। ਉਹਨਾਂ ਐਲਾਨ ਕੀਤਾ ਕਿ ਇਹਨਾਂ ਕਾਲੇ ਕਾਨੂੰਨਾਂ ਦੀ ਵਾਪਸੀ ਲਈ ਉਹਨਾਂ ਨੇ ਆਪਣੇ ਬੱਚਿਆਂ ਸਮੇਤ ਦਿੱਲੀ ਮੋਰਚੇ ‘ਚ ਸ਼ਮੂਲੀਅਤ ਦਾ ਫੈਸਲਾ ਲਿਆ ਹੈ। ਇਸ ਮੌਕੇ ਬੀਕੇਯੂ ਏਕਤਾ ਉਗਰਾਹਾਂ ਬਲਾਕ ਲੰਬੀ ਦੇ ਸਕੱਤਰ ਮਲਕੀਤ ਸਿੰਘ ਗੱਗੜ, ਦਲਜੀਤ ਸਿੰਘ ਮਿਠੜੀ ਬੁੱਧਗਿਰ ਤੋਂ ਇਲਾਵਾ ਪੰਜਾਬ ਖੇਤ ਮਜਦੂਰ ਯੂਨੀਅਨ ਦੀ ਆਗੂ ਕਿਰਸ਼ਨਾ ਦੇਵੀ ਤੇ ਰਾਮਪਾਲ ਸਿੰਘ ਗੱਗੜ ਨੇ ਸੰਬੋਧਨ ਕਰਦਿਆਂ ਸਮੂਹ ਪੰਜਾਬੀਆਂ ਨੂੰ ਦਿੱਲੀ ਮੋਰਚੇ ’ਚ ਸ਼ਾਮਲ ਹੋਣ ਦਾ ਸੱਦਾ ਦਿੱਤਾ।