ਫਿਰੋਜ਼ਪੁਰ, 8 ਅਕਤੂਬਰ 2020 - ਪੰਜਾਬ ਦੀਆਂ 30 ਦੇ ਕਰੀਬ ਕਿਸਾਨ ਜਥੇਬੰਦੀਆਂ ਵੱਲੋਂ ਰੇਲ ਰੋਕੋ ਅੰਦੋਲਨ ਅੱਜ ਅੱਠਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ। ਫ਼ਿਰੋਜ਼ਪੁਰ ਛਾਉਣੀ ਰੇਲਵੇ ਸਟੇਸ਼ਨ ਉੱਪਰ ਚੱਲ ਰਿਹਾ ਧਰਨਾ ਅੱਜ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਅਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਅਗਵਾਈ ਵਿੱਚ ਚੱਲਿਆ । ਇਸ ਮੌਕੇ ਵੱਡੀ ਗਿਣਤੀ ਚ ਇਕੱਠੇ ਹੋਏ ਕਿਸਾਨਾਂ ਨੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਕੱਲ੍ਹ ਸ਼ੁੱਕਰਵਾਰ ਨੂੰ ਦੋ ਘੰਟੇ ਨੈਸ਼ਨਲ ਹਾਈਵੇ ਜਾਮ ਕਰਨ ਦੇ ਦਿੱਤੇ ਸੱਦੇ ਨੂੰ ਪ੍ਰਵਾਨ ਕੀਤਾ ਗਿਆ। ਅੱਜ ਦੇ ਪ੍ਰੋਗਰਾਮ ਵਿੱਚ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ, ਟੈਕਨੀਕਲ ਸਰਵਿਸ ਯੂਨੀਅਨ, ਰਿਟਾਇਰੀ ਯੂਨੀਅਨ ਅਤੇ ਕ੍ਰਾਂਤੀਕਾਰੀ ਮਜ਼ਦੂਰ ਯੂਨੀਅਨ ਨੇ ਵੀ ਭਰਵੀਂ ਸ਼ਿਰਕਤ ਕੀਤੀ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਾ ਹੋਇਆ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਪ੍ਰੈਸ ਸਕੱਤਰ ਅਵਤਾਰ ਸਿੰਘ ਮਹਿਮਾ ਨੇ ਦੱਸਿਆ ਕਿ ਹਰਿਆਣਾ ਵਿੱਚ ਉਪ ਮੁੱਖਮੰਤਰੀ ਦੁਸ਼ਿਯਤ ਚੌਟਾਲਾ ਦਾ ਘਰ ਘੇਰਨ ਜਾ ਰਹੇ ਕਿਸਾਨਾਂ ਉੱਪਰ ਕੀਤੇ ਗਏ ਲਾਠੀਚਾਰਜ ਦੇ ਰੋਸ ਵਜੋਂ ਪੰਜਾਬ ਦੀਆਂ ਤੀਹ ਕਿਸਾਨ ਜਥੇਬੰਦੀਆਂ ਵੱਲੋਂ ਕੱਲ੍ਹ ਦੋ ਘੰਟੇ ਲਈ ਰੋਡ ਜਾਮ ਕੀਤੇ ਜਾਣਗੇ। ਇਸ ਸਬੰਧੀ ਫਿਰੋਜ਼ਪੁਰ ਵਿਖੇ ਸੱਤ ਨੰਬਰ ਚੁੰਗੀ ਉੱਪਰ ਦੋ ਘੰਟੇ ਲਈ ਠੀਕ ਬਾਰਾਂ ਵਜੇ ਤੋਂ ਦੋ ਵਜੇ ਤੱਕ ਰੋਡ ਜਾਮ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਅੰਬਾਂਨੀ ਅਤੇ ਅਡਾਨੀ ਦੇ ਪੋਡਕਟਾਂ ਅਤੇ ਭਾਜਪਾ ਆਗੂਆਂ ਦੇ ਘਰਾਂ ਦੇ ਘਿਰਾਓ ਤੋਂ ਇਲਾਵਾ ਰੇਲ ਰੋਕੋ ਅੰਦੋਲਨ ਜਾਰੀ ਰੱਖਿਆ ਜਾਵੇਗਾ। 15 ਅਕਤੂਬਰ ਨੂੰ ਮੀਟਿੰਗ ਕਰ ਕੇ ਅਗਲਾ ਐਲਾਨ ਕੀਤਾ ਜਾਵੇਗਾ।
ਇਸ ਮੌਕੇ ਮਨਜੀਤ ਸਿੰਘ ਧਨੇਰ,ਕਾਮਰੇਡ ਸੁਰਜੀਤ ਸਿੰਘ, ਪ੍ਰੀਤਮ ਸਿੰਘ ਪਿੰਡੀ, ਰਾਕੇਸ਼ ਕੁਮਾਰ, ਦੇਸ ਰਾਜ ਬਾਜੇਕੇ, ਗੁਰਜੰਟ ਸਿੰਘ ਸਾਂਦੇ ਹਾਸ਼ਮ, ਜੈਲ ਸਿੰਘ ਚੱਪਾ ਡਿੱਕੀ, ਜਗੀਰ ਸਿੰਘ ਖਹਿਰਾ, ਸਤਨਾਮ ਚੰਦ ਬਾਜੇ ਕੇ, ਦਿਲਬਾਗ ਸਕੂਰ, ਗੁਲਜ਼ਾਰ ਸਿੰਘ ਕਬਰ ਵੱਛਾ, ਗੁਰਸੇਵਕ ਸਿੰਘ ਖਵਾਜਾ ਖੜਕ, ਹਰਪ੍ਰੀਤ ਸਿੰਘ ਮੋਹਰੇ ਵਾਲਾ, ਅਵਤਾਰ ਸਿੰਘ ਮਹਿਮਾ, ਹਰਨੇਕ ਸਿੰਘ ਮਹਿਮਾ, ਦਰਸ਼ਨ ਸਿੰਘ ਕੜਮਾ, ਸੁਰਜੀਤ ਕੁਮਾਰ ਬਜੀਦਪੁਰ,ਗੁਰਵਿੰਦਰ ਗੁੱਦੜ ਢੰਡੀ, ਜਸਵਿੰਦਰ ਸਿੰਘ ਸਾਈੰਆਂ ਵਾਲ਼ਾ ਆਦਿ ਨੇ ਸੰਬੋਧਨ ਕੀਤਾ।