ਰਾਜਵੰਤ ਸਿੰਘ
- ਔਰਤਾਂ ਨੇ ਪਾਏ ਵੈਣ ਤਾਂ ਕਿਸਾਨਾਂ ਨੇ ਕੀਤੀ ਜ਼ੋਰਦਾਰ ਨਾਅਰੇਬਾਜ਼ੀ
ਸ੍ਰੀ ਮੁਕਤਸਰ ਸਾਹਿਬ, 25 ਅਕਤੂਬਰ 2020 - ਦੁਸਹਿਰੇ ਮੌਕੇ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਭਾਵੇ ਰਾਵਣ ਦਾ ਪੁਤਲਾ ਨਹੀਂ ਫੂਕਿਆ ਗਿਆ, ਪਰ ਕਿਸਾਨ ਅੰਦੋਲਨ ਦੇ ਚੱਲਦੇ ਕਿਸਾਨ ਸੰਗਠਨਾਂ ਵੱਲੋਂ ਵੱਖ - ਵੱਖ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਸਥਾਨਕ ਕੋਟਕਪੂਰਾ ਚੌਂਕ ਵਿਖੇ ਪ੍ਰਧਾਨ ਮੰਤਰੀ ਦਾ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਵੱਡੀ ਗਿਣਤੀ ’ਚ ਔਰਤਾਂ ਅਤੇ ਬੱਚਿਆਂ ਨੇ ਸ਼ਮੂਲੀਅਤ ਕੀਤੀ ਗਈ। ਖੇਤ ਮਜਦੂਰ ਜਥੇਬੰਦੀਆਂ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਹੋਰ ਜਥੇਬੰਦੀਆਂ ਵੱਲੋਂ ਮਲੋਟ ਰੋਡ ’ਤੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ।
ਕਿਸਾਨ ਜਥੇਂਬੰਦੀਆਂ ਜੋ ਲਗਾਤਾਰ ਰੇਲਵੇ ਪਲੇਟਫਾਰਮ ਤੇ ਸੰਘਰਸ਼ ਕਰ ਰਹੀਆਂ ਹਨ ਨੇ ਪਹਿਲਾ ਕੋਟਕਪੂਰਾ ਚੌਂਕ ਵਿਚ ਚੱਕਾ ਜਾਮ ਕਰਕੇ ਪਿੱਟ ਸਿਆਪਾ ਕੀਤਾ। ਇਸ ਦੌਰਾਨ ਰੋਡ ਜਾਮ ਕਰਕੇ ਔਰਤਾਂ ਨੇ ਚੌਂਕ ਵਿਚਕਾਰ ਪੁਤਲਾ ਰੱਖ ਕੇ ਵੈਣ ਪਾਏ। ਵੱਖ-ਵੱਖ ਬੁਲਾਰਿਆਂ ਨੇ ਇਸ ਮੌਕੇ ਸੰਬੋਧਨ ਕਰਦਿਆ ਕਿਹਾ ਕਿ ਖੇਤੀ ਕਾਨੂੰਨਾਂ ਦੇ ਨਾਮ ਹੇਠ ਪਾਸ ਕੀਤੇ ਗਏ ਕਾਲੇ ਕਾਨੂੰਨਾਂ ਨੂੰ ਜਦ ਤੱਕ ਕੇਂਦਰ ਸਰਕਾਰ ਰੱਦ ਨਹੀਂ ਕਰਦੀ ਸੰਘਰਸ਼ ਇਸੇ ਤਰਾਂ ਜਾਰੀ ਰਹੇਗਾ। ਇਸ ਦੌਰਾਨ ਉਹਨਾਂ ਕਿਹਾ ਕਿ ਭਾਜਪਾ ਦੇ ਆਗੂਆਂ ਨੂੰ ਪਿੰਡਾਂ, ਸ਼ਹਿਰਾਂ ਵਿਚ ਵੜਣ ਨਹੀਂ ਦਿੱਤਾ ਜਾਵੇਗਾ ਅਤੇ ਕਿਸਾਨਾਂ ਵੱਲੋਂ ਉਹਨਾਂ ਦਾ ਸ਼ੁਰੂ ਕੀਤਾ ਗਿਆ ਵਿਰੋਧ ਹਰ ਹਾਲਤ ਵਿਚ ਜਾਰੀ ਰਹੇਗਾ।
ਉਹਨਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਨੂੰ ਵੱਖ-ਵੱਖ ਵਰਗਾਂ ਵੱਲੋਂ ਪੂਰਾ ਸਹਿਯੋਗ ਮਿਲ ਰਿਹਾ ਹੈ। ਉੱਚ ਪੱਧਰ ’ਤੇ ਕਿਸਾਨ ਜਥੇਬੰਦੀਆਂ ਜੋਂ ਵੀ ਫੈਸਲਾ ਲੈਣਗੀਆਂ ਜਿਲੇ ਵਿਚ ਸੰਘਰਸ਼ ਉਸੇ ਰੂਪ ਵਿਚ ਅੱਗੇ ਚਲਦਾ ਰਹੇਗਾ। ਇਸ ਮੌਕੇ ਸੁਖਦੇਵ ਸਿੰਘ ਬੂੜਾਗੁੱਜਰ, ਸੁਮੰਦ ਸਿੰਘ, ਕਰਨ ਸਿੰਘ ਭੁੱਟੀਵਾਲਾ, ਜਗਦੇਵ ਸਿੰਘ, ਬੋਹੜ ਸਿੰਘ, ਹਰਮਨਦੀਪ ਸਿੰਘ, ਰਣਦੀਪ ਸਿੰਘ, ਗੁਰਵੀਰ ਸਿੰਘ ਕਾਕੂ, ਹਰਜੀਤ ਸਿੰਘ, ਆਂਗਣਵਾੜੀ ਯੂਨੀਅਨ ਦੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ, ਸ਼ਿੰਦਰਪਾਲ ਕੌਰ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਕਿਸਾਨ ਅਤੇ ਹੋਰ ਜਥੇਬੰਦੀਆਂ ਦੇ ਵਰਕਰ ਹਾਜ਼ਰ ਸਨ।